ਸੁਨਹਿਰੀ ਭਵਿੱਖ ਦੀ ਆਸ 'ਚ ਇਟਲੀ ਪਹੁੰਚਿਆ ਪੰਜਾਬੀ, ਏਅਰਪੋਰਟ 'ਤੇ ਹੀ ਵਾਪਰ ਗਿਆ ਭਾਣਾ

Sunday, Dec 24, 2023 - 04:02 PM (IST)

ਸੁਨਹਿਰੀ ਭਵਿੱਖ ਦੀ ਆਸ 'ਚ ਇਟਲੀ ਪਹੁੰਚਿਆ ਪੰਜਾਬੀ, ਏਅਰਪੋਰਟ 'ਤੇ ਹੀ ਵਾਪਰ ਗਿਆ ਭਾਣਾ

ਰੋਮ (ਦਲਵੀਰ ਕੈਂਥ) ਇਨਸਾਨ ਕਈ ਵਾਰ ਕੁਝ ਪੈਸੇ ਬਚਾਉਣ ਲਈ ਅਜਿਹੀਆਂ ਗੁਸਤਾਖੀਆਂ ਨੂੰ ਅੰਜਾਮ ਦੇ ਦਿੰਦਾ ਹੈ ਜਿਹੜੀਆਂ ਕਿ ਕਿਸੇ ਦੀ ਜਾਨ ਦਾ ਖੋਅ ਬਣ ਜਾਂਦੀਆਂ ਹਨ। ਅਜਿਹੀ ਹੀ ਇੱਕ ਗ਼ਲਤੀ ਇਟਲੀ ਦੀ ਰਾਜਧਾਨੀ ਰੋਮ ਦੇ ਫਿਊਮੀਚੀਨੋ ਏਅਰਪੋਰਟ ਨੇੜੇ ਇੱਕ ਭਾਰਤੀ ਵੱਲੋਂ ਕੀਤੀ ਗਈ, ਜਿਸ ਨਾਲ ਕਿ ਇੱਕ ਅਣਜਾਣ ਭਾਰਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਲਾਸੀਓ ਸੂਬੇ ਦੇ ਜਿ਼ਲ੍ਹਾ ਲਾਤੀਨਾ ਤੋਂ ਇੱਕ ਭਾਰਤੀ ਮੂਲ ਦਾ ਪੰਜਾਬੀ ਭਾਰਤ ਤੋਂ ਆ ਰਹੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਲੈਣ ਫਿਊਮੀਚੀਨੋ ਏਅਰਪੋਰਟ ਗਿਆ ਤੇ ਨਾਲ ਇੱਕ ਪੰਜਾਬੀ, ਜਿਹੜਾ ਵਿਚਾਰਾ 9 ਮਹੀਨੇ ਵਾਲੇ ਪੇਪਰਾਂ 'ਤੇ ਕੁਝ ਸਮਾਂ ਪਹਿਲਾਂ ਹੀ ਇਟਲੀ ਭੱਵਿਖ ਨੂੰ ਬਿਹਤਰ ਬਣਾਉਣ ਆਇਆ ਸੀ, ਨੂੰ ਲੈ ਗਿਆ।

ਏਅਰਪੋਰਟ ਨੇੜੇ ਜਾ ਇਸ ਭਾਰਤੀ ਪੰਜਾਬੀ ਨੇ ਆਪਣੀ ਕਾਰ ਨੂੰ ਉਸ ਥਾਂ ਪਾਰਕ ਕਰ ਦਿੱਤਾ, ਜਿੱਥੇ ਕਿ ਇਟਲੀ ਦੇ ਕਾਨੂੰਨ ਮੁਤਾਬਕ ਗੱਡੀ ਉਸ ਸਮੇਂ ਖੜ੍ਹੀ ਕਰਨੀ ਹੈ ਜਦੋਂ ਤੁਹਾਨੂੰ ਕੋਈ ਐਮਰਜੈਂਸੀ ਜਾਂ ਪ੍ਰੇਸ਼ਾਨੀ ਹੋਵੇ। ਅਫ਼ਸੋਸ ਇਹ ਭਾਰਤੀ ਆਪਣੀ ਗੱਡੀ ਨੂੰ ਏਅਰਪੋਰਟ ਦੀ ਪਾਰਕਿੰਗ ਵਿੱਚ ਇਸ ਲਈ ਲੈਕੇ ਨਹੀਂ ਗਿਆ ਕਿਉਂਕਿ ਉੱਥੇ ਇਸ ਨੂੰ ਗੱਡੀ ਪਾਰਕ ਕਰਨ ਦੇ ਪੈਸੇ ਦੇਣੇ ਪੈਣੇ ਸੀ। ਬਸ ਇੱਥੇ ਹੀ ਭਾਰਤੀ ਪੰਜਾਬੀ ਵੱਡੀ ਗ਼ਲਤੀ ਕਰ ਗਿਆ ਤੇ ਮੇਨ ਹਾਈਵੇਅ ਦੇ ਐਮਰਜੈਂਸੀ ਰਾਹ 'ਤੇ ਗੱਡੀ ਖੜ੍ਹੀ ਕਰ ਆਪਣੇ ਭਾਰਤ ਤੋਂ ਆਉਣ ਵਾਲੇ ਦੋਸਤ ਦੀ ਉਡੀਕ ਕਰਨ ਲੱਗਾ। ਜਦੋਂ ਕਿ ਕਾਨੂੰਨ ਅਨੁਸਾਰ ਇੱਥੇ ਗੱਡੀ ਖੜ੍ਹੀ ਨਹੀ ਹੋ ਸਕਦੀ ਸੀ। ਜੇਕਰ ਕੋਈ ਅਜਿਹਾ ਕਰਦਾ ਤਾਂ ਉਸ ਨੂੰ ਜੁਰਮਾਨਾ ਹੋ ਸਕਦਾ ਹੈ ਪਰ ਜਾਣਕਾਰੀ ਦੀ ਘਾਟ ਕਾਰਨ ਇਹ ਘਟਨਾ ਘਟੀ।

ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਆਸ਼ਕ ਵੱਲੋਂ 3 ਮਹੀਨਿਆਂ ਦੀ ਗਰਭਵਤੀ ਔਰਤ ਦਾ ਕਤਲ

ਜਦੋਂ ਗੱਡੀ ਖੜ੍ਹੀ ਕੀਤੀ ਤਾਂ ਇਟਲੀ ਨਵਾਂ ਆਇਆ ਉਸ ਦਾ 40 ਸਾਲਾ ਪੰਜਾਬੀ ਦੋਸਤ ਸਮਾਂ ਲੰਘਾਉਣ ਲਈ ਫੋਨ ਲਗਾ ਗੱਡੀ ਤੋਂ ਬਾਹਰ ਨਿਕਲ ਹਾਈਵੇਅ 'ਤੇ ਖੜ੍ਹ ਗਿਆ ਤੇ ਹੋਲੀ-ਹੋਲੀ ਹਾਈਵੇਅ 'ਤੇ ਇੱਧਰ-ਉੱਧਰ ਘੁੰਮਣ ਲੱਗਾ। ਇਹ ਪੰਜਾਬੀ, ਜਿਸ ਨੂੰ ਸ਼ਾਇਦ ਇਹ ਨਹੀਂ ਸੀ ਪਤਾ ਕਿ ਉਸ ਦੀ ਇਹ ਗ਼ਲਤੀ ਉਸ ਨੂੰ ਮੌਤ ਦੇ ਮੂੰਹ ਵਿੱਚ ਲੈ ਜਾਵੇਗੀ। ਜਦੋਂ ਇਹ ਫੋਨ 'ਤੇ ਗੱਲਾਂ ਕਰਦਾ ਇੰਨਾ ਜ਼ਿਆਦਾ ਖੁੱਭ ਗਿਆ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਹ ਹਾਈਵੇਅ ਦੇ ਵਿੱਚਕਾਰ ਆ ਗਿਆ। ਹਾਈਵੇਅ ਦੇ ਵਿਚਕਾਰ ਆਉਂਦਿਆ ਹੀ ਉਹ ਇੱਕ ਤੇਜ਼ ਰਫ਼ਤਾਰ ਗੱਡੀ ਦੀ ਲਪੇਟ ਵਿੱਚ ਆ ਗਿਆ ਤੇ ਬੁਰੀ ਤਰ੍ਹਾਂ ਹਾਈਵੇਅ 'ਤੇ ਦਰੜਿਆ ਗਿਆ। ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਇਟਾਲੀਅਨ ਪੁਲਸ ਤੇ ਟ੍ਰੈਫਿਕ ਪੁਲਸ ਮੌਕੇ ਤੇ ਪਹੁੰਚ ਗਈ, ਜਿਸ ਨੇ ਤੁਰੰਤ ਐਂਬੂਲੈਸ ਬੁਲਾ ਲਈ ਪਰ ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪੁਲਸ ਨੇ ਜਦੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਇਹ ਲੋਕ ਏਅਰਪੋਰਟ ਆਪਣੇ ਰਿਸ਼ਤੇਦਾਰ ਨੂੰ ਲੈਣ ਆਏ ਤੇ ਪਾਰਕਿੰਗ ਦੇ ਖਰਚੇ ਤੋਂ ਬਚਣ ਲਈ ਇੱਥੇ ਰੁੱਕੇ ਸੀ, ਜਿਸ ਨੂੰ ਜਾਣਕੇ ਪੁਲਸ ਪ੍ਰਸ਼ਾਸ਼ਨ ਹੈਰਾਨ ਹੈ ਕਿ ਭਾਰਤੀ ਲੋਕ ਕੁਝ ਬੱਚਤ ਕਰਨ ਦੇ ਚੱਕਰ ਵਿੱਚ ਅਜਿਹੀਆਂ ਵੱਡੀਆਂ ਗ਼ਲਤੀਆਂ ਵੀ ਕਰ ਸਕਦੇ ਹਨ। ਪੁਲਸ ਨੇ ਲਾਸ਼ ਕਬਜੇ ਵਿੱਚ ਲੈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਦੀ ਪੂਰਨ ਪਹਿਚਾਣ ਨਸ਼ਰ ਨਹੀਂ ਕੀਤੀ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News