ਯੂਕ੍ਰੇਨ ਦੀ ਓਡੇਸਾ ਬੰਦਰਗਾਹ ’ਤੇ ਰੂਸੀ ਹਮਲਾ; 8 ਦੀ ਮੌਤ, 27 ਜ਼ਖਮੀ
Sunday, Dec 21, 2025 - 04:19 AM (IST)
ਕੀਵ – ਦੱਖਣੀ ਯੂਕ੍ਰੇਨ ਦੇ ਓਡੇਸਾ ’ਚ ਸ਼ੁੱਕਰਵਾਰ ਦੇਰ ਰਾਤ ਨੂੰ ਬੰਦਰਗਾਹ ਦੇ ਬੁਨਿਆਦੀ ਢਾਂਚੇ ’ਤੇ ਰੂਸੀ ਮਿਜ਼ਾਈਲ ਹਮਲੇ ਵਿਚ 8 ਵਿਅਕਤੀ ਮਾਰੇ ਗਏ ਅਤੇ 27 ਜ਼ਖਮੀ ਹੋ ਗਏ। ਇਹ ਜਾਣਕਾਰੀ ਯੂਕ੍ਰੇਨ ਦੀ ਐਮਰਜੈਂਸੀ ਸੇਵਾ ਨੇ ਦਿੱਤੀ।
‘ਟੈਲੀਗ੍ਰਾਮ’ ਦੀ ਪੋਸਟ ਵਿਚ ਦੱਸਿਆ ਗਿਆ ਹੈ ਕਿ ਕੁਝ ਲੋਕ ਬੱਸ ’ਤੇ ਹੋਏ ਹਮਲੇ ਵਿਚ ਜ਼ਖਮੀ ਹੋਏ। ਪਾਰਕਿੰਗ ਵਾਲੇ ਸਥਾਨਾਂ ’ਤੇ ਟਰੱਕਾਂ ਨੂੰ ਅੱਗ ਲੱਗ ਗਈ ਅਤੇ ਹੋਰ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ। ਓਡੇਸਾ ਖੇਤਰ ਦੇ ਮੁਖੀ ਓਲੇਹ ਕਿਪਰ ਨੇ ਦੱਸਿਆ ਕਿ ਬੰਦਰਗਾਹ ’ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ।
ਸ਼ਨੀਵਾਰ ਨੂੰ ਯੂਕ੍ਰੇਨ ਦੇ ਜਨਰਲ ਸਟਾਫ ਨੇ ਬਿਆਨ ਵਿਚ ਕਿਹਾ ਕਿ ਹੋਰ ਥਾਵਾਂ ’ਤੇ ਯੂਕ੍ਰੇਨੀ ਫੌਜ ਨੇ ਡਰੋਨ ਨਾਲ ਇਕ ਰੂਸੀ ਜੰਗੀ ਬੇੜੇ ਤੇ ਹੋਰ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਸ਼ੁੱਕਰਵਾਰ ਰਾਤ ਨੂੰ ਹੋਏ ਹਮਲੇ ਵਿਚ ਰੂਸੀ ਜੰਗੀ ਬੇੜੇ ਓਖੋਤਨਿਕ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਜੰਗੀ ਬੇੜਾ ਤੇਲ ਤੇ ਗੈਸ ਉਤਪਾਦਨ ਪਲੇਟਫਾਰਮ ਦੇ ਨੇੜੇ ਕੈਸਪੀਅਨ ਸਾਗਰ ’ਚ ਗਸ਼ਤ ਕਰ ਰਿਹਾ ਸੀ। ਇਸ ਦੌਰਾਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਕੈਸਪੀਅਨ ਸਾਗਰ ਸਥਿਤ ਫਿਲਾਨੋਵਸਕੀ ਤੇਲ ਤੇ ਗੈਸ ਖੇਤਰ ’ਚ ਇਕ ਡ੍ਰਿਲਿੰਗ ਪਲੇਟਫਾਰਮ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇਸ ਦਾ ਸੰਚਾਲਨ ਰੂਸੀ ਤੇਲ ਕੰਪਨੀ ਲੁਕੋਇਲ ਕਰਦੀ ਹੈ। ਯੂਕ੍ਰੇਨੀ ਡਰੋਨ ਨੇ ਕ੍ਰੀਮੀਆ ਦੇ ਕ੍ਰਾਸਨੋਸਿਲਸਕੇ ਖੇਤਰ ’ਚ ਇਕ ਰਾਡਾਰ ਪ੍ਰਣਾਲੀ ’ਤੇ ਵੀ ਹਮਲਾ ਕੀਤਾ।
