6 ਮਹੀਨੇ ਤੋਂ ਵੱਧ ਸਮੇਂ ਤੱਕ ਦੁੱਧ ਚੁੰਘਾਉਣ ਵਾਲੀ ਮਾਂ ਨੂੰ ਸ਼ੂਗਰ ਦਾ ਖਤਰਾ ਘਟ

01/18/2018 1:07:13 AM

ਲਾਸ ਏਂਜਲਸ - ਜੋ ਮਾਂ ਛੇ ਮਹੀਨੇ ਜਾਂ ਵੱਧ ਸਮੇਂ ਤੱਕ ਦੁੱਧ ਚੁੰਘਾਉਂਦੀ ਹੈ, ਉਸ ਨੂੰ ਟਾਈਪ-2 ਸ਼ੂਗਰ ਹੋਣ ਦਾ ਖਤਰਾ ਘਟ ਕੇ ਲਗਭਗ ਅੱਧਾ ਰਹਿ ਜਾਂਦਾ ਹੈ। ਇਕ ਖੋਜ ਵਿਚ ਇਹ ਪਤਾ ਲੱਗਾ ਹੈ। ਜੇ. ਏ. ਐੱਮ. ਏ. ਇੰਟਰਨਲ ਮੈਡੀਸਨ ਵਿਚ ਪ੍ਰਕਾਸ਼ਿਤ ਖੋਜ ਵਿਚ ਦੱਸਿਆ ਗਿਆ ਹੈ ਕਿ ਮਾਂ ਬਣਨ ਤੋਂ ਬਾਅਦ ਜੋ ਔਰਤਾਂ ਛੇ ਮਹੀਨੇ ਜਾਂ ਵੱਧ ਸਮੇਂ ਤੱਕ ਬੱਚਿਆਂ ਨੂੰ ਦੁੱਧ ਚੁੰਘਾਉਂਦੀਆਂ ਹਨ ਉਨ੍ਹਾਂ ਨੂੰ ਟਾਈਪ-2 ਸ਼ੂਗਰ ਹੋਣ ਦਾ ਖਤਰਾ 47 ਫੀਸਦੀ ਤੱਕ ਘਟ ਜਾਂਦਾ ਹੈ।
 ਅਮਰੀਕਾ ਦੀ ਹੈਲਥਕੇਅਰ ਕੰਪਨੀ ਕੇਅਰ ਪਰਮਾਨੈਂਟ 'ਚ ਸੀਨੀਅਰ ਖੋਜਕਾਰ ਵਿਗਿਆਨੀ ਏਰਿਕਾ ਪੀ. ਗੁੰਡਰਸਨ ਨੇ ਕਿਹਾ ਕਿ ਅਸੀਂ ਦੇਖਿਆ ਕਿ ਦੁੱਧ ਚੁੰਘਾਉਣ ਦੀ ਮਿਆਦ ਅਤੇ ਸ਼ੂਗਰ ਦਾ ਖਤਰਾ ਘੱਟ ਹੋਣ ਵਿਚ ਬਹੁਤ ਡੂੰਘਾ ਸਬੰਧ ਹੈ। ਖੋਜਕਾਰਾਂ ਨੇ ਕੋਰੋਨਰੀ ਆਰਟਰੀ ਰਿਸਕ ਡਿਵੈਲਪਮੈਂਟ ਇਨ ਯੰਗ ਅਡਲਟਸ ਖੋਜ ਦੇ 30 ਸਾਲਾਂ ਦੇ ਫਾਲੋਅਪ ਦੌਰਾਨ ਇਕੱਠੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਖੋਜ ਦੇ ਨਤੀਜਿਆਂ ਤੋਂ ਇਹ ਤੱਥ ਹੋਰ ਮਜ਼ਬੂਤ ਹੋ ਜਾਂਦਾ ਹੈ ਕਿ ਦੁੱਧ ਚੁੰਘਾਉਣਾ ਮਾਂ ਅਤੇ ਬੱਚੇ ਦੋਹਾਂ ਲਈ ਕਾਫੀ ਫਾਇਦੇਮੰਦ ਹੈ।


Related News