SA ''ਚ ਢਹਿ ਗਿਆ ਮੰਦਰ ! 2 ਦੀ ਹੋਈ ਮੌਤ, ਮਲਬੇ ''ਚ ਫਸੇ ਕਈ ਹਾਲੇ ਵੀ ਲੜ ਰਹੇ ਜ਼ਿੰਦਗੀ-ਮੌਤ ਦੀ ਲੜਾਈ
Saturday, Dec 13, 2025 - 12:53 PM (IST)
ਇੰਟਰਨੈਸ਼ਨਲ ਡੈਸਕ : ਦੱਖਣੀ ਅਫਰੀਕਾ 'ਚ ਉੱਤਰੀ ਡਰਬਨ 'ਚ ਸਥਿਤ ਕਸਬੇ ਰੈਡਕਲਿੱਫ 'ਚ ਸ਼ੁੱਕਰਵਾਰ ਦੁਪਹਿਰ ਇਕ ਚਾਰ ਮੰਜ਼ਿਲਾ ਮੰਦਰ ਦੇ ਢਹਿ ਜਾਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕੁਝ ਹਾਲੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ। ਮਲਬੇ 'ਚ ਦੱਬੇ ਲੋਕਾਂ ਬਾਹਰ ਕੱਢ ਰਹੇ ਬਚਾਅ ਕਰਮਚਾਰੀਆਂ ਨੂੰ ਹਾਲਾਤ ਜ਼ਿਆਦਾ ਖਰਾਬ ਹੋਣ ਕਾਰਨ ਸ਼ੁੱਕਰਵਾਰ ਅੱਧੀ ਰਾਤ ਨੂੰ ਕੰਮ ਵਿਚਾਲੇ ਹੀ ਰੋਕਣਾ ਪਿਆ।
ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇਮਾਰਤ 'ਤੇ ਕੰਕਰੀਟ ਪਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਇਮਾਰਤ ਦੇ ਢਹਿ ਜਾਣ ਕਾਰਨ ਇਕ ਮਜ਼ਦੂਰ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਕਈ ਲੋਕ ਮਲਬੇ ਦੇ ਹੇਠਾਂ ਦਬ ਗਏ। ਇਸ ਘਟਨਾ ਦੀ ਖਬਰ ਸੁਣਦੇ ਹੀ ਆਪਣੇ ਪਰਿਵਾਰ ਨਾਲ ਮੰਦਰ 'ਚ ਆਏ 54 ਸਾਲ ਦੇ ਇਕ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਈਥੇਕਵਿਨੀ (ਪਹਿਲਾਂ ਡਰਬਨ) ਨਗਰਪਾਲਿਕਾ ਨੇ ਕਿਹਾ ਕਿ ਮੁੱਢਲੀਆਂ ਰਿਪੋਰਟਾਂ ਨੇ ਪੁਸ਼ਟੀ ਕੀਤੀ ਹੈ ਕਿ ਮੰਦਰ ਦੀ ਉਸਾਰੀ ਗੈਰ-ਕਾਨੂੰਨੀ ਢੰਗ ਨਾਲ ਹੋ ਰਹੀ ਸੀ।
ਅਹੋਬਿਲਮ ਮੰਦਰ ਵਜੋਂ ਜਾਣਿਆ ਜਾਂਦਾ ਇਹ ਮੰਦਰ ਇੱਕ ਗੁਫਾ ਵਾਂਗ ਬਣਾਇਆ ਗਿਆ ਹੈ ਜਿਸ 'ਚ ਭਾਰਤ ਤੋਂ ਮੰਗਵਾਏ ਗਏ ਪੱਥਰ ਲਗਾਏ ਜਾ ਰਹੇ ਸਨ। ਮੰਦਰ ਦਾ ਨਿਰਮਾਣ ਕਰਵਾ ਰਹੇ ਪਰਿਵਾਰ ਨੇ ਦੱਸਿਆ ਕਿ ਮੰਦਰ ਦਾ ਨਿਰਮਾਣ ਕਾਰਜ ਲਗਭਗ ਦੋ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ। ਇਸ ਮੰਦਰ 'ਚ ਭਗਵਾਨ ਨਰਸਿੰਘ ਦੀ ਸਭ ਤੋਂ ਵੱਡੀ ਮੂਰਤੀ ਸਥਾਪਿਤ ਕਰਨ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ।
