ਥਾਈਲੈਂਡ ਦੀ ਗੁਫਾ ''ਚੋਂ ਬਚਾਏ ਗਏ ਬੱਚੇ ਘਰਾਂ ''ਚ ਸੁੱਤੇ ਚੈਨ ਦੀ ਨੀਂਦ

Thursday, Jul 19, 2018 - 02:51 PM (IST)

ਥਾਈਲੈਂਡ ਦੀ ਗੁਫਾ ''ਚੋਂ ਬਚਾਏ ਗਏ ਬੱਚੇ ਘਰਾਂ ''ਚ ਸੁੱਤੇ ਚੈਨ ਦੀ ਨੀਂਦ

ਚਿਆਂਗ ਰਾਏ,(ਭਾਸ਼ਾ)— ਥਾਈਲੈਂਡ ਦੀ ਗੁਫਾ 'ਚੋਂ ਬਚਾਏ ਗਏ ਬੱਚਿਆਂ ਨੂੰ ਬੁੱਧਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਅੱਜ ਸਵੇਰੇ ਕਈ ਹਫਤਿਆਂ ਬਾਅਦ ਉਹ ਆਪਣੇ ਘਰਾਂ 'ਚ ਪਹਿਲੀ ਵਾਰ ਨੀਂਦ ਤੋਂ ਜਾਗੇ। ਇਨ੍ਹਾਂ 'ਚੋਂ ਕਈ ਬੱਚਿਆਂ ਨੇ ਤੜਕੇ ਧਾਰਮਿਕ ਪੂਜਾ 'ਚ ਹਿੱਸਾ ਲਿਆ। 11 ਤੋਂ 16 ਸਾਲ ਦੀ ਉਮਰ ਦੇ ਬੱਚੇ ਅਤੇ ਉਨ੍ਹਾਂ ਦੇ ਕੋਚ ਨੂੰ ਬੁੱਧਵਾਰ ਨੂੰ ਉੱਤਰੀ ਚਿਆਂਗ ਰਾਏ ਸੂਬੇ ਦੇ ਇਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਇਸ ਦੇ ਬਾਅਦ ਉਹ ਸਾਰੇ ਆਪੋ-ਆਪਣੇ ਘਰਾਂ 'ਚ ਜਾ ਕੇ ਸੌਂ ਗਏ। ਇਨ੍ਹਾਂ ਬੱਚਿਆਂ ਨੂੰ ਰਾਸ਼ਟਰੀ ਟੀ.ਵੀ. ਦੇ ਇਕ ਪ੍ਰੋਗਰਾਮ 'ਚ ਵੀ ਦਿਖਾਇਆ ਗਿਆ ਜਿਸ 'ਚ ਉਹ ਹੱਸਦੇ ਅਤੇ ਖੁਸ਼ ਹੁੰਦੇ ਨਜ਼ਰ ਆ ਰਹੇ ਸਨ। ਇਨ੍ਹਾਂ ਬੱਚਿਆਂ ਨੇ ਆਪਣੇ ਔਖੇ ਅਤੇ ਦੁੱਖ ਭਰੇ ਪਲਾਂ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਜਦ ਉਨ੍ਹਾਂ ਨੂੰ ਜਿਊਂਦੇ ਰਹਿਣ ਲਈ ਗੁਫਾ ਅੰਦਰ ਜ਼ਿੰਦਗੀ ਲਈ ਸੰਘਰਸ਼ ਕਰਨਾ ਪਿਆ ਸੀ। 
ਹਸਪਤਾਲ ਤੋਂ ਜਦ ਉਨ੍ਹਾਂ ਨੂੰ ਛੁੱਟੀ ਮਿਲੀ ਤਾਂ ਬਾਹਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਰੋ ਰਹੇ ਸਨ ਅਤੇ ਜਦ ਉਹ ਉਨ੍ਹਾਂ ਨੂੰ ਘਰ ਲੈ ਕੇ ਗਏ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਇਨ੍ਹਾਂ 'ਚੋਂ ਕੁੱਝ ਬੱਚਿਆਂ ਨੇ ਮੰਦਰ 'ਚ ਪੂਜਾ 'ਚ ਹਿੱਸਾ ਲਿਆ। ਇਸ ਦੌਰਾਨ ਮੀਡੀਆ ਨੂੰ ਉਨ੍ਹਾਂ ਕੋਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਨ੍ਹਾਂ ਬੱਚਿਆਂ ਨੂੰ ਬਚਾਉਣ 'ਚ ਵਿਸ਼ਵ ਦੇ ਕਈ ਦੇਸ਼ਾਂ ਨੇ ਆਪਣੇ ਵਲੋਂ ਹਰ ਸੰਭਵ ਸਹਾਇਤਾ ਦਿੱਤੀ ਸੀ। ਲੱਗਭਗ 18 ਦਿਨਾਂ ਬਾਅਦ ਬੱਚੇ ਅਤੇ ਉਨ੍ਹਾਂ ਦੇ ਕੋਚ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਫੁੱਟਬਾਲ ਟੀਮ ਗੁਫਾ ਅੰਦਰ ਘੁੰਮਣ ਗਈ ਸੀ ਪਰ ਤੇਜ਼ ਮੀਂਹ ਕਾਰਨ ਉਹ ਗੁਫਾ ਅੰਦਰ ਹੀ ਫਸ ਗਈ। ਗੁਫਾ ਦੇ ਦਰਵਾਜ਼ੇ ਅੱਗੇ ਪਾਣੀ ਭਰ ਜਾਣ ਕਾਰਨ ਉਨ੍ਹਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਮੁਹਿੰਮ ਦੌਰਾਨ ਇਕ ਬਚਾਅ ਕਰਮਚਾਰੀ ਦੀ ਮੌਤ ਹੋ ਗਈ ਸੀ । ਹੁਣ ਇਹ ਸਾਰੇ ਬੱਚੇ ਉਸ ਬਚਾਅ ਕਰਮਚਾਰੀ ਦੀ ਆਤਮਿਕ ਸ਼ਾਂਤੀ ਲਈ ਰੱਖੀਆਂ ਗਈਆਂ ਪ੍ਰਾਰਥਨਾਵਾਂ 'ਚ ਹਿੱਸਾ ਲੈ ਰਹੇ ਹਨ।


Related News