ਸੰਦੀਪ ਸਿੰਘ ਧਾਲੀਵਾਲ ਨੂੰ ਸਨਮਾਨਿਤ ਕਰਨ ਲਈ ਅਮਰੀਕੀ ਕਾਂਗਰਸ ''ਚ ਪ੍ਰਸਤਾਵ ਪੇਸ਼

11/01/2019 1:25:14 PM

ਵਾਸ਼ਿੰਗਟਨ— ਭਾਰਤੀ-ਅਮਰੀਕੀ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਨ ਨੂੰ ਸਨਮਾਨਿਤ ਕਰਨ ਲਈ ਇਕ ਸੰਸਦੀ ਪ੍ਰਸਤਾਵ ਅਮਰੀਕੀ ਪ੍ਰਤੀਨਿਧ ਸਭਾ 'ਚ ਪੇਸ਼ ਕੀਤਾ ਗਿਆ। ਟੈਕਸਾਸ 'ਚ ਸਤੰਬਰ ਮਹੀਨੇ 'ਚ ਧਾਲੀਵਾਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਵੇਲੇ ਉਹ ਡਿਊਟੀ 'ਤੇ ਸਨ।

ਪ੍ਰਸਤਾਵ 'ਚ ਧਾਲੀਵਾਲ ਦੀ ਹੱਤਿਆ 'ਤੇ ਦੁੱਖ ਪ੍ਰਗਟਾਇਆ ਗਿਆ ਤੇ ਉਨ੍ਹਾਂ ਨੂੰ ਇਕ ਬਿਹਤਰੀਨ ਤੇ ਨਿਰਸਵਾਰਥ ਨਾਇਕ ਦੱਸਿਆ ਗਿਆ, ਜਿਸ ਨੇ ਅਮਰੀਕੀ ਅਦਰਸ਼ਾਂ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਹੈਰਿਸ ਕਾਊਂਟ ਦੇ ਸ਼ੈਰਿਫ ਦੇ ਤੌਰ 'ਤੇ ਕੰਮ ਕਰਨ ਵਾਲੇ 42 ਸਾਲਾ ਧਾਲੀਵਾਲ ਦੀ 22 ਸਤੰਬਰ ਨੂੰ ਆਵਾਜਾਈ ਵਿਵਸਥਾ ਸੰਭਾਲੇ ਜਾਣ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਟੈਕਸਾਸ ਦੇ ਅਜਿਹੇ ਪਹਿਲੇ ਸਿੱਖ ਸਨ, ਜਿਨ੍ਹਾਂ ਨੂੰ ਪੁਲਸ ਅਧਿਕਾਰੀ ਰਹਿੰਦੇ ਹੋਏ ਆਪਣੇ ਧਰਮ ਦਾ ਪਾਲਣ ਕਰਨ ਦੀ ਆਗਿਆ ਮਿਲੀ ਸੀ। ਉਹ ਪਗੜੀ ਪਹਿਨਦੇ ਸਨ ਤੇ ਦਾੜ੍ਹੀ ਵੀ ਰੱਖਦੇ ਸਨ।

ਪ੍ਰਸਤਾਵ ਕਾਂਗਰਸ ਦੀ ਸੰਸਦ ਮੈਂਬਰ ਲਿਜੇ ਫਲੇਅਰ ਨੇ ਵੀਰਵਾਰ ਨੂੰ ਪੇਸ਼ ਕੀਤਾ। ਇਸ 'ਚ ਕਿਹਾ ਗਿਆ ਕਿ ਧਾਲੀਵਾਲ ਨੇ ਸਿੱਖ ਧਰਮ ਦੀ ਆਪਣੀਆਂ ਰਸਮਾਂ ਨੂੰ ਬਰਕਰਾਰ ਰੱਖਦੇ ਹੋਏ ਸੇਵਾਵਾਂ ਨਿਭਾਈਆਂ। ਉਹ ਦਸਤਾਰ, ਕੜਾ ਤੇ ਕੇਸ ਰੱਖਦੇ ਸਨ, ਜੋ ਕਦੇ ਵੀ ਰੁਕਾਵਟ ਨਹੀਂ ਬਣੇ। ਇਨ੍ਹਾਂ ਦਾ ਧਾਰਮਿਕ ਤੇ ਨੈਤਿਕ ਮਹੱਤਵ ਹੈ। ਕਾਂਗਰਸ ਦੇ 15 ਹੋਰ ਮੈਂਬਰਾਂ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ। ਪ੍ਰਸਤਾਵ 'ਚ ਧਾਲੀਵਾਲ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਪ੍ਰਤੀ ਸੰਵੇਦਨਾਂ ਵੀ ਵਿਅਕਤ ਕੀਤੀ ਗਈ।


Baljit Singh

Content Editor

Related News