ਅਮਰੀਕਾ ਦੇ ਸੈਨ ਫ੍ਰਾਂਸਿਸਕੋ ''ਚ ਕੇਬਲ ਕਾਰ ਅਚਾਨਕ ਰੁਕਣ ਕਾਰਨ 15 ਲੋਕ ਜ਼ਖਮੀ

Tuesday, Dec 16, 2025 - 04:07 PM (IST)

ਅਮਰੀਕਾ ਦੇ ਸੈਨ ਫ੍ਰਾਂਸਿਸਕੋ ''ਚ ਕੇਬਲ ਕਾਰ ਅਚਾਨਕ ਰੁਕਣ ਕਾਰਨ 15 ਲੋਕ ਜ਼ਖਮੀ

ਸੈਨ ਫ੍ਰਾਂਸਿਸਕੋ (ਏ.ਪੀ.) : ਅਮਰੀਕਾ ਦੇ ਸੈਨ ਫ੍ਰਾਂਸਿਸਕੋ ਵਿੱਚ ਸੋਮਵਾਰ ਨੂੰ ਇੱਕ ਕੇਬਲ ਕਾਰ ਦੇ ਅਚਾਨਕ ਰੁਕ ਜਾਣ ਕਾਰਨ ਘੱਟੋ-ਘੱਟ 15 ਲੋਕ ਜ਼ਖਮੀ ਹੋ ਗਏ। ਸੈਨ ਫ੍ਰਾਂਸਿਸਕੋ ਦੇ ਫਾਇਰਫਾਈਟਿੰਗ ਵਿਭਾਗ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੱਸਿਆ ਕਿ ਜ਼ਖਮੀਆਂ ਵਿੱਚੋਂ ਦੋ ਨੂੰ ਜ਼ਿਆਦਾ ਸੱਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਸ ਤੋਂ ਇਲਾਵਾ, 11 ਹੋਰ ਯਾਤਰੀਆਂ ਨੇ "ਮਾਮੂਲੀ ਦਰਦ ਅਤੇ ਖਿਚਾਅ" ਦੀ ਸ਼ਿਕਾਇਤ ਕੀਤੀ, ਜਿਨ੍ਹਾਂ ਨੂੰ ਮੌਕੇ 'ਤੇ ਹੀ ਜ਼ਰੂਰੀ ਇਲਾਜ ਮੁਹੱਈਆ ਕਰਵਾਇਆ ਗਿਆ।

ਕੇਬਲ ਕਾਰ ਦਾ ਸੰਚਾਲਨ ਕਰਨ ਵਾਲੀ ਸੈਨ ਫ੍ਰਾਂਸਿਸਕੋ ਮਿਉਂਸੀਪਲ ਟ੍ਰਾਂਸਪੋਰਟੇਸ਼ਨ ਏਜੰਸੀ (ਐੱਸ.ਐੱਫ.ਐੱਮ.ਟੀ.ਏ.) ਨੇ ਕਿਹਾ ਕਿ ਉਹ ਇਸ ਘਟਨਾ ਦੀ ਸਰਗਰਮੀ ਨਾਲ ਜਾਂਚ ਕਰ ਰਹੀ ਹੈ। ਹਾਲਾਂਕਿ, ਏਜੰਸੀ ਨੇ ਫਿਲਹਾਲ ਕੇਬਲ ਕਾਰ ਦੇ ਅਚਾਨਕ ਰੁਕਣ ਦੇ ਪਿੱਛੇ ਦੀ ਵਜ੍ਹਾ ਸਪੱਸ਼ਟ ਨਹੀਂ ਕੀਤੀ । ਐੱਸ.ਐੱਫ.ਐੱਮ.ਟੀ.ਏ. ਨੇ ਇੱਕ ਬਿਆਨ ਵਿੱਚ ਕਿਹਾ ਕਿ ਕੇਬਲ ਕਾਰ ਰਾਹੀਂ ਸਫ਼ਰ ਕਰਨ ਵਾਲੇ ਸਾਰੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ । ਏਜੰਸੀ ਨੇ ਇਹ ਵੀ ਕਿਹਾ ਕਿ ਅਜਿਹੀਆਂ ਘਟਨਾਵਾਂ ਦੀ ਦੁਹਰਾਓ ਨੂੰ ਰੋਕਣ ਲਈ ਉਹ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨਗੇ ।


author

Baljit Singh

Content Editor

Related News