ਕਤਰ-ਸਾਊਦੀ ਦੀ ਦੂਰ ਹੋਵੇਗੀ 3 ਸਾਲ ਪੁਰਾਣੀ ਖਟਾਸ, ਟਰੰਪ ਦੇ ਜਵਾਈ ਅੱਜ ਕਰਾਉਣਗੇ ਸਮਝੌਤਾ

01/05/2021 6:09:10 PM

ਦੁਬਈ (ਬਿਊਰੋ): ਪਿਛਲੇ ਤਿੰਨ ਸਾਲ ਤੋਂ ਪੱਛਮੀ ਏਸ਼ੀਆ ਵਿਚ ਤਣਾਅ ਦਾ ਕੇਂਦਰ ਬਣੇ ਸਾਊਦੀ ਅਰਬ ਅਤੇ ਕਤਰ ਦੇ ਸੰਬੰਧ ਹੁਣ ਪਟੜੀ 'ਤੇ ਆਉਂਦੇ ਜਾਪਦੇ ਹਨ। ਮੰਨਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਸਾਊਦੀ ਅਰਬ ਅਤੇ ਕਤਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਜੇਰੇਡ ਕੁਸ਼ਨਰ ਦੀ ਮੌਜੂਦਗੀ ਵਿਚ ਇਕ ਸਮਝੌਤੇ 'ਤੇ ਦਸਤਖ਼ਤ ਕਰ ਸਕਦੇ ਹਨ। ਇਸ ਤੋਂ ਪਹਿਲਾਂ ਈਰਾਨ ਦੇ ਨਾਲ ਸੰਬੰਧਾਂ ਅਤੇ ਅੱਤਵਾਦੀ ਗੁੱਟਾਂ ਦੀ ਕਥਿਤ ਮਦਦ ਨੂੰ ਲੈ ਕੇ ਸਾਊਦੀ ਅਰਬ ਨੇ ਕਤਰ ਨਾਲ ਆਪਣੇ ਰਿਸ਼ਤੇ ਖਤਮ ਕਰ ਦਿੱਤੇ ਸਨ। 

ਸਾਊਦੀ ਅਰਬ ਹੁਣ ਕਤਰ ਦੇ ਲਈ ਆਪਣੀ ਸਰਹੱਦਾਂ ਖੋਲ੍ਹਣ ਲਈ ਤਿਆਰ ਹੈ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਜੇਰੇਡ ਕੁਸ਼ਨਰ ਅਤੇ ਅਮਰੀਕੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਸਾਊਦੀ ਅਰਬ ਅਤੇ ਕਤਰ ਦੇ ਵਿਚ ਵਿਚੋਲਗੀ ਕੀਤੀ ਹੈ। ਇਸ ਸਮਝੌਤੇ ਦੇ ਮੁਤਾਬਕ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ, ਬਹਿਰੀਨ ਅਤੇ ਮਿਸਰ ਹੁਣ ਕਤਰ ਦੀ ਘੇਰਾਬੰਦੀ ਖਤਮ ਕਰਨਗੇ। ਇਸ ਦੇ ਬਦਲੇ ਵਿਚ ਕਤਰ ਜੂਨ 2017 ਤੋਂ ਚੱਲੀ ਆ ਰਹੀ ਘੇਰਾਬੰਦੀ ਨੂੰ ਲੈਕੇ ਦਾਇਰ ਆਪਣੇ ਸਾਰੇ ਮੁਕੱਦਮੇ ਵਾਪਸ ਲਵੇਗਾ। ਇਸ ਤੋਂ ਪਹਿਲਾਂ ਹਵਾਬਾਜ਼ੀ ਕੰਪਨੀ ਕਤਰ ਏਅਰਵੇਜ਼ ਨੇ ਕਿਹਾ ਸੀ ਕਿ ਉਹ ਇਸ ਘੇਰਾਬੰਦੀ ਨੂੰ ਲੈ ਕੇ ਘੱਟੋ-ਘੱਟ 5 ਅਰਬ ਡਾਲਰ ਦਾ ਹਰਜ਼ਾਨਾ ਮੰਗੇਗੀ।

ਮੀਡੀਆ ਮੁਹਿੰਮ ਹੋਵੇਗੀ ਬੰਦ
ਇਸ ਦੇ ਇਲਾਵਾ ਸਮਝੌਤੇ ਵਿਚ ਕਿਹਾ ਗਿਆ ਹੈ ਕਿ ਸਾਰੇ ਪੱਖ ਇਕ-ਦੂਜੇ ਦੇ ਖਿਲਾਫ਼ ਚਲਾਈਆਂ ਜਾ ਰਹੀਆਂ ਮੀਡੀਆ ਮੁਹਿੰਮਾਂ ਨੂੰ ਬੰਦ ਕਰਨਗੇ। ਇਸ ਤੋਂ ਪਹਿਲਾਂ ਕਤਰ ਨੂੰ ਕਿਹਾ ਗਿਆ ਸੀ ਕਿ ਉਹ ਅਲ ਜਜ਼ੀਰਾ ਅਤੇ ਉਸ ਦੇ ਸਾਰੇ ਸਟੇਸ਼ਨਾਂ ਨੂੰ ਬੰਦ ਕਰੇ। ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਇਹ ਹੁਣ ਤੱਕ ਦੀ ਸਭ ਤੋਂ ਵੱਡਾ ਸਫਲਤਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਇਕ-ਦੂਜੇ ਨੂੰ ਪਿਆਰ ਕਰਨਗੇ ਅਤੇ ਚੰਗੇ ਦੋਸਤ ਬਣ ਜਾਣਗੇ ਪਰ ਇਸ ਦਾ ਮਤਲਬ ਇਹ ਜ਼ਰੂਰ ਹੈ ਕਿ ਉਹ ਇਕ-ਦੂਜੇ ਦੇ ਨਾਲ ਕੰਮ ਕਰਨ ਦੇ ਯੋਗ ਹੋ ਜਾਣਗੇ।''

ਇਸ ਤੋਂ ਪਹਿਲਾਂ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਪ੍ਰਿੰਸ ਫੈਸਲ ਬਿਨ ਫਰਹਾਨ ਅਲ ਸਊਦ ਨੇ ਕਤਰ ਨੂੰ ਲੈ ਕੇ ਹੋ ਰਹੀ ਗੱਲਬਾਤ ਦੀ ਤਰੱਕੀ ਦਾ ਸਵਾਗਤ ਕੀਤਾ। ਉੱਧਰ ਕਤਰ ਦੇ ਵਿਦੇਸ਼ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁੱਲਰਹਿਮਾਨ ਅਲ ਥਾਨੀ ਨੇ ਕਿਹਾ ਸੀ ਕਿ ਕੁਝ ਹਰਕਤ ਹੋਈ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਸੰਕਟ ਦਾ ਅੰਤ ਹੋਵੇਗਾ। ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਮੁਤਾਬਕ, ਕੁਝ ਸਮਾਂ ਪਹਿਲਾਂ ਹੀ ਟਰੰਪ ਦੇ ਜਵਾਈ ਅਤੇ ਉਹਨਾਂ ਦੇ ਸਲਾਹਕਾਰ ਜੇਰੇਡ ਕੁਸ਼ਨਰ ਸਾਊਦੀ ਅਰਬ ਅਤੇ ਕਤਰ ਦੇ ਵਿਚ ਸਨ ਤਾਂ ਜੋ ਗਤੀਰੋਧ ਨੂੰ ਖਤਮ ਕੀਤਾ ਜਾ ਸਕੇ। ਵ੍ਹਾਈਟ ਹਾਊਸ ਚਾਹੁੰਦਾ ਹੈ ਕਿ ਟਰੰਪ ਦੇ ਸੱਤਾ ਛੱਡਣ ਤੋਂ ਪਹਿਲਾਂ ਪੱਛਮ ਏਸ਼ੀਆ ਵਿਚ ਉਹਨਾਂ ਨੂੰ ਆਖਰੀ ਡਿਪਲੋਮੈਟ ਸਫਲਤਾ ਮਿਲ ਜਾਵੇ।


Vandana

Content Editor

Related News