ਪੁਲਸ ਛਾਉਣੀ ’ਚ ਤਬਦੀਲ ਹੋਇਆ ਇਹ ਪਿੰਡ, ਮਾਹੌਲ ਬਣਿਆ ਤਣਾਅਪੂਰਨ, ਨਿਹੰਗ ਸਿੰਘਾਂ ਨੇ...

Thursday, Oct 16, 2025 - 12:05 PM (IST)

ਪੁਲਸ ਛਾਉਣੀ ’ਚ ਤਬਦੀਲ ਹੋਇਆ ਇਹ ਪਿੰਡ, ਮਾਹੌਲ ਬਣਿਆ ਤਣਾਅਪੂਰਨ, ਨਿਹੰਗ ਸਿੰਘਾਂ ਨੇ...

ਜਲੰਧਰ (ਮਹੇਸ਼)- ਵਿਧਾਨ ਸਭਾ ਹਲਕਾ ਜਲੰਧਰ ਸੈਂਟਰਲ ਦੇ ਵਾਰਡ ਨੰਬਰ 5 ਦੇ ਅਧੀਨ ਪੈਂਦੇ ਪਿੰਡ ਚੋਹਕ ਕਲਾਂ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪਿੰਡ ਦੇ ਇਕ ਸਾਂਝੇ ਸਥਾਨ ਲੰਗਰ ਹਾਲ ’ਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਧਾਰਮਿਕ ਸਥਾਨ ’ਚ ਨਿਸ਼ਾਨ ਸਾਹਿਬ ਸਥਾਪਿਤ ਕਰਕੇ ਹਾਲ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕਰ ਦਿੱਤੇ ਗਏ।  ਐੱਸ. ਸੀ. ਭਾਈਚਾਰੇ ਵੱਲੋਂ ਇਤਰਾਜ਼ ਕਰਨ ’ਤੇ ਮਾਹੌਲ ਤਣਾਅਪੂਰਨ ਹੋ ਗਿਆ, ਜਿਸ ਦੀ ਸੂਚਨਾ ਮਿਲਦੇ ਹੀ ਜਲੰਧਰ ਕਮਿਸ਼ਨਰੇਟ ਪੁਲਸ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਤੁਰੰਤ ਕਾਰਵਾਈ ਕੀਤੀ ਅਤੇ ਡੀ. ਸੀ. ਪੀ. ਸਕਿਓਰਿਟੀ ਨਰੇਸ਼ ਡੋਗਰਾ, ਆਕਰਸ਼ੀ ਜੈਨ ਏ. ਡੀ. ਸੀ. ਪੀ. ਸਿਟੀ -1, ਜਯੰਤ ਪੁਰੀ ਏ. ਡੀ. ਸੀ. ਪੀ. ਇੰਨਵੈਸਟੀਗੇਸ਼ਨ, ਸੁਖਵਿੰਦਰ ਸਿੰਘ ਏ. ਡੀ. ਸੀ. ਪੀ. ਹੈੱਡਕੁਆਰਟਰ, ਅਮਨਦੀਪ ਸਿੰਘ ਏ. ਸੀ. ਪੀ. ਸੈਂਟਰਲ, ਏ. ਸੀ. ਪੀ. ਸਕਿਓਰਿਟੀ ਗਗਨਦੀਪ ਸਿੰਘ ਘੁੰਮਣ, ਐੱਸ. ਐੱਚ. ਓ. ਡਿਵੀਜ਼ਨ-5 ਸਾਹਿਲ ਚੌਧਰੀ, ਐੱਸ. ਐੱਚ. ਓ. ਰਾਮਾ-ਮੰਡੀ ਮਨਜਿੰਦਰ ਸਿੰਘ, ਐੱਸ. ਐੱਚ. ਓ. ਥਾਣਾ -2 ਜਸਵਿੰਦਰ ਸਿੰਘ ਅਤੇ ਐੱਸ. ਐੱਚ. ਓ. ਥਾਣਾ ਨਵੀਂ ਬਾਰਾਂਦਰੀ ਰਵਿੰਦਰ ਕੁਮਾਰ ਦੀ ਅਗਵਾਈ ਹੇਠ ਪੁਲਸ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਵੇਖਦੇ ਹੀ ਵੇਖਦੇ ਚੋਹਕ ਕਲਾਂ ਪਿੰਡ ਪੁਲਸ ਛਾਉਣੀ ’ਚ ਤਬਦੀਲ ਹੋ ਗਿਆ ।

ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਇਕ ਹੋਰ ਵਾਅਦਾ ਕੀਤਾ ਪੂਰਾ, ਇਨ੍ਹਾਂ ਲੋਕਾਂ ਨੂੰ ਦਿੱਤਾ ਵੱਡਾ ਤੋਹਫ਼ਾ

PunjabKesari

ਇਸ ਪਿੰਡ ਦੇ ਸਰਪੰਚ ਰਹਿ ਚੁੱਕੇ ਸਮਾਜਿਕ ਇਨਸਾਫ਼ ਕੌਂਸਲ ਦੇ ਕੋਆਰਡੀਨੇਟਰ ਅਤੇ ਪੰਜਾਬ ਦਲਿਤ ਮਹਾਸਭਾ ਦੇ ਚੇਅਰਮੈਨ ਰਮੇਸ਼ ਕੁਮਾਰ ਚੋਹਕਾਂ ਉੱਘੇ ਦਲਿਤ ਆਗੂ ਨੇ ਦੱਸਿਆ ਕਿ ਉਕਤ ਸਥਾਨ ਪਿੰਡ ਦਾ ਸਾਂਝਾ ਸਥਾਨ ਹੈ ਅਤੇ ਇਸ ਦਾ ਜੰਞ ਘਰ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਥਾਨ ’ਤੇ ਧਾਰਮਿਕ ਅਤੇ ਸਮਾਜਿਕ ਸਮਾਗਮ ਅਤੇ ਵਿਆਹ ਸਮਾਗਮ ਕੀਤੇ ਜਾਂਦੇ ਹਨ ਪਰ ਬੁੱਧਵਾਰ ਕੁਝ ਨਿਹੰਗ ਸਿੰਘ ਜੱਥੇਬੰਦੀਆਂ ਵੱਲੋਂ ਹਾਲ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਥੇ ਢੇਰ ਹੁੰਦੇ ਸਨ, ਜਿਸ ਨੂੰ ਚੋਹਕ ਕਲਾਂ ਵੈੱਲਫੇਅਰ ਸੋਸਾਇਟੀ ਵੱਲੋਂ ਮਤਾ ਪਾ ਕੇ ਸਾਫ਼-ਸਫ਼ਾਈ ਕਰਕੇ ਹਾਲ ਬਣਾਇਆ ਗਿਆ ਹੈ, ਜਿਸ ਨੂੰ ਜੰਞ ਘਰ ਵਜੋਂ ਵਰਤਿਆ ਜਾਂਦਾ ਹੈ। 

ਇਹ ਵੀ ਪੜ੍ਹੋ: 19 ਸਾਲਾ ਮੁੰਡੇ ਦੇ ਪਿਆਰ 'ਚ ਡੁੱਲੀ 31 ਸਾਲਾ ਅਧਿਆਪਕਾ ! ਹੈਰਾਨ ਕਰੇਗਾ ਪੰਜਾਬ ਦਾ ਇਹ ਮਾਮਲਾ

PunjabKesari

ਉਨ੍ਹਾਂ ਕਿਹਾ ਕਿ ਕੁਝ ਪਿੰਡ ਦੇ ਲੋਕਾਂ ਦੇ ਕਹਿਣ ’ਤੇ ਕੁਝ ਨਿਹੰਗ ਜੱਥੇਬੰਦੀਆਂ ਵੱਲੋਂ ਇਸ ਜਗ੍ਹਾ ’ਤੇ ਕਬਜ਼ਾ ਕੀਤਾ ਗਿਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਦਾ ਮਾਹੌਲ ਸੁਖਾਲਾ ਬਣਾਈ ਰੱਖਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਪਿੰਡ ਦੀ ਭਾਈਚਾਰਕ ਸਾਂਝ ਬਣੀ ਰਹਿਣੀ ਚਾਹੀਦੀ ਹੈ।
ਇਸ ਸਬੰਧੀ ਜਦ ਪਿੰਡ ਦੀ ਦੂਜੀ ਧਿਰ ਦੇ ਮੋਹਰੀ ਲੰਬੜਦਾਰ ਜਰਨੈਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਾ ਲੰਗਰ ਹਾਲ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਮਹਿਜ਼ ਪੰਜ ਮਰਲੇ ਵਿਚ ਬਣਿਆ ਹੋਇਆ ਹੈ ਅਤੇ ਗੁਰਦੁਆਰਾ ਸਾਹਿਬ ਅੰਦਰ ਨਾ ਤਾਂ ਪਖਾਨੇ ਹਨ ਅਤੇ ਨਾ ਹੀ ਲੰਗਰ ਬਣਾਉਣ ਅਤੇ ਲੰਗਰ ਵਰਤਾਉਣ ਦੀ ਸੁਵਿਧਾ ਲਈ ਸਥਾਨ ਹੈ, ਜਿਸ ਲਈ ਇਸ ਲੰਗਰ ਹਾਲ ਦੀ ਸਥਾਪਨਾ ਕੀਤੀ ਗਈ ਸੀ।

ਉਨ੍ਹਾਂ ਦੱਸਿਆ ਕਿ 2014 ਵਿਚ ਗੁਰਦੁਆਰਾ ਸਾਹਿਬ ਜੀ ਦੇ ਮਤਿਆਂ ਅਨੁਸਾਰ ਇਸ ਲੰਗਰ ਹਾਲ ਦੀ ਸਥਾਪਨਾ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐੱਸ. ਸੀ. ਭਾਈਚਾਰੇ ਦੇ ਲੋਕਾਂ ਨੂੰ ਆਪਣੇ ਧਾਰਮਿਕ ਅਤੇ ਸਮਾਜਿਕ ਕੰਮ-ਕਾਜ ਅਤੇ ਸਮਾਗਮ ਕਰਵਾਉਣ ਲਈ ਇਸ ਜਗ੍ਹਾ ਦੀ ਵਰਤੋਂ ਕਰਨ ਲਈ ਸਹਿਮਤੀ ਨਾਲ ਪ੍ਰਵਾਨਗੀ ਦਿੱਤੀ ਗਈ ਸੀ ਪਰ ਬੀਤੇ ਦਿਨਾਂ ਦੌਰਾਨ ਗੁਰੂ ਘਰ ਦੇ ਇਸ ਸਥਾਨ ’ਚ ਵਿਆਹ-ਸ਼ਾਦੀ ਦੇ ਸਮਾਗਮ ਕਰਵਾਏ ਗਏ ਅਤੇ ਗੁਰੂ ਘਰ ਦੇ ਲੰਗਰ ਹਾਲ ਅੰਦਰ ਡੀ. ਜੇ. ਚਲਾਏ ਗਏ ਅਤੇ ਮੀਟ ਸ਼ਰਾਬ ਦਾ ਸੇਵਨ ਕੀਤਾ ਗਿਆ, ਜੋਕਿ ਕਿਸੇ ਵੀ ਹਾਲਤ ਵਿਚ ਮਨਜ਼ੂਰ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਦੱਸਿਆ ਕਿ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਤਿੰਨ ਮਹੀਨੇ ਤੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੁਲਾਕਾਤਾਂ ਕਰਕੇ ਇਸ ਮਾਮਲੇ ਦਾ ਹੱਲ ਕਰਵਾਉਣ ਲਈ ਬਾਰ-ਬਾਰ ਬੇਨਤੀ ਕੀਤੀ ਗਈ ਪਰ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਪੁਖ਼ਤਾ ਕਾਰਵਾਈ ਨਹੀਂ ਕੀਤੀ ਗਈ, ਜਿਸ ਦੇ ਚਲਦਿਆਂ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਵੱਲੋਂ ਮਿਸਲ ਸ਼ਹੀਦਾਂ ਤਰਨਾ ਦਲ ਦੇ ਜਥੇਦਾਰ ਬਾਬਾ ਹਰੀ ਸਿੰਘ ਜੀ ਗ੍ਰੰਥੀਆਂ ਬਟਾਲਾ ਵਾਲੇ ਤੇ ਜਥੇਦਾਰ ਬਾਬਾ ਲਖਬੀਰ ਸਿੰਘ ਜੀ ਚੌਲਾਂਗ ਵਾਲਿਆਂ ਦੇ ਨਾਲ ਸੰਪਰਕ ਕਰ ਕੇ ਇਸ ਜਗ੍ਹਾ ’ਤੇ ਮਰਿਆਦਾ ਕਾਇਮ ਕਰਵਾਉਣ ਲਈ ਬੇਨਤੀ ਕੀਤੀ ਸੀ।  ਉਨ੍ਹਾਂ ਦੱਸਿਆ ਕਿ ਨਿਹੰਗ ਸਿੰਘ ਜਥੇਬੰਦੀਆਂ ਗੁਰੂ ਘਰ ਦੀ ਮਰਿਆਦਾ ਲਈ ਇਕੱਤਰ ਹੋਈਆਂ ਸਨ ਨਾ ਕਿ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਦਾ ਲੜਾਈ-ਝਗੜਾ ਕਰਨ ਲਈ ਨਹੀਂ ਆਈਆਂ ਸਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸਾਡੀ ਕੋਈ ਵੀ ਬੇਨਤੀ ਨਾ ਸੁਣੇ ਜਾਣ ਕਾਰਨ ਗੁਰੂ ਘਰ ਦੀ ਮਰਿਆਦਾ ਨੂੰ ਕਾਇਮ ਕਰਨ ਲਈ ਰੱਖਣ ਲਈ ਸਾਨੂੰ ਨਿਹੰਗ ਸਿੰਘ ਜਥੇਬੰਦੀਆਂ ਅੱਗੇ ਇਹ ਮਸਲਾ ਰੱਖਣਾ ਪਿਆ, ਜਿਸ ਤੋਂ ਬਾਅਦ ਨਿਹੰਗ ਜਥੇਬੰਦੀ ਨੇ ਮਰਿਆਦਾ ਅਨੁਸਾਰ ਨਿਸ਼ਾਨ ਸਾਹਿਬ ਲਾ ਕੇ ਅਤੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਚਲਾਈ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੂੰ ਇਸ ਮਾਮਲੇ ’ਤੇ ਤਵੱਜੋ ਦਿੰਦੇ ਹੋਏ ਦੋਵੇਂ ਧਿਰਾਂ ਦਾ ਪੱਖ ਵੇਖਣਾ ਚਾਹੀਦਾ ਹੈ ਅਤੇ ਸੱਚ ਨੂੰ ਸੱਚ ਜਾਣ ਕੇ ਗੁਰੂ ਘਰ ਦੇ ਲੰਗਰ ਹਾਲ ਦੀ ਮਰਿਆਦਾ ਨੂੰ ਕਾਇਮ ਕਰਨ ਲਈ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਪ੍ਰਸ਼ਾਸਨ ਸਾਰੇ ਸਬੂਤ ਅਤੇ ਕਾਗਜ਼ਾਤ ਵੇਖ ਕੇ ਹੀ ਹੱਕ-ਸੱਚ ਦੀ ਲੜਾਈ ਲਈ ਅਤੇ ਗੁਰੂ ਘਰ ਦੀ ਮਰਿਆਦਾ ਲਈ ਕੋਈ ਫ਼ੈਸਲਾ ਲਵੇਗਾ।

ਇਹ ਵੀ ਪੜ੍ਹੋ: ਜਲੰਧਰ 'ਚ ਮਸ਼ਹੂਰ ਢਾਬਾ ਮਾਲਕ ਦੇ ਭਰਾ ਨੇ ਕੀਤੀ ਖ਼ੁਦਕੁਸ਼ੀ, ਦੋ ਦਿਨ ਪਹਿਲਾਂ ਹੀ ਵਿਦੇਸ਼ੋਂ ਪਰਤੀ ਸੀ ਧੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News