ਜਰਮਨੀ ਦੇ ਵਿਦੇਸ਼ ਮੰਤਰਾਲਾ ਦਾ ਦਾਅਵਾ, ਰੂਸ ਕਰ ਰਿਹੈ ਸਾਡੇ ਡਿਪਲੋਮੈਟਾਂ, ਅਧਿਆਪਕਾਂ ਨੂੰ ਦੇਸ਼ 'ਚੋਂ ਕੱਢਣ ਦੀ ਤਿਆਰੀ
Saturday, May 27, 2023 - 05:32 PM (IST)
ਬਰਲਿਨ (ਭਾਸ਼ਾ) : ਜਰਮਨੀ ਦੇ ਵਿਦੇਸ਼ ਮੰਤਰਾਲਾ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਰੂਸ ਅਗਲੇ ਮਹੀਨੇ ਜਰਮਨੀ ਦੇ ਡਿਪਲੋਮੈਟਾਂ, ਅਧਿਆਪਕਾਂ ਅਤੇ ਜਰਮਨ ਸੱਭਿਆਚਾਰਕ ਸੰਸਥਾਵਾਂ ਦੇ ਕਰਮਚਾਰੀਆਂ ਨੂੰ ਕੱਢਣਾ ਸ਼ੁਰੂ ਕਰ ਦੇਵੇਗਾ। ਇਸ ਕਦਮ ਨਾਲ ਦੋਹਾਂ ਦੇਸ਼ਾਂ ਵਿਚਕਾਰ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਤਣਾਅਪੂਰਨ ਹੋਏ ਸਬੰਧਾਂ 'ਚ ਹੋਰ ਖਟਾਸ ਪੈਦਾ ਹੋ ਸਕਦੀ ਹੈ।
ਜਰਮਨੀ ਦੇ ਵਿਦੇਸ਼ ਮੰਤਰਾਲਾ ਨੇ ਰੂਸ ਦੇ ਇਸ ਕਦਮ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ “ਇਕਪਾਸੜ, ਅਣਉਚਿਤ ਅਤੇ ਸਮਝ ਤੋਂ ਬਾਹਰ ਹੈ”। ਰੋਜ਼ਾਨਾ ਅਖ਼ਬਾਰ Sueddeutsche Zeitung ਦੇ ਅਨੁਸਾਰ ਦੇਸ਼ ਨਿਕਾਲੇ ਨਾਲ ਜਰਮਨੀ ਦੇ ਕਈ ਸੌ ਕਾਮੇ ਪ੍ਰਭਾਵਿਤ ਹੋਣਗੇ, ਜਿਨ੍ਹਾਂ ਵਿਚ ਗੋਏਥੇ ਇੰਸਟੀਚਿਊਟ ਦੇ ਅਧਿਆਪਕ ਅਤੇ ਕਰਮਚਾਰੀ ਸ਼ਾਮਲ ਹਨ। ਗੋਏਥੇ ਇੰਸਟੀਚਿਊਟ ਵਿਦੇਸ਼ ਵਿੱਚ ਜਰਮਨ ਸੱਭਿਆਚਾਰ ਅਤੇ ਭਾਸ਼ਾ ਨੂੰ ਉਤਸ਼ਾਹਿਤ ਕਰਦਾ ਹੈ।