ਕੈਨੇਡਾ : ਟਰੂਡੋ ਜਲਦ ਲਾਉਣਗੇ ਯਾਤਰਾ ਪਾਬੰਦੀ, ਰੱਦ ਕਰਾਉਣੀ ਪੈ ਸਕਦੀ ਹੈ ਟਿਕਟ
Wednesday, Jan 27, 2021 - 02:50 PM (IST)
ਟੋਰਾਂਟੋ- ਜੇਕਰ ਤੁਸੀਂ ਵਿਦੇਸ਼ ਜਾਂ ਕੈਨੇਡਾ ਵਿਚ ਹੀ ਕਿਤੇ ਹਵਾਈ ਯਾਤਰਾ ਕਰਨ ਵਾਲੇ ਹੋ ਅਤੇ ਤੁਹਾਡੀ ਇਹ ਯਾਤਰਾ ਜ਼ਰੂਰੀ ਨਹੀਂ ਹੈ ਤਾਂ ਤੁਹਾਨੂੰ ਟਿਕਟ ਰੱਦ ਕਰਾਉਣੀ ਪੈ ਸਕਦੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਜਲਦ ਹੀ ਯਾਤਰਾ ਪਾਬੰਦੀਆਂ ਨੂੰ ਹੋਰ ਸਖ਼ਤ ਕਰਨ ਜਾ ਰਹੇ ਹਨ। ਟਰੂਡੋ ਨੇ ਕਿਹਾ ਕਿ ਜਨਤਕ ਸਿਹਤ ਭਲਾਈ ਲਈ ਲੋਕ ਵਿਦੇਸ਼ ਅਤੇ ਸੂਬਿਆਂ ਵਿਚਕਾਰ ਸਾਰੀਆਂ ਗੈਰ-ਜ਼ਰੂਰੀ ਯਾਤਰਾਵਾਂ ਕਰਨ ਤੋਂ ਹੁਣ ਗੁਰੇਜ਼ ਕਰਨ।
ਟਰੂਡੋ ਨੇ ਕਿਹਾ ਕਿ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਨ੍ਹਾਂ ਖ਼ਬਰਾਂ ਕਾਰਨ ਸਰਕਾਰ ਨੇ ਪਹਿਲਾਂ ਤੋਂ ਲਾਗੂ ਯਾਤਰਾ ਪਾਬੰਦੀਆਂ ਨੂੰ ਹੋਰ ਸਖ਼ਤ ਕਰਨ ਦਾ ਵਿਚਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਗੈਰ-ਜ਼ਰੂਰੀ ਯਾਤਰਾ ਦੀ ਯੋਜਨਾ ਬਣਾਈ ਹੈ ਤਾਂ ਉਹ ਤੁਰੰਤ ਇਸ ਨੂੰ ਰੱਦ ਕਰ ਲੈਣ।
ਉਨ੍ਹਾਂ ਕਿਹਾ ਕਿ ਜੇਕਰ ਵਿਦੇਸ਼ ਤੋਂ ਇਕ ਵੀ ਕੋਰੋਨਾ ਦੇ ਨਵੇਂ ਸਟ੍ਰੇਨ ਦਾ ਮਾਮਲਾ ਆਉਂਦਾ ਹੈ ਤਾਂ ਇਹ ਹੋਰ ਕਈਆਂ ਨੂੰ ਬੀਮਾਰ ਕਰ ਸਕਦਾ ਹੈ। ਇਸ ਲਈ ਅਸੀਂ ਕੋਈ ਵੀ ਖ਼ਤਰਾ ਨਹੀਂ ਲੈਣਾ ਚਾਹੁੰਦੇ ਤੇ ਚਾਹੁੰਦੇ ਹਾਂ ਕਿ ਲੋਕ ਆਪਣੇ ਨਾਲ ਹੋਰਾਂ ਦੀ ਤੰਦਰੁਸਤੀ ਲਈ ਵੀ ਧਿਆਨ ਰੱਖਣ। ਜ਼ਿਕਰਯੋਗ ਹੈ ਕਿ ਕੈਨੇਡਾ ਤੇ ਅਮਰੀਕਾ ਵਿਚਕਾਰ ਫਿਲਹਾਲ ਜ਼ਮੀਨੀ ਸਰਹੱਦ ਗੈਰ-ਜ਼ਰੂਰੀ ਯਾਤਰਾ ਲਈ ਬੰਦ ਕੀਤੀ ਗਈ ਹੈ। ਇਸ ਦੇ ਇਲਾਵਾ ਕੈਨੇਡਾ ਵਿਚ ਦਾਖ਼ਲ ਹੋਣ ਵਾਲੇ ਕੌਮਾਂਤਰੀ ਯਾਤਰੀਆਂ ਨੂੰ 72 ਘੰਟੇ ਪਹਿਲਾਂ ਦੀ ਕੋਰੋਨਾ ਨੈਗੇਟਿਵ ਰਿਪੋਰਟ ਦਿਖਾਉਣੀ ਪੈਂਦੀ ਹੈ। ਇਸ ਦੇ ਨਾਲ ਹੀ 14 ਦਿਨਾਂ ਦਾ ਇਕਾਂਤਵਾਸ ਵੀ ਲਾਜ਼ਮੀ ਹੈ। ਜੇਕਰ ਕੋਈ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 75,000 ਡਾਲਰ ਦਾ ਜੁਰਮਾਨਾ ਤੇ 6 ਮਹੀਨਿਆਂ ਦੀ ਸਜ਼ਾ ਹੋ ਸਕਦੀ ਹੈ।