ਸਾਲ 2018 ਦੌਰਾਨ ਇਨ੍ਹਾਂ ਗੁਆਂਢੀ ਮੁਲਕਾਂ ''ਚ ਭੱਖਿਆ ਰਿਹਾ ਸਿਆਸੀ ਮਾਹੌਲ
Saturday, Dec 22, 2018 - 07:58 PM (IST)

ਸਾਲ 2018 ਵਿਚ ਭਾਰਤ ਦੀ ਰਾਜਨੀਤੀ ਦੇ ਨਾਲ ਹੀ ਗੁਆਂਢੀ ਮੁਲਕਾਂ ਦੀ ਸਿਆਸਤ ਵਿਚ ਵੀ ਕਾਫੀ ਉਤਾਰ-ਚੜਾਅ ਰਿਹਾ। ਭਾਰਤ ਦੇ ਪੱਛਮ ਵਿਚ ਪਾਕਿਸਤਾਨ, ਪੂਰਬ ਵਿਚ ਬੰਗਲਾਦੇਸ਼, ਦੱਖਣ ਵਿਚ ਸ਼੍ਰੀਲੰਕਾ ਅਤੇ ਦੱਖਣ ਪੱਛਮ ਵਿਚ ਹਿੰਦ ਮਹਾਸਾਗਰ ਵਿਚ ਸਥਿਤ ਮਾਲਦੀਵ ਵਿਚ ਇਹ ਸਾਲ ਰਾਜਨੀਤਕ ਘਟਨਾਕ੍ਰਮਾਂ ਨਾਲ ਭਰਿਆ ਰਿਹਾ।
ਪਾਕਿਸਤਾਨ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀ ਤਾਂ ਸਾਬਕਾ ਪ੍ਰਧਾਨ ਮੰਤਰੀ ਨੂੰ ਹੋਈ ਜੇਲ
ਪਾਕਿਸਤਾਨ ਵਿਚ ਰਿਕਾਰਡ ਤਿੰਨ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਨਵਾਜ਼ ਸ਼ਰੀਫ ਨੂੰ ਜੇਲ ਜਾਣਾ ਪਿਆ ਅਤੇ 22 ਸਾਲਾਂ ਤੋਂ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਲਈ ਸ਼ੇਰਵਾਨੀ ਪਹਿਨੇ ਇਮਰਾਨ ਖਾਨ ਦੇ ਸਿਰ ਸੱਤਾ ਦਾ ਤਾਜ ਸਜਿਆ। ਭ੍ਰਿਸ਼ਟਾਚਾਰ ਤੋਂ ਬੀਮਾਰ ਹੋ ਚੁੱਕੇ ਪਾਕਿਸਤਾਨ ਨੂੰ ਇਸਲਾਮੀ ਕਲਿਆਣਕਾਰੀ ਰਾਜ ਵਿਚ ਬਦਲਣ ਦਾ ਵਾਅਦਾ ਕਰਨ ਵਾਲੇ ਇਮਰਾਨ ਖਾਨ ਨੂੰ ਜਨਤਾ ਨੇ ਆਪਣੀ ਹਮਾਇਤ ਦਿੱਤੀ। ਪਾਕਿਸਤਾਨ ਵਿਚ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਵਿਚ ਸਭਤੋਂ ਵੱਡੀ ਪਾਰਟੀ ਦੇ ਰੂਪ ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਉਭਰਣ ਤੋਂ ਬਾਅਦ ਇਮਰਾਨ ਖਾਨ ਨੇ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਵਜੋਂ ਹਲਫ ਲਿਆ।
ਸਾਬਕਾ ਪੀ.ਐਮ. ਨੂੰ ਹੋਈ 10 ਸਾਲ ਜੇਲ
ਹਾਲਾਂਕਿ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਪਿਛਲੇ ਸਾਲ ਹੀ ਪ੍ਰਧਾਨ ਮੰਤਰੀ ਅਹੁਦਾ ਛੱਡਣਾ ਪਿਆ ਸੀ। ਨਵਾਜ਼ ਸ਼ਰੀਫ ਖਿਲਾਫ 2016 ਦੇ ਪਨਾਮਾ ਪੇਪਰਸ ਲੀਕ ਮਾਮਲੇ ਵਿਚ ਤਿੰਨ ਮੁਕੱਦਮੇ ਚੱਲ ਰਹੇ ਹਨ। ਇਨ੍ਹਾਂ ਵਿਚੋਂ ਇਕ ਮਾਮਲੇ ਵਿਚ ਅਦਾਲਤ ਨੇ ਉਨ੍ਹਾਂ ਨੂੰ 10 ਸਾਲ ਦੀ ਸਜ਼ਾ ਸੁਣਾਈ।
ਬੰਗਲਾਦੇਸ਼ : ਸਾਬਕਾ ਪ੍ਰਧਾਨ ਮੰਤਰੀ ਜੀਆ ਨੂੰ 10 ਸਾਲ ਦੀ ਜੇਲ
ਬੰਗਲਾਦੇਸ਼ ਦੀ ਪ੍ਰਧਾਨ ਮਤਰੀ ਸ਼ੇਖ ਹਸੀਨਾ ਦੀ ਧੁਰ ਵਿਰੋਧੀ ਸਾਬਕਾ ਪ੍ਰਧਾਨ ਮੰਤਰੀ ਬੇਗਮ ਖਾਲਿਦਾ ਜੀਆ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ 29 ਅਕਤੂਬਰ 2018 ਨੂੰ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਪਰ ਉਨ੍ਹਾਂ ਦੀਆਂ ਮੁਸ਼ਕਲਾਂ ਘੱਟ ਨਹੀਂ ਹੋਈਆਂ। 30 ਅਕਤੂਬਰ 2018 ਨੂੰ ਹਾਈਕੋਰਟ ਨੇ ਖਾਲਿਦਾ ਜੀਆ ਨੂੰ ਅਨਾਥਆਸ਼ਰਮ ਟਰੱਸਟ ਦੇ ਫੰਡ ਵਿਚ ਧਾਂਦਲੀ ਦੇ ਮਾਮਲੇ ਵਿਚ ਫਰਵਰੀ ਵਿਚ ਮਿਲੀ ਪੰਜ ਸਾਲ ਕੈਦ ਦੀ ਸਜ਼ਾ ਨੂੰ ਦੁਗਣੀ ਕਰਦੇ ਹੋਏ 10 ਸਾਲ ਕਰ ਦਿੱਤੀ। 73 ਸਾਲਾ ਜੀਆ ਇਸ ਸਾਲ ਫਰਵਰੀ ਤੋਂ ਜੇਲ ਦੀ ਸਜ਼ਾ ਕੱਟ ਰਹੀ ਹੈ। ਉਨ੍ਹਾਂ 'ਤੇ ਚੈਰਿਟੀ ਫੰਡ ਦੇ ਤਕਰੀਬਨ 3 ਅਰਬ 75 ਹਜ਼ਾਰ ਅਮਰੀਕੀ ਡਾਲਰ ਦੇ ਗਸਤ ਇਸਤੇਮਾਲ ਦੇ ਦੋਸ਼ ਸਨ।
ਜੀਆ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਨੇ 2014 ਦੀਆਂ ਚੋਣਾਂ ਦਾ ਬਾਈਕਾਟ ਕੀਤਾ ਸੀ। ਜਿਸ ਤੋਂ ਬਾਅਦ ਸ਼ੇਖ ਹਸੀਨਾ ਦੀ ਪਾਰਟੀ ਬੰਗਲਾਦੇਸ਼ ਆਵਾਮੀ ਲੀਗ ਜੇਤੂ ਸੀ ਖਾਲਿਦਾ ਜੀਆ ਆਪਣੇ ਪਤੀ ਅਤੇ ਸਾਬਕਾ ਫੌਜੀ ਤਾਨਾਸ਼ਾਹ ਦੇ ਕਤਲ ਤੋਂ ਬਾਅਦ 1980 ਦੇ ਮੱਧ ਵਿਚ ਰਾਜਨੀਤੀ ਵਿਚ ਉਤਰੀ ਸੀ। ਉਸ ਦੇ ਖਿਲਾਫ ਭ੍ਰਿਸ਼ਟਾਚਾਰ ਅਤੇ ਹਿੰਸਾ ਨਾਲ ਜੁੜੇ ਤਕਰੀਬਨ ਅੱਧਾ ਦਰਜਨ ਮਾਮਲੇ ਦਰਜ ਹਨ। ਹਾਲਾਂਕਿ ਜੀਆ ਇਨ੍ਹਾਂ ਦੋਸ਼ਾਂ ਨੂੰ ਨਕਾਰਦੀ ਰਹੀ ਅਤੇ ਉਸ ਦਾ ਕਹਿਣਾ ਹੈ ਕਿ ਇਹ ਉਸ ਦੇ ਪਰਿਵਾਰ ਨੂੰ ਰਾਜਨੀਤੀ ਤੋਂ ਦੂਰ ਕਰਨ ਦੀ ਸਾਜ਼ਿਸ਼ ਹੈ।
ਸ਼੍ਰੀਲੰਕਾ : ਮੈਤਰੀਪਾਲ ਸਿਰੀਸੇਨਾ ਅਤੇ ਰਾਨਿਲ ਬਿਕਰਮਸਿੰਘੇ
ਸ਼੍ਰੀਲੰਕਾ ਵਿਚ ਰਾਜਨੀਤਕ ਸੰਕਟ ਖੜ੍ਹਾ ਹੋ ਗਿਆ ਸੀ। ਗੁਆਂਢੀ ਮੁਲਕ ਸ਼੍ਰੀਲੰਕਾ ਵਿਚ ਤਾਂ ਸਿਆਸੀ ਮਾਹੌਲ ਭੱਖਣ ਦਾ ਅਜਿਹਾ ਦੌਰ ਚੱਲਿਆ ਜਿਸ ਨਾਲ ਸਿਆਸੀ ਸੰਕਟ ਖੜਾ ਹੋ ਗਿਆ। ਸ਼੍ਰੀਲੰਕਾ ਵਿਚ ਜਾਰੀ ਇਸ ਰਾਜਨੀਤਕ ਹਲਚਲ ਵਿਚ 16 ਦਸੰਬਰ ਨੂੰ ਰਾਨਿਲ ਵਿਕਰਮਸਿੰਘੇ ਨੇ ਇਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਅਹੁਦੇ 'ਤੇ ਵਾਪਸੀ ਕੀਤੀ। ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਨੇ ਰਾਨਿਲ ਵਿਕਰਮਸਿੰਘੇ ਨੂੰ ਫਿਰ ਤੋਂ ਪ੍ਰਧਾਨ ਮੰਤਰੀ ਨਾ ਬਣਾਉਣ ਦੀ ਕਸਮ ਖਾਦੀ ਸੀ। ਪਰ ਉਨ੍ਹਾਂ ਨੂੰ ਹਟਾਉਣ ਅਤੇ ਫਿਰ ਤੋਂ ਅਹੁਦੇ 'ਤੇ ਪਰਤਣ ਦਾ ਘਟਨਾਕ੍ਰਮ ਬਹੁਤ ਨਾਟਕੀ ਰਿਹਾ।
26 ਅਕਤੂਬਰ ਨੂੰ ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਰਾਨਿਲ ਵਿਕਰਮਸਿੰਘੇ ਨੂੰ ਹਟਾ ਕੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੂੰ ਨਵਾਂ ਪ੍ਰਧਾਨ ਮੰਤਰੀ ਬਣਾ ਦਿੱਤਾ। ਰਾਸ਼ਟਰਪਤੀ ਸਕੱਤਰੇਤ ਵਿਚ ਮੈਤਰੀਪਾਲਾ ਸਿਰੀਸੇਨਾ ਨੇ ਮਹਿੰਦਾ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਹਾਲਾਂਕਿ ਇਸ ਦੌਰਾਨ ਰਾਨਿਲ ਵਿਕਰਮਾਸਿੰਘੇ ਕਹਿੰਦੇ ਰਹੇ ਕਿ ਉਹ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਅਹੁਦੇ 'ਤੇ ਬਣੇ ਹੋਏ ਹਨ।
ਸਿਰੀਸੇਨਾ ਨੇ ਆਪਣੇ ਧੁਰ ਵਿਰੋਧੀ ਰਹੇ ਰਾਜਪਕਸ਼ੇ ਨੂੰ ਆਪਣੀ ਸਰਕਾਰ ਵਿਚ ਅਹਿਮ ਅਹੁਦਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਮਹਿੰਦਾ ਰਾਜਪਕਸ਼ੇ ਉਥੇ ਹੀ ਹਨ ਜਿਨ੍ਹਾਂ ਨੂੰ ਮੌਜੂਦਾ ਰਾਸ਼ਟਰਪਤੀ ਮੈਤਰਾਪਾਲਾ ਸਿਰੀਸੇਨਾ ਨੇ ਪਿਛਲੇ ਰਾਸ਼ਟਰਪਤੀ ਚੋਣਾਂ ਵਿਚ ਹਰਾਇਆ ਸੀ। ਜਿਸ ਤੋਂ ਬਾਅਦ ਮਹਿੰਦਾ ਰਾਜਪਕਸ਼ੇ ਨੂੰ ਰਾਸ਼ਟਰਪਤੀ ਅਹੁਦਾ ਛੱਡਣਾ ਪਿਆ ਸੀ। ਸਾਲ 2015 ਦੀਆਂ ਚੋਣਾਂ ਵਿਚ ਮੈਤਰੀਪਾਲਾ ਸਿਰੀਸੇਨਾ ਨੇ ਹੋਰ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣਾਈ ਸੀ।
ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਮਤਭੇਦਾਂ ਕਾਰਨ ਆਪਣੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੂੰ ਅਕਤੂਬਰ ਦੇ ਆਖਰੀ ਹਫਤੇ ਵਿਚ ਅਹੁਦੇ ਤੋਂ ਹਟਾ ਦਿੱਤਾ ਸੀ। ਇਸ ਤੋਂ ਬਾਅਦ ਮਹਿੰਦਾ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ ਪਰ ਰਾਜਪਕਸ਼ੇ ਸੰਸਦ ਵਿਚ ਬਹੁਮਤ ਸਾਬਤ ਨਹੀਂ ਕਰ ਸਕੇ। ਸੰਸਦ ਅਤੇ ਰਾਸ਼ਟਰਪਤੀ ਦਫਤਰ ਵਿਚਾਲੇ ਜਾਰੀ ਗਤੀਰੋਧ ਕਾਰਨ ਸ਼੍ਰੀਲੰਕਾ ਵਿਚ ਰਾਜਨੀਤਕ ਸੰਕਟ ਪੈਦਾ ਹੋ ਗਿਆ ਸੀ।
ਇਸ ਦੌਰਾਨ ਇਕ ਹੇਠਲੀ ਅਦਾਲਤ ਨੇ ਰਾਜਪਕਸ਼ੇ ਅਤੇ ਉਨ੍ਹਾਂ ਦੀ ਮੰਤਰੀਪ੍ਰੀਸ਼ਦ ਦੇ ਕੰਮ ਕਰਨ 'ਤੇ ਰੋਕ ਲਗਾ ਦਿੱਤੀ ਸੀ। ਸੁਪਰੀਮ ਕੋਰਟ ਨੇ ਅਦਾਲਤ ਦੇ ਫੈਸਲੇ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਸੰਸਦ ਨੇ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਮੰਤਰੀਆਂ ਦੇ ਬਜਟ ਵਿਚ ਵੀ ਕਟੌਤੀ ਕਰ ਦਿੱਤੀ ਸੀ। ਜਿਸ ਤੋਂ ਬਾਅਦ ਰਾਸ਼ਟਰਪਤੀ ਸਿਰੀਸੇਨਾ ਲਈ ਸਰਕਾਰ ਚਰਾਉਣ ਅਤੇ ਸੰਸਦ ਤੋਂ ਬਜਟ ਪਾਸ ਕਰਵਾਉਣਾ ਜ਼ਰੂਰੀ ਹੋ ਗਿਆ ਸੀ।
ਮਾਲਦੀਵ ਵਿਚ ਘਮਸਾਨ ਤੋਂ ਬਾਅਦ ਜਿੱਤਿਆ ਲੋਕਤੰਤਰ
ਮਾਲਦੀਵ ਵਿਚ ਵੀ ਲੋਕਤੰਤਰ ਦੀ ਪ੍ਰੀਖਿਆ ਹੋਈ। 23 ਦਸੰਬਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਮਾਲਦੀਵ ਦੀ ਜਨਤਾ ਨੇ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਇਬ੍ਰਾਹਿਮ ਮੁਹੰਮਦ ਸੋਲਿਹ ਦੇ ਪੱਖ ਵਿਚ ਜਨਤਾ ਨੂੰ ਇਕ ਸੰਦੇਸ਼ ਦਿੱਤਾ। ਰਾਸ਼ਟਰਪਤੀ ਅਬਦੁੱਲਾ ਯਾਮੀਨ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਯਾਮੀਨ ਦੇ ਵਿਰੋਧ ਵਿਚ ਦੇਸ਼ ਦਾ ਪੂਰਾ ਵਿਰੋਧੀ ਧਿਰ ਇਕ ਹੋ ਗਿਆ ਸੀ। ਹਾਲਾਂਕਿ ਕਈ ਲੋਕਾਂ ਨੂੰ ਅਸ਼ੰਕਾ ਸੀ ਕਿ ਯਾਮੀਨ ਨੇ ਜਿਸ ਤਰ੍ਹਾਂ ਨਾਲ ਦੇਸ਼ ਦੀ ਸੁਪਰੀਮ ਕੋਰਟ, ਚੋਣ ਕਮਿਸ਼ਨ ਅਤੇ ਮੀਡੀਆ 'ਤੇ ਆਪਣਾ ਕੰਟਰੋਲ ਕਾਇਮ ਕੀਤਾ ਹੈ ਉਸ ਤੋਂ ਚੋਣ ਨਤੀਜੇ ਵੀ ਪ੍ਰਭਾਵਿਤ ਹੋਣਗੇ।
ਸਾਲ 2008 ਵਿਚ ਚੁਣੇ ਗਏ ਦੇਸ਼ ਦੇ ਪਹਿਲੇ ਚੁਣੇ ਰਾਸ਼ਟਰਪਤੀ ਨਸ਼ੀਦ ਦੇ 2013 ਵਿਚ ਤਖਤਾਪਲਟ ਤੋਂ ਬਾਅਦ ਅਬਦੁਲ ਯਾਮੀਨ ਦੇਸ਼ ਦੇ ਰਾਸ਼ਟਰਪਤੀ ਬਣ ਗਏ। ਰਾਸ਼ਟਰਪਤੀ ਰਹਿਣ ਦੌਰਾਨ ਯਾਮੀਨ ਨੇ ਚੁਣ-ਚੁਣ ਕੇ ਆਪਣੇ ਰਾਜਨੀਤਕ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ। ਸੱਤਾ ਵਿਚ ਆਉਣ ਤੋਂ ਬਾਅਦ ਤੋਂ ਯਾਮੀਨ ਨੇ ਕਈ ਅਜਿਹੇ ਕਾਨੂੰਨ ਬਣਾਏ ਜਿਨ੍ਹਾਂ ਨਾਲ ਵਿਰੋਧੀ ਧਿਰ ਦੇ ਨੇਤਾ ਜਾਂ ਤਾਂ ਜੇਲ ਵਿਚ ਸੁੱਟ ਦਿੱਤੇ ਗਏ ਜਾਂ ਉਨ੍ਹਾਂ ਨੂੰ ਦੇਸ਼ ਛੱਡਣਾ ਪਿਆ। ਇਸ ਸਾਲ ਫਰਵਰੀ ਵਿਚ ਸੁਪਰੀਮ ਕੋਰਟ ਦੇ ਪੰਜ ਜੱਜਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਪਹਿਲਾਂ ਚੁਣੇ ਰਾਸ਼ਟਰਪਤੀ ਨਸ਼ੀਦ ਪਰਤੇ ਦੇਸ਼
ਸੋਲਿਹ ਚਾਰ ਪਾਰਟੀਆਂ ਦੇ ਗਠਜੋੜ ਦੇ ਨੇਤਾ ਹਨ। ਇਨ੍ਹਾਂ ਪਾਰਟੀਆਂ ਦੇ ਜ਼ਿਆਦਾਤਰ ਨੇਤਾ ਜਾਂ ਤਾਂ ਜੇਲ ਵਿਚ ਬੰਦ ਹਨ ਜਾਂ ਭਗੌੜਿਆਂ ਵਾਲਾ ਜੀਵਨ ਜੀਅ ਰਹੇ ਹਨ। ਦੇਸ਼ ਦੀ ਸੁਪਰੀਮ ਕੋਰਟ ਵਲੋਂ ਗ੍ਰਿਫਤਾਰੀ ਵਾਰੰਟ ਵਾਪਸ ਲਏ ਜਾਣ ਤੋਂ ਦੋ ਦਿਨ ਬਾਅਦ ਮੁਹੰਮਦ ਨਸ਼ੀਦ ਇਕ ਨਵੰਬਰ ਨੂੰ ਵਾਪਸ ਦੇਸ਼ ਪਰਤ ਆਏ। ਨਸ਼ੀਦ ਬੀਤੇ ਦੋ ਸਾਲਾਂ ਤੋਂ ਬ੍ਰਿਟੇਨ ਵਿਚ ਅਤੇ ਫਿਰ ਸ਼੍ਰੀਲੰਕਾ ਵਿਚ ਸਿਆਸੀ ਪਨਾਹ ਲਏ ਹੋਏ ਸਨ। ਅਦਾਲਤ ਨੇ ਕਿਹਾ ਸੀ ਕਿ ਨਸ਼ੀਦ ਨੂੰ ਉਨ੍ਹਾਂ ਦੀ ਪਟੀਸ਼ਨ ਵਿਚ ਨਹੀਂ ਲਿਆ ਜਾ ਸਕਦਾ ਜਦੋਂ ਤੱਕ ਅੱਤਵਾਦ ਮਾਮਲੇ ਵਿਚ ਜੇਲ ਦੀ ਸਜ਼ਾ ਦੇ ਵਿਰੁੱਧ ਉਨ੍ਹਾਂ ਦੀ ਪਟੀਸ਼ਨ 'ਤੇ ਸੁਣਵਾਈ ਨਹੀਂ ਹੋ ਸਕਦੀ।
ਭਾਰਤ ਹਮਾਇਤੀ ਹੈ ਨਵੇਂ ਰਾਸ਼ਟਰਪਤੀ ਸੋਲਿਹ
ਮੰਨਿਆ ਜਾਂਦਾ ਹੈ ਕਿ ਸ਼੍ਰੀਲੰਕਾ ਵਿਚ ਮਹਿੰਦਾ ਰਾਜਪਕਸ਼ੇ ਦੇ ਰਾਸ਼ਟਰਪਤੀ ਰਹਿੰਦਿਆਂ ਚੀਨ ਨੇ ਜੋ ਕੀਤਾ, ਉਹੀ ਕੰਮ ਚੀਨ ਨੇ ਯਾਮੀਨ ਦੇ ਰਾਸ਼ਟਰਪਤੀ ਕਾਲ ਵਿਚ ਮਾਲਦੀਵ ਵਿਚ ਕੀਤਾ। ਮਾਲਦੀਵ ਨੂੰ ਸਭ ਤੋਂ ਜ਼ਿਆਦਾ ਵਿਦੇਸ਼ੀ ਨਿਵੇਸ਼ ਚੀਨ ਤੋਂ ਮਿਲ ਰਿਹਾ ਹੈ। ਹਾਲਾਂਕਿ ਨਵੇਂ ਚੁਣੇ ਰਾਸ਼ਟਰਪਤੀ ਇਬ੍ਰਾਹਿਮ ਮੁਹੰਮਦ ਸੋਲਿਹ ਭਾਰਤ ਦੇ ਨਾਲ ਮਜ਼ਬੂਤ ਸਬੰਧਾਂ ਦੇ ਪੱਖ ਵਿਚ ਰਹੇ ਹਨ। ਸੋਲਿਹ ਭਾਰਤ ਦੇ ਨਾਲ ਬਿਹਤਰ ਰਾਜਨੀਤਕ ਅਤੇ ਵਪਾਰਕ ਰਿਸ਼ਤੇ ਬਣਾਉਣਾ ਚਾਹੁੰਦੇ ਹਨ। ਇਹੀ ਵਜ੍ਹਾ ਹੈ ਕਿ 17 ਨਵੰਬਰ ਨੂੰ ਹੋਏ ਇਬ੍ਰਾਹਿਮ ਸੋਲਿਹ ਦੇ ਸਹੁੰ ਚੁੱਕ ਸਮਾਰੋਹ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਿਰਕਤ ਕੀਤੀ ਸੀ।