ਇਟਲੀ 'ਚ ਪੰਜਾਬੀ ਨੌਜਵਾਨ ਦੀ ਮੌਤ, 9 ਮਹੀਨਿਆਂ ਦੇ ਬੱਚੇ ਸਿਰੋਂ ਉੱਠਿਆ ਪਿਓ ਦਾ ਹੱਥ
Monday, Aug 31, 2020 - 02:39 PM (IST)

ਰੋਮ, (ਕੈਂਥ)- ਬੀਤੇ ਦਿਨੀਂ ਇਟਲੀ ਦੇ ਸ਼ਹਿਰ ਵੀਨਸ ਦੇ ਨੇੜੇ ਤਰਵੀਜੋ ਵਿਚ ਰਹਿੰਦੇ ਪੰਜਾਬੀ ਨੌਜਵਾਨ ਮਨਦੀਪ ਸਿੰਘ ਰਾਣਾ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਹ ਪੰਜਾਬ ਦੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਤੇ ਤਹਿਸੀਲ ਖਮਾਣੋਂ ਦੇ ਨਾਲ ਲੱਗਦੇ ਪਿੰਡ ਮਨੈਲਾ ਦਾ ਰਹਿਣ ਵਾਲਾ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਜਿਸ ਦੀ ਉਮਰ 34 ਸਾਲ ਸੀ, ਪਿਛਲੇ ਤਿੰਨ ਹਫ਼ਤਿਆਂ ਤੋਂ ਲੀਵਰ ਵਿਚ ਸੋਜ਼ ਆਉਣ ਕਾਰਨ ਹਸਪਤਾਲ ਵਿਚ ਇਲਾਜ ਕਰਵਾ ਰਿਹਾ ਸੀ। ਮਨਦੀਪ ਆਪਣੇ ਪਿੱਛੇ ਪਤਨੀ ਅਤੇ 9 ਮਹੀਨਿਆਂ ਦਾ ਬੇਟਾ ਛੱਡ ਕੇ ਇਹ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ।
ਮਨਦੀਪ ਪਿਛਲੇ 10-11 ਸਾਲਾਂ ਤੋਂ ਇਟਲੀ ਵਿਚ ਰਹਿ ਰਿਹਾ ਸੀ ਅਤੇ ਉਸ ਦੀ ਪਤਨੀ ਤੇ ਬੱਚਾ ਵੀ ਉਸ ਦੇ ਨਾਲ ਹੀ ਸਨ। ਉਹ ਇਟਲੀ ਵਿਚ ਮੱਛੀ ਫਾਰਮ ਵਿਚ ਕੰਮ ਕਰਦਾ ਸੀ। ਮਨਦੀਪ ਦੀ ਅਚਾਨਕ ਮੌਤ ਨਾਲ ਇਟਲੀ ਅਤੇ ਪੰਜਾਬ ਰਹਿ ਰਹੇ ਦੋਸਤਾਂ ਤੇ ਰਿਸ਼ਤੇਦਾਰਾਂ ਵਿਚ ਸੋਗ ਦੀ ਲਹਿਰ ਹੈ।