ਪਾਕਿਸਤਾਨ ਦੀ ਇਕ ਵਾਰ ਫ਼ਿਰ ਹੋਈ ਬੇਇੱਜ਼ਤੀ ! ਇੰਗਲੈਂਡ ''ਚ ਨਕਵੀ ਦੀ ਕਾਰ ਰੋਕ ਕੇ ਕੀਤੀ ਗਈ ਚੈਕਿੰਗ
Tuesday, Dec 09, 2025 - 04:25 PM (IST)
ਇੰਟਰਨੈਸ਼ਨਲ ਡੈਸਕ- ਏਸ਼ੀਆ ਕੱਪ 'ਚ ਭਾਰਤ-ਪਾਕਿ ਟਰਾਫ਼ੀ ਕਾਰਨ ਚਰਚਾ 'ਚ ਰਹੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਮੋਹਸਿਨ ਨਕਵੀ ਨੂੰ ਲੰਡਨ ਦੌਰੇ ਦੌਰਾਨ ਇੱਕ ਅਜੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ, ਜਦੋਂ ਬ੍ਰਿਟਿਸ਼ ਪੁਲਸ ਨੇ ਉਨ੍ਹਾਂ ਦੀ ਗੱਡੀ ਨੂੰ ਰੋਕ ਕੇ ਸਖ਼ਤੀ ਨਾਲ ਤਲਾਸ਼ੀ ਲਈ। ਇਸ ਘਟਨਾ ਨੂੰ ਵਿਦੇਸ਼ੀ ਧਰਤੀ 'ਤੇ ਪਾਕਿਸਤਾਨ ਦੀ "ਵੱਡੀ ਬੇਇੱਜ਼ਤੀ" ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੰਤਰੀ ਨਕਵੀ ਅਧਿਕਾਰੀਆਂ ਨੂੰ ਮਿਲਣ ਲਈ ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਪਹੁੰਚੇ ਸਨ। ਸਾਹਮਣੇ ਆਏ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਕੋਈ ਰੁਟੀਨ ਚੈਕਿੰਗ ਨਹੀਂ ਸੀ, ਸਗੋਂ ਪੁਲਸ ਨੇ ਨਕਵੀ ਦੀ ਕਾਰ ਦੀ ਹਰ ਪਾਸਿਓਂ ਚੈਕਿੰਗ ਕੀਤੀ।
ਇਸ ਘਟਨਾ ਨੇ ਇੱਕ ਵਾਰ ਫਿਰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਾਖ ਕਿਹੋ ਜਿਹੀ ਹੈ ਅਤੇ ਦੁਨੀਆ ਇੱਥੋਂ ਦੇ ਆਮ ਨਾਗਰਿਕਾਂ ਜਾਂ ਵੱਡੇ ਮੰਤਰੀਆਂ 'ਤੇ ਵੀ ਭਰੋਸਾ ਨਹੀਂ ਕਰਦੀ। ਜ਼ਿਕਰਯੋਗ ਹੈ ਕਿ ਮੋਹਸਿਨ ਨਕਵੀ ਫਰਵਰੀ 2024 ਤੋਂ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਵੀ ਹਨ।
