ਅਮਰੀਕੀ ਨਾਗਰਿਕਤਾ ਦੇ ਚੱਲਦੇ ਭਾਰਤੀਆਂ ਦੇ ਬੱਚਿਆਂ ਨੂੰ ਦੇਸ਼ ਆਉਣ ''ਤੇ ਰੋਕ
Wednesday, May 13, 2020 - 02:17 AM (IST)
ਵਾਸ਼ਿੰਗਟਨ (ਭਾਸ਼ਾ) - ਅਮਰੀਕਾ ਵਿਚ ਐਚ-1ਬੀ ਵੀਜ਼ਾ ਕੰਮਕਾਜੀ ਵੀਜ਼ਾ ਜਾਂ ਗ੍ਰੀਨ ਕਾਰਡ ਧਾਰਕ ਭਾਰਤੀ ਜਿਨ੍ਹਾਂ ਦੇ ਬੱਚੇ ਜਨਮ ਤੋਂ ਅਮਰੀਕੀ ਨਾਗਰਿਕ ਹਨ, ਉਨ੍ਹਾਂ ਨੂੰ ਕੋਰੋਨਾਵਾਇਰਸ ਸੰਕਟ ਦੌਰਾਨ ਗਲੋਬਲ ਯਾਤਰਾ ਪਾਬੰਦੀਆਂ ਵਿਚਾਲੇ ਏਅਰ ਇੰਡੀਆ ਵੱਲੋਂ ਚਲਾਏ ਜਾ ਰਹੇ ਵਿਸ਼ੇਸ਼ ਜਹਾਜ਼ਾਂ ਤੋਂ ਵਾਪਸ ਭਾਰਤ ਆਉਣ ਤੋਂ ਰੋਕਿਆ ਜਾ ਰਿਹਾ ਹੈ।
ਭਾਰਤ ਸਰਕਾਰ ਵੱਲੋਂ ਪਿਛਲੇ ਮਹੀਨੇ ਜਾਰੀ ਨਿਯਮਾਂ, ਜਿਨ੍ਹਾਂ ਵਿਚ ਪਿਛਲੇ ਹਫਤੇ ਬਦਲਾਅ ਵੀ ਕੀਤਾ ਗਿਆ, ਉਨ੍ਹਾਂ ਮੁਤਾਬਕ ਵਿਦੇਸ਼ੀ ਨਾਗਰਿਕਾਂ ਦੇ ਵੀਜ਼ਾ ਅਤੇ ਓ. ਸੀ. ਆਈ. ਕਾਰਡ (ਜੋ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਬਿਨਾਂ ਵੀਜ਼ਾ ਦੇ ਯਾਤਰਾ ਕਰਨ ਦੀ ਇਜਾਜ਼ਤ ਦਿੰਦਾ ਹੈ) ਨੂੰ ਨਵੀਆਂ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਕਾਰਨ ਰੱਦ ਕਰ ਦਿੱਤਾ ਗਿਆ ਹੈ। ਨਿਊਜਰਸੀ ਦਾ ਇਕ ਜੋੜਾ (ਪਾਂਡੇ ਜੋੜਾ ਪਰ ਨਾਂ ਬਦਲਿਆ ਹੋਇਆ) ਇਨਾਂ ਸਭ ਦੇ ਵਿਚਾਲੇ ਦੋਹਰੀ ਮਾਰ ਝੇਲ ਰਿਹਾ ਹੈ। ਉਨ੍ਹਾਂ ਦੀ ਐਚ-1ਬੀ ਵੀਜ਼ਾ ਨੌਕਰੀ ਚਲੀ ਗਈ ਹੈ ਅਤੇ ਉਨਾਂ ਨੂੰ ਕਾਨੂੰਨ ਦੇ ਤਹਿਤ 60 ਦਿਨਾਂ ਦੇ ਅੰਦਰ ਭਾਰਤ ਵਾਪਸ ਜਾਣਾ ਹੋਵੇਗਾ। ਉਥੇ ਜੋੜੇ ਦੇ ਦੋਵੇਂ ਬੱਚੇ ਅਮਰੀਕੀ ਨਾਗਰਿਕ ਹਨ। ਨੇਵਾਰਕ ਹਵਾਈ ਅੱਡੇ ਤੋਂ ਉਨ੍ਹਾਂ ਨੂੰ ਸੋਮਵਾਰ ਨੂੰ ਇਸ ਲਈ ਪਰਤਣਾ ਪਿਆ ਕਿਉਂਕਿ ਏਅਰ ਇੰਡੀਆ ਨੇ ਉਨ੍ਹਾਂ ਦੇ ਬੱਚੇ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਜਦਕਿ ਉਨ੍ਹਾਂ ਕੋਲ ਕਾਨੂੰਨੀ ਭਾਰਤੀ ਵੀਜ਼ਾ ਹੈ। ਜੋੜਾ ਭਾਰਤੀ ਨਾਗਰਿਕ ਹੈ। ਉਨ੍ਹਾਂ ਆਖਿਆ ਕਿ ਏਅਰ ਇੰਡੀਆ ਅਤੇ ਨਿਊਯਾਰਕ ਵਿਚ ਭਾਰਤ ਕੌਂਸਲੇਟ ਦੇ ਅਧਿਕਾਰੀ ਕਾਫੀ ਮਦਦਗਾਰ ਸਨ ਪਰ ਉਹ ਕੁਝ ਨਾ ਕਰ ਪਾਏ। ਭਾਰਤ ਸਰਕਾਰ ਵੱਲੋਂ ਜਾਰੀ ਨਵੇਂ ਨਿਯਮਾਂ ਨਾਲ ਉਨ੍ਹਾਂ ਦੇ ਹੱਥ ਬੰਨ੍ਹੇ ਸਨ। ਰਤਨਾ ਪਾਂਡੇ ਨੇ ਕਿਹਾ ਕਿ ਮੈਂ ਭਾਰਤ ਸਰਕਾਰ ਤੋਂ ਅਪੀਲ ਕਰਦੀ ਹਾਂ ਕਿ ਮਨੁੱਖੀ ਆਧਾਰ 'ਤੇ ਆਪਣੇ ਫੈਸਲੇ ਦੇ ਬਾਰੇ ਵਿਚ ਇਕ ਵਾਰ ਫਿਰ ਸੋਚੇ। ਉਹ ਹੁਣ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ (ਯੂ. ਐਸ. ਸੀ. ਆਈ. ਐਸ.) ਤੋਂ ਉਨ੍ਹਾਂ ਦੇ ਇਥੇ ਰਹਿਣ ਦਾ ਸਮਾਂ ਵਧਾਉਣ ਦੀ ਅਪੀਲ ਕਰਨ ਦੀ ਵੀ ਸੋਚ ਰਹੀ ਹੈ।