ਮਿਸ਼ੀਗਨ ਦੇ ਉੱਪਰੀ ਪ੍ਰਾਇਦੀਪ ਖੇਤਰ ''ਚ ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ
Wednesday, Dec 09, 2020 - 10:06 PM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਵਿਸਕਾਨਸਿਨ ਨੈਸ਼ਨਲ ਗਾਰਡ ਦੀ ਜਾਣਕਾਰੀ ਅਨੁਸਾਰ ਇਕ ਅਮਰੀਕੀ ਐੱਫ -16 ਲੜਾਕੂ ਜਹਾਜ਼, ਜੋ ਕਿ ਇਕ ਰੁਟੀਨ ਸਿਖਲਾਈ ਮਿਸ਼ਨ 'ਤੇ ਸੀ, ਮਿਸ਼ੀਗਨ ਦੇ ਉੱਪਰੀ ਪ੍ਰਾਇਦੀਪ ਖੇਤਰ ਵਿਚ ਮੰਗਲਵਾਰ ਰਾਤ ਨੂੰ ਹਾਦਸਾਗ੍ਰਸਤ ਹੋ ਗਿਆ ਅਤੇ ਇਸ ਹਾਦਸੇ ਵਿਚ ਪਾਇਲਟ ਜੋ ਕਿ ਜਹਾਜ਼ ਵਿਚ ਇਕੱਲਾ ਹੀ ਸੀ, ਫਿਲਹਾਲ ਅਜੇ ਲਾਪਤਾ ਹੈ।
ਇਸ ਹਾਦਸੇ ਦੇ ਸੰਬੰਧ ਵਿਚ ਨੈਸ਼ਨਲ ਗਾਰਡ ਦੇ 115ਵੇਂ ਲੜਾਕੂ ਵਿੰਗ ਨੇ ਇਕ ਬਿਆਨ ਵਿਚ ਦੱਸਿਆ ਕਿ ਪਾਇਲਟ ਦੀ ਭਾਲ ਜਾਰੀ ਹੈ ਅਤੇ ਇਸ ਸਮੇਂ ਪਾਇਲਟ ਦੀ ਸਥਿਤੀ ਬਾਰੇ ਅਜੇ ਜਾਣਕਾਰੀ ਨਹੀਂ ਹੈ ਜਦਕਿ ਵਿੰਗ ਅਨੁਸਾਰ ਇਸ ਸੰਬੰਧੀ ਸੰਯੁਕਤ ਰਾਜ ਦੇ ਕੋਸਟ ਗਾਰਡ ਅਤੇ ਹੋਰ ਸਰਕਾਰੀ ਏਜੰਸੀਆਂ ਨਾਲ ਤਾਲਮੇਲ ਕਰਨ ਨਾਲ ਪਾਇਲਟ ਦੀ ਭਾਲ ਅਤੇ ਬਚਾਅ ਦੇ ਯਤਨ ਜਾਰੀ ਹਨ।
ਹਾਦਸਾਗ੍ਰਸਤ ਹੋਇਆ ਲੜਾਕੂ ਜਹਾਜ਼ ਮੈਡੀਸਨ ਦੇ ਟਰੂਐਕਸ ਫੀਲਡ ਏਅਰ ਨੈਸ਼ਨਲ ਗਾਰਡ ਬੇਸ ਵਿਚ ਵਿਸਕਾਨਸਿਨ ਏਅਰ ਨੈਸ਼ਨਲ ਗਾਰਡ ਦੇ 115ਵੇਂ ਲੜਾਕੂ ਵਿੰਗ ਤੋਂ ਸੀ। ਇਸ ਫਾਈਟਰ ਵਿੰਗ ਦੇ ਕਮਾਂਡਰ ਕਰਨਲ ਬਾਰਟ ਵੈਨ ਰੂ ਅਨੁਸਾਰ ਕੀਤੇ ਜਾ ਰਹੇ ਖੋਜ ਅਤੇ ਬਚਾਅ ਕਾਰਜਾਂ ਦੇ ਨਾਲ ਪਾਇਲਟ ਦੀ ਸੁਰੱਖਿਆ ਸਾਡੀ ਪ੍ਰਮੁੱਖ ਤਰਜੀਹ ਹੈ ਜਦਕਿ ਇਸ ਹਾਦਸੇ ਦੇ ਕਾਰਨਾਂ ਦੀ ਵੀ ਅਜੇ ਜਾਂਚ ਕੀਤੀ ਜਾ ਰਹੀ ਹੈ।