ਫਰਿਜ਼ਨੋ ’ਚ ਯਾਦਗਾਰੀ ਹੋ ਨਿੱਬੜਿਆ ਪੰਜਾਬੀ ਮਾਂ ਬੋਲੀ ਜਾਗਰੂਕਤਾ ਦਿਹਾੜਾ

Thursday, May 15, 2025 - 03:15 PM (IST)

ਫਰਿਜ਼ਨੋ ’ਚ ਯਾਦਗਾਰੀ ਹੋ ਨਿੱਬੜਿਆ ਪੰਜਾਬੀ ਮਾਂ ਬੋਲੀ ਜਾਗਰੂਕਤਾ ਦਿਹਾੜਾ

ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਇੰਡੋ ਯੂ.ਐਸ. ਹੈਰੀਟੇਜ ਫਰਿਜ਼ਨੋ ਵੱਲੋਂ ਪੰਜਾਬੀ ਮਾਂ ਬੋਲੀ ਜਾਗਰੂਕਤਾ ਦਿਹਾੜਾ ਇੰਡੀਆ ਓਵਨ ਰੈਸਟੋਰੈਂਟ ਦੇ ਹਾਲ ਵਿਖੇ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ। ਇਹ ਸਮਾਗਮ ਪੰਜਾਬੀ ਭਾਸ਼ਾ ਪ੍ਰਤੀ ਪ੍ਰੇਮ, ਸੰਕਲਪ ਅਤੇ ਇਸ ਦੀ ਸੰਭਾਲ ਲਈ ਸਪੱਸ਼ਟ ਸਨੇਹਾ ਦੇ ਕੇ ਲੋਕ ਮਨਾਂ ’ਚ ਇੱਕ ਉਤਸ਼ਾਹ ਜਗਾਉਂਦਾ ਯਾਦਗਾਰੀ ਹੋ ਨਿੱਬੜਿਆ।

ਸਮਾਗਮ ਦੀ ਸ਼ੁਰੂਆਤ ਮੰਚ ਸੰਚਾਲਕ ਨੇ ਸਾਰਿਆਂ ਨੂੰ ਨਿੱਘੀ ਜੀ ਆਇਆਂ ਆਖਕੇ ਕੀਤੀ। ਪ੍ਰੋਗਰਾਮ ਦੇ ਸ਼ੁਰੂ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਅਤੇ ਭਾਰਤ-ਪਾਕਿਸਤਾਨ ਜੰਗ ਦੌਰਾਨ ਮਾਰੇ ਗਏ ਨਿਰਦੋਸ਼ ਲੋਕਾਂ ਅਤੇ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਪੰਜਾਬੀ ਭਾਸ਼ਾ ਦੇ ਪ੍ਰਸਾਰ, ਪ੍ਰਚਾਰ ਅਤੇ ਨਿੱਘਾਰ ਬਾਰੇ ਖੁਲ੍ਹਕੇ ਗੱਲਬਾਤ ਹੋਈ। ਪ੍ਰੋਗਰਾਮ ਦੀ ਸ਼ੁਰੂਆਤ ‘ਯਮਲੇ ਜੱਟ’ ਦੇ ਸ਼ਗਿਰਦ ਰਾਜ ਬਰਾੜ ਵੱਲੋਂ ਇੱਕ ਧਾਰਮਿਕ ਗੀਤ ਰਾਹੀਂ ਕੀਤੀ ਗਈ।

PunjabKesari

ਬੋਲਣ ਵਾਲੇ ਬੁਲਾਰਿਆਂ ਵਿੱਚ ਮਾਣਯੋਗ ਸ਼ਖ਼ਸੀਅਤਾਂ ਪ੍ਰਿੰਸੀਪਲ ਦਲਜੀਤ ਸਿੰਘ (ਪ੍ਰਿੰਸੀਪਲ ਖ਼ਾਲਸਾ ਕਾਲਜ ਅੰਮ੍ਰਿਤਸਰ), ਡਾ. ਅਰਜਨ ਸਿੰਘ ਜੋਸ਼ਨ, ਸਾਧੂ ਸਿੰਘ ਸੰਘਾ ( ਕਨਵੀਨਰ ਇੰਡੋ ਯੂ. ਐਸ. ਹੈਰੀਟੇਜ), ਮਹਿੰਦਰ ਸਿੰਘ ਸੰਧਾਵਾਲੀਆ, ਡਾ. ਗੁਰਰੀਤ ਬਰਾੜ, ਹਰਨੇਕ ਸਿੰਘ ਲੋਹਗੜ, ਰਣਜੀਤ ਗਿੱਲ, ਕੁਲਵੰਤ ਕੌਰ, ਕਮਲਜੀਤ ਕੌਰ ਭੰਗਲ, ਪ੍ਰਵੀਨ ਸ਼ਰਮਾ (ਰੇਡੀਓ ਹੋਸਟ), ਸ਼ਾਇਰ ਹਰਜਿੰਦਰ ਕੰਗ, ਮਲਕੀਤ ਸਿੰਘ ਕਿੰਗਰਾ, ਕਹਾਣੀਕਾਰ ਕਰਮ ਸਿੰਘ ਮਾਨ, ਹਰਦੇਵ ਸਿੰਘ ਰਸੂਲਪੁਰ, ਗੁਰਬ਼ਖ਼ਸ਼ ਸਿੰਘ ਸਿੱਧੂ, ਸੰਤੋਖ ਮਨਿਹਾਸ, ਰਾਜ ਕਿਸ਼ਨਪੁਰਾ, ਇਕਬਾਲ ਸਿੰਘ ਸੇਖੋਂ, ਸੁਰਿੰਦਰ ਮੰਡਾਲੀ ਆਦਿ ਨੇ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਤੇ ਇਸਦੇ ਭਵਿੱਖ ਬਾਰੇ ਸੋਚਣ 'ਤੇ ਜ਼ੋਰ ਦਿੱਤਾ।

PunjabKesari

ਕਵੀ ਦਰਬਾਰ ਵਿੱਚ ਕਈ ਮਸ਼ਹੂਰ ਕਵੀਆਂ ਨੇ ਹਿੱਸਾ ਲਿਆ। ਰਣਜੀਤ ਗਿੱਲ ਤੇ ਗਾਇਕ ਗੁਰਦੀਪ ਧਾਲੀਵਾਲ ਨੇ ਬਾਪੂ ਕਰਨੈਲ ਕਵੀਸ਼ਰ ਦੀ ਕਵਿਸ਼ਰੀ ਪੇਸ਼ ਕਰਕੇ ਦਰਸ਼ਕਾਂ ਦੀ ਖੂਬ ਵਾਹ ਵਾਹ ਖੱਟੀ। ਸ. ਸਾਧੂ ਸਿੰਘ ਸੰਘਾ ਨੇ ਹਾਸਰਸ ਕਵਿਤਾ ਰਾਹੀਂ ਹਾਜ਼ਰੀਨ ਨੂੰ ਲੋਟਪੋਟ ਕਰ ਦਿੱਤਾ। ਕਵੀ ਦਰਬਾਰ ਵਿੱਚ ਦਲਜੀਤ ਰਿਆੜ, ਸੁੱਖੀ ਧਾਲੀਵਾਲ, ਰੂਬੀ ਕੌਰ (ਕਰਮਨ), ਰਜਿੰਦਰ ਕੁਮਾਰ, ਹਰਜਿੰਦਰ ਢੇਸੀ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਹਾਜ਼ਰੀ ਭਰੀ।ਗਾਇਕ ਕਮਲਜੀਤ ਬੈਨੀਪਾਲ ਨੇ ਆਪਣੇ ਦੋ ਗੀਤ ਪੇਸ਼ ਕਰਕੇ ਸਮਾਗਮ ਵਿੱਚ ਸੰਗੀਤਕ ਰੰਗ ਭਰ ਦਿਤਾ।

ਪੜ੍ਹੋ ਇਹ ਅਹਿਮ ਖ਼ਬਰ-ਦੁਬਈ 'ਚ ਚਮਕੀ ਭਾਰਤੀ ਦੀ ਕਿਸਮਤ, ਜਿੱਤੇ 8 ਕਰੋੜ 

ਇਸ ਮੌਕੇ ਸ਼ਾਇਰ ਸੁੱਖੀ ਧਾਲੀਵਾਲ ਦਾ ਪੰਜਾਬੀ ਸਾਹਿਤ ਅਤੇ ਮਾਂ ਬੋਲੀ ਪ੍ਰਤੀ ਯੋਗਦਾਨ ਲਈ ਇੰਡੋ. ਯੂ. ਐਸ. ਹੈਰੀਟੇਜ ਦੇ ਮੈਂਬਰਾਂ ਵੱਲੋਂ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਇੰਡੋ-ਅਮਰੀਕਨ ਹੈਰੀਟੇਜ ਫੋਰਮ, ਵਿਰਸਾ ਫਾਊਂਡੇਸ਼ਨ, ਖਾਲੜਾ ਪਾਰਕ ਵਾਲੇ ਬਾਬੇ, ਜੀ ਐਚ ਜੀ, ਸੌਗੀ ਕਿੰਗ ਚਰਨਜੀਤ ਸਿੰਘ ਬਾਠ, ਨਿਊ ਇੰਡੀਆ ਸਵੀਟ ਐਂਡ ਸਪਾਈਸ ਵਾਲੇ ਜਸਵਿੰਦਰ ਸਿੰਘ, ਹੈਰੀ (ਕੋਸਟ ਟੂ ਕੋਸਟ), ਕਰਮ ਸਿੰਘ ਸੰਘਾ,ਆਦਿ ਅਤੇ ਫਰਿਜ਼ਨੋ ਦੀਆਂ ਹੋਰ ਵੀ ਬਹੁਤ ਸਾਰੀਆਂ ਮਾਣਯੋਗ ਸ਼ਖਸੀਅਤਾਂ ਨੇ ਭਾਗ ਲਿਆ। ਇਸ ਸਮੇ ਦਰਸ਼ਕਾਂ ਨਾਲ ਖਚਾਖਚ ਭਰੇ ਹਾਲ ਅੰਦਰ ਚਾਹ, ਪਕੌੜਿਆਂ ਅਤੇ ਮਠਿਆਈ ਨਾਲ ਆਏ ਮਹਿਮਾਨਾਂ ਦੀ ਸੇਵਾ ਕੀਤੀ ਗਈ। ਇਹ ਸਮਾਗਮ ਨੂੰ ਕਾਮਯਾਬ ਬਣਾਉਣ ਲਈ ਇੰਡੋ ਯੂ. ਐਸ. ਹੈਰੀਟੇਜ ਦੇ ਸਮੂਹ ਮੈਂਬਰ ਸਹਿਬਾਨ ਨਿਰਮਲ ਸਿੰਘ ਗਿੱਲ (ਪ੍ਰਧਾਨ), ਸੰਤੋਖ ਸਿੰਘ ਢਿੱਲੋ, ਮਨਜੀਤ ਕੁਲਾਰ, ਰਾਜ ਵੈਰੋਕੇ, ਸਤਵੰਤ ਸਿੰਘ ਵਿਰਕ, ਰਣਜੀਤ ਗਿੱਲ, ਸਾਧੂ ਸਿੰਘ ਸੰਘਾ, ਕੁਲਵਿੰਦਰ ਸਿੰਘ ਢੀਂਡਸਾ, ਕਮਲਜੀਤ ਬੈਨੀਪਾਲ, ਪੁਸ਼ਪਿੰਦਰ ਪਾਤੜਾਂ, ਸੁਲੱਖਣ ਸਿੰਘ ਗਿੱਲ, ਨੀਟਾ ਮਾਛੀਕੇ, ਹੈਰੀ ਮਾਨ ਆਦਿ ਦਾ ਖ਼ਾਸ ਸਹਿਯੋਗ ਰਿਹਾ। ਇਹ ਸਮਾਗਮ ਪੰਜਾਬੀ ਮਾਂ ਬੋਲੀ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਨਵੀਂ ਪੀੜ੍ਹੀ ਨੂੰ ਆਪਣੀਆਂ ਜੜਾਂ ਨਾਲ ਜੋੜਨ ਦੇ ਯਤਨਾਂ ਲਈ ਇੱਕ ਯਾਦਗਾਰੀ ਕਦਮ ਸਾਬਤ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News