ਪੰਜਾਬ ''ਚ ਸਸਤਾ ਵਿਕ ਰਿਹੈ ''ਚਿੱਟਾ ਸੋਨਾ''! ਨਹੀਂ ਮਿੱਲ ਰਿਹਾ ਪੂਰਾ ਮੁੱਲ
Monday, Oct 27, 2025 - 12:55 PM (IST)
ਚੰਡੀਗੜ੍ਹ: ਪੰਜਾਬ ਦੀਆਂ ਮੰਡੀਆਂ ਵਿਚ ਅੱਧੇ ਤੋਂ ਵੱਧ ਕਪਾਹ ਦੀ ਫ਼ਸਲ ਘੱਟੋ-ਘੱਟ ਸਮਰਥਨ ਮੁੱਲ ਤੋਂ ਵੀ ਹੇਠਾਂ ਵਿੱਕ ਗਈ। 'ਚਿੱਟੇ ਸੋਨੇ' ਵਜੋਂ ਜਾਣੀ ਜਾਂਦੀ ਕਪਾਹ ਦਾ ਬਣਦਾ ਮੁੱਲ ਨਾ ਮਿਲਣ ਕਾਰਨ ਕਿਸਾਨ ਬਹੁਤ ਫ਼ਿਕਰਮੰਦ ਹਨ। ਹੜ੍ਹਾਂ ਦੀ ਮਾਰ, ਚਿੱਟੀ ਮੱਖੀ, ਗੁਲਾਬੀ ਸੁੰਡੀ, ਘਟੀਆ ਬੀਜਾਂ ਅਤੇ ਕੀਟਨਾਸ਼ਕਾਂ ਦੀ ਮਾਰ ਮਗਰੋਂ ਹੁਣ ਫ਼ਸਲ ਦਾ ਸਹੀ ਮੁੱਲ ਨਾ ਮਿਲਣ ਕਾਰਨ ਕਿਸਾਨਾਂ ਨੂੰ ਇਕ ਹੋਰ ਝਟਕਾ ਲੱਗਿਆ ਹੈ।
ਜਾਣਕਾਰੀ ਮੁਤਾਬਕ ਕਿਸਾਨਾਂ ਨੂੰ ਹੁਣ ਤੱਕ ਮੰਡੀਆਂ ਵਿਚ ਪਹੁੰਚੀ ਕੁੱਲ ਕਪਾਹ ਵਿਚੋਂ 55 ਪ੍ਰਤੀਸ਼ਤ ਤੋਂ ਵੱਧ ਹਿੱਸਾ MSP ਤੋਂ ਹੇਠਾਂ ਵੇਚਣਾ ਪਿਆ ਹੈ, ਇਸ ਸਭ ਤੋਂ ਬਾਅਦ ਜਾ ਕੇ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ (CCI) ਹੁਣ ਮਾਰਕੀਟ ਵਿਚ ਦਾਖਲ ਹੋ ਰਹੀ ਹੈ। 24 ਅਕਤੂਬਰ ਤੱਕ ਵੱਖ-ਵੱਖ ਮੰਡੀਆਂ ਵਿਚ ਕੁੱਲ 112,341 ਕੁਇੰਟਲ ਕਪਾਹ ਦੀ ਖਰੀਦ ਹੋਈ, ਜਿਸ ਵਿੱਚੋਂ 55.5% ਫਸਲ ਘੱਟ ਭਾਅ 'ਤੇ ਵਿਕੀ ਹੈ। ਇਸ ਦਾ ਮਤਲਬ ਹੈ ਕਿ ਕਿਸਾਨਾਂ ਨੂੰ ਪ੍ਰਤੀ ਕੁਇੰਟਲ ₹1000 ਤੋਂ ₹1500 ਤੱਕ ਘੱਟ ਰੇਟ 'ਤੇ ਆਪਣੀ ਕਪਾਹ ਵੇਚਣ ਲਈ ਮਜਬੂਰ ਹੋਣਾ ਪਿਆ ਹੈ। ਜ਼ਿਕਰਯੋਗ ਹੈ ਕਿ 2024-25 ਵਿਚ ਇਸ ਤੋਂ ਪਹਿਲਾਂ ਸਿਰਫ਼ 2310 ਕੁਇੰਟਲ ਕਪਾਹ ਹੀ MSP ਤੋਂ ਹੇਠਾਂ ਵਿਕੀ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਦਲੀਆਂ Milk Products ਦੀਆਂ ਕੀਮਤਾਂ! ਜਾਣੋ ਕਿੰਨਾ ਹੋਇਆ ਵਾਧਾ
ਕਿਸਾਨਾਂ ਨੂੰ ਨਿੱਜੀ ਵਪਾਰੀਆਂ ਨੂੰ ਆਪਣੀ ਫਸਲ ਵੇਚਣ ਲਈ ਮਜਬੂਰ ਹੋਣਾ ਪਿਆ, ਕਿਉਂਕਿ CCI ਸਿਰਫ਼ 24 ਅਕਤੂਬਰ ਨੂੰ ਹੀ ਖਰੀਦ ਕਰਨ ਲਈ ਮੈਦਾਨ ਵਿੱਚ ਉਤਰੀ। CCI ਨੇ ਸ਼ੁੱਕਰਵਾਰ ਨੂੰ ਕਪਾਹ ਦੀ ਖ਼ਰੀਦ ਸ਼ੁਰੂ ਕੀਤੀ ਤੇ ਸਿਰਫ਼ 105 ਕੁਇੰਟਲ ਕਪਾਹ ਖਰੀਦੀ। ਇਸ ਦਿਨ ਕੁੱਲ 1907 ਕੁਇੰਟਲ ਕਪਾਹ ਦੀ ਖਰੀਦ ਹੋਈ, ਜਿਸ ਵਿਚੋਂ 1802 ਕੁਇੰਟਲ ਦੀ ਖਰੀਦ ਨਿੱਜੀ ਵਪਾਰੀਆਂ ਨੇ ਕੀਤੀ ਤੇ CCI ਨੇ ਸਿਰਫ 105 ਕੁਇੰਟਲ ਖਰੀਦੀ। ਉੱਥੇ ਹੀ ਸ਼ਨੀਵਾਰ ਨੂੰ CCI ਨੇ ਬਿਲਕੁੱਲ ਵੀ ਖ਼ਰੀਦ ਨਹੀਂ ਕੀਤੀ। CCI ਦੇ ਸੀਜੀਐਮ ਮਨੋਜ ਬਜਾਜ ਨੇ ਕਿਹਾ ਕਿ ਉਹ ਸ਼ਨੀਵਾਰ ਨੂੰ ਖਰੀਦ ਨਾ ਹੋਣ ਦਾ ਪਤਾ ਲਗਵਾਉਣਗੇ।
ਇਸ ਤੋਂ ਪਹਿਲਾਂ ਪੰਜਾਬ ਦੇ ਖੇਤਾਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ CCI ਦੀ ਗੈਰ-ਹਾਜ਼ਰੀ ਬਾਰੇ ਕੇਂਦਰ ਸਰਕਾਰ ਤੋਂ ਦਖ਼ਲ ਦੀ ਮੰਗ ਕਰ ਚੁੱਕੇ ਹਨ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਨਰਮਾ ਕਾਸ਼ਤਕਾਰਾਂ ਲਈ ਕੇਂਦਰ ਦੇ ਖੋਖਲੇ ਵਾਅਦਿਆਂ ਦੀ ਤਸਵੀਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਫਸਲੀ ਵਿਭਿੰਨਤਾ ਸਬੰਧੀ ਸਰਗਰਮ ਪਹਿਲਕਦਮੀਆਂ ਸਦਕਾ ਸੂਬੇ ’ਚ ਨਰਮੇ ਦੀ ਕਾਸ਼ਤ ਹੇਠ ਰਕਬੇ ’ਚ 20 ਫੀਸਦੀ ਵਾਧਾ ਹੋਇਆ ਹੈ, ਜਦਕਿ ਹੁਣ ਖਰੀਦ ਪ੍ਰਕਿਰਿਆ ਸਮੇਂ ਸੀ. ਸੀ. ਆਈ. ਦੀ ਸ਼ੱਕੀ ਗੈਰ-ਹਾਜ਼ਰੀ ਕਿਸਾਨਾਂ ਲਈ ਨਿਰਾਸ਼ਾ ਦਾ ਸਬੱਬ ਬਣੀ ਹੋਈ ਹੈ। ਨਰਮਾ ਕਾਸ਼ਤਕਾਰਾਂ ਲਈ MSP ’ਤੇ ਖ਼ਰੀਦ ਦੇ ਵਾਅਦੇ ਨੂੰ ਪੂਰਾ ਕਰਨ ’ਚ ਕੇਂਦਰ ਦੀ ਨਾਕਾਮੀ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਖੇਤੀਬਾੜੀ ਮੰਤਰੀ ਨੇ ਸਵਾਲ ਕੀਤਾ ਕਿ ਹੁਣ ਮੰਡੀਆਂ ’ਚ ਕਿਸਾਨ ਨਰਮੇ ਦੀ ਫਸਲ ਲੈ ਕੇ ਬੈਠੇ ਹਨ, ਪਰ ਭਾਰਤ ਸਰਕਾਰ ਦੀ CCI ਕਿੱਥੇ ਹੈ?
