ਇਮਰਾਨ ਖਾਨ ਨੇ ਸਾਊਦੀ ਪ੍ਰਿੰਸ ਨੂੰ ਕਸ਼ਮੀਰ ਹਾਲਾਤ ਬਾਰੇ ਦਿੱਤੀ ਜਾਣਕਾਰੀ
Wednesday, Aug 07, 2019 - 07:46 PM (IST)

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਵਲੋਂ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਵਾਪਸ ਲੈਣ ਤੋਂ ਬਾਅਦ ਕਸ਼ਮੀਰ ਦੇ ਹਾਲਾਤ ਬਾਰੇ ਜਾਣਕਾਰੀ ਸਾਊਦੀ ਅਰਬ ਦੇ ਵਲੀ ਅਹਿਦ (ਕ੍ਰਾਊਨ ਪ੍ਰਿੰਸ) ਮੁਹੰਮਦ ਬਿਨ ਸਲਮਾਨ ਨੂੰ ਦਿੱਤੀ ਹੈ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ।
ਭਾਰਤ ਸਰਕਾਰ ਨੇ ਸੰਵਿਧਾਨ ਦੀ ਧਾਰਾ 370 ਦੇ ਤਹਿਤ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੇ ਕਾਨੂੰਨਾਂ ਨੂੰ ਹਟਾਉਂਦੇ ਹੋਏ ਸਰਹੱਦੀ ਸੂਬੇ ਨੂੰ ਦੋ ਕੇਂਦਰਸ਼ਾਸਤ ਪ੍ਰਦੇਸ਼ 'ਚ ਵੰਡ ਦਿੱਤਾ ਸੀ। ਸਰਕਾਰ ਦੇ ਇਸ ਕਦਮ ਨੂੰ ਸੰਸਦ ਦੀ ਮਨਜ਼ੂਰੀ ਵੀ ਮਿਲ ਚੁੱਕੀ ਹੈ। ਅਧਿਕਾਰਿਤ ਸਾਊਦੀ ਪ੍ਰੈੱਸ ਏਜੰਸੀ ਦੇ ਮੁਤਾਬਕ ਦੋਵਾਂ ਨੇਤਾਵਾਂ ਦੇ ਵਿਚਾਲੇ ਮੰਗਲਵਾਰ ਨੂੰ ਫੋਨ 'ਤੇ ਗੱਲਬਾਤ ਹੋਈ। ਏਜੰਸੀ ਨੇ ਕਿਹਾ ਕਿ ਇਸ ਦੌਰਾਨ ਦੋਵਾਂ ਨੇਤਾਵਾਂ ਨੇ ਖੇਤਰ ਦੇ ਹਾਲਾਤ 'ਤੇ ਚਰਚਾ ਕੀਤੀ। ਨਾਲ ਹੀ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਸਲਮਾਨ ਨੂੰ ਕਸ਼ਮੀਰ ਦੇ ਤਾਜ਼ਾ ਘਟਨਾਕ੍ਰਮ ਤੋਂ ਵੀ ਜਾਣੂ ਕਰਵਾਇਆ।