ਵ੍ਹਾਈਟ ਹਾਊਸ ਨੇੜੇ ਕੁਝ ਲੋਕਾਂ ਨੇ ਕੀਤਾ ਪ੍ਰਦਰਸ਼ਨ, ''''ਚੀਨ ਨੂੰ ਆਜ਼ਾਦ ਕਰੋ'''' ਦੇ ਲਾਏ ਨਾਅਰੇ
Monday, Dec 05, 2022 - 02:12 PM (IST)
ਵਾਸ਼ਿੰਗਟਨ (ਭਾਸ਼ਾ)- ਚੀਨ ‘ਚ ਕੋਰੋਨਾ ਵਾਇਰਸ ਦੇ ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਲਈ ਲਾਈਆਂ ਗਈਆਂ ਸਖ਼ਤ ਪਾਬੰਦੀਆਂ ਅਤੇ ਰਾਜਨੀਤਿਕ ਬਦਲਾਅ ਲਈ ਜਾਰੀ ਪ੍ਰਦਰਸ਼ਨ ਦੇ ਸਮਰਥਨ ‘ਚ ਅਮਰੀਕਾ ‘ਚ ਵ੍ਹਾਈਟ ਹਾਊਸ ਦੇ ਨੇੜੇ ਐਤਵਾਰ ਨੂੰ ਲਗਭਗ 200 ਲੋਕਾਂ ਨੇ ਇਕੱਠੇ ਹੋ ਮੋਮਬੱਤੀਆਂ ਜਗਾਈਆਂ ਅਤੇ ‘ਚੀਨ ਨੂੰ ਆਜ਼ਾਦ ਕਰੋ’ ਦੇ ਨਾਅਰੇ ਲਾਏ। ਫ੍ਰੀਡਮ ਪਲਾਜ਼ਾ ਵਿਖੇ ਪ੍ਰਦਰਸ਼ਨਕਾਰੀਆਂ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਉਨ੍ਹਾਂ ਦੀ ਸਰਕਾਰ ਤੋਂ ਸੱਤਾ ਛੱਡਣ ਦੀ ਮੰਗ ਕਰਦੇ ਹੋਏ ਕਿਹਾ, "ਕੋਈ ਤਾਨਾਸ਼ਾਹੀ ਨਹੀਂ, ਕੋਈ ਸੈਂਸਰਸ਼ਿਪ ਨਹੀਂ।"
ਕੁੱਝ ਲੋਕ ਹੱਥ ਵਿਚ ਕੋਰੇ ਕਾਗਜ਼ ਫੜੇ ਹੋਏ ਨਜ਼ਰ ਆਏ, ਜੋ ਪਾਰਟੀ ਦੀ ਵਿਆਪਕ ਸੈਂਸਰਸ਼ਿਪ ਦੇ ਵਿਰੋਧ ਦਾ ਪ੍ਰਤੀਕ ਸਨ। ਕੁਝ ਨੇ "ਚੀਨ ਨੂੰ ਆਜ਼ਾਦ ਕਰੋ" ਦੇ ਨਾਅਰੇ ਲਗਾਏ। 25 ਨਵੰਬਰ ਨੂੰ ਚੀਨ ਦੇ ਉਰੂਮਕੀ ਸ਼ਹਿਰ ਵਿੱਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ ਤੋਂ ਬਾਅਦ ਇਹ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ। ਅਧਿਕਾਰੀਆਂ ਨੇ ਉਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ ਕਿ ਲਾਗ ਸਬੰਧੀ ਪਾਬੰਦੀਆਂ ਕਾਰਨ ਅੱਗ ਬੁਝਾਉਣ ਵਾਲਿਆਂ ਜਾਂ ਲੋਕਾਂ ਨੂੰ ਉੱਥੋਂ ਨਿਕਲਣ ਨਹੀਂ ਦਿੱਤਾ ਗਿਆ। ਹਾਲਾਂਕਿ, ਜੋ ਲੋਕ ਪਹਿਲਾਂ ਹੀ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਪਾਬੰਦੀਆਂ ਤੋਂ ਪ੍ਰੇਸ਼ਾਨ ਸਨ, ਇਸ ਘਟਨਾ ਤੋਂ ਬਾਅਦ ਹੋਰ ਵੀ ਸਹਿਮ ਗਏ। ਉਈਗਰ, ਤਿੱਬਤੀ ਅਤੇ ਹੋਰ ਨਸਲੀ ਘੱਟ ਗਿਣਤੀ ਭਾਈਚਾਰਿਆਂ ਦੇ ਮੈਂਬਰ ਵੀ ਇਸ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਏ, ਜਿਨ੍ਹਾਂ 'ਤੇ ਕਮਿਊਨਿਸਟ ਪਾਰਟੀ ਵੱਲੋਂ ਕਥਿਤ ਤੌਰ 'ਤੇ ਨਜ਼ਰ ਰੱਖੀ ਜਾਂਦੀ ਹੈ ਅਤੇ ਉਨ੍ਹਾਂ ਕਾਬੂ ਵਿਚ ਰੱਖਣ ਲਈ ਨਿਸ਼ਾਨਾ ਬਣਾਇਆ ਜਾਂਦਾ ਹੈ।