ਬਿਜਲੀ ਬਿੱਲਾਂ ਨੇ ਕੱਢਿਆ ਕਚੂੰਮਰ, ਸਕਾਟਲੈਂਡ ਦੇ ਲੱਖਾਂ ਲੋਕ ਘਰੇਲੂ ਹੀਟਿੰਗ ਬੰਦ ਰੱਖਣ ਨੂੰ ਦੇ ਰਹੇ ਤਰਜੀਹ
Sunday, Jan 22, 2023 - 09:57 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ ’ਚ ਲੱਖਾਂ ਲੋਕ ਬਿਜਲੀ ਦੀਆਂ ਦਰਾਂ ਵਧਣ ਕਾਰਨ ਘਰਾਂ ਵਿਚਲੀ ਹੀਟਿੰਗ ਨੂੰ ਬੰਦ ਰੱਖ ਰਹੇ ਹਨ। ਸਿਟੀਜ਼ਨ ਐਡਵਾਈਸ ਸਕਾਟਲੈਂਡ ਨੇ ਖੁਲਾਸਾ ਕੀਤਾ ਹੈ ਕਿ 1.7 ਮਿਲੀਅਨ ਲੋਕ ਬਿਜਲੀ ਦੀਆਂ ਵਧਦੀਆਂ ਕੀਮਤਾਂ ਨਾਲ ਨਜਿੱਠਣ ਲਈ ਘਰਾਂ ’ਚ ਹੀਟਿੰਗ ਨੂੰ ਘੱਟ ਜਾਂ ਬੰਦ ਰੱਖ ਕੇ ਬੁੱਤਾ ਸਾਰ ਰਹੇ ਹਨ। "ਯੂ ਗਵ" ਦੁਆਰਾ ਇਸ ਚੈਰਿਟੀ ਦੇ ਇਕ ਵਿਸ਼ਲੇਸ਼ਣ ਨੇ ਅੰਦਾਜ਼ਾ ਲਗਾਇਆ ਹੈ ਕਿ 1.7 ਮਿਲੀਅਨ ਬਾਲਗ ਲੋਕ (ਸਕਾਟਲੈਂਡ ’ਚ 78% ਬਾਲਗ, ਜਿਨ੍ਹਾਂ ਨੇ ਊਰਜਾ ਦੀ ਲਾਗਤ ਕਾਰਨ ਘਰੇਲੂ ਖਰਚਿਆਂ ’ਚ ਕਟੌਤੀ ਕੀਤੀ ਹੈ) ਥਰਮੋਸਟੈਟ ਨੂੰ ਬੰਦ ਕਰ ਰਹੇ ਹਨ ਜਾਂ ਆਪਣੇ ਘਰ ਦੇ ਸਾਰੇ ਕਮਰਿਆਂ ਨੂੰ ਗਰਮ ਨਹੀਂ ਕਰ ਰਹੇ ਹਨ। ਸਿਟੀਜ਼ਨ ਐਡਵਾਈਸ ਸਕਾਟਲੈਂਡ ਦੇ ਪਿਛਲੇ ਸਾਲਾਂ ਦੇ ਅੰਕੜਿਆਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਸਿਟੀਜ਼ਨ ਐਡਵਾਈਸ ਨੈੱਟਵਰਕ ’ਤੇ ਊਰਜਾ ਨਾਲ ਸਬੰਧਤ ਮਾਮਲਿਆਂ ’ਚੋਂ 10 ’ਚੋਂ ਇਕ ਨੂੰ ਭੋਜਨ ਦੀ ਅਸੁਰੱਖਿਆ ਸੰਬੰਧੀ ਸਲਾਹ ਦੀ ਵੀ ਲੋੜ ਹੁੰਦੀ ਹੈ।
ਪਿਛਲੇ ਹਫ਼ਤੇ ਜਾਰੀ ਕੀਤੇ ਗਏ ਵਿਸ਼ਲੇਸ਼ਣ ’ਚ ਇਹ ਵੀ ਪਾਇਆ ਗਿਆ ਹੈ ਕਿ ਸਕਾਟਲੈਂਡ ’ਚ ਅੰਦਾਜ਼ਨ 1.3 ਮਿਲੀਅਨ ਲੋਕਾਂ ਨੇ ਬਿਜਲੀ ਦੇ ਵਧਦੇ ਬਿੱਲਾਂ ਕਾਰਨ ਕਰਿਆਨੇ ਦੀਆਂ ਵਸਤਾਂ ’ਚ ਵੀ ਕਟੌਤੀ ਕੀਤੀ ਹੈ। ਬਿਜਲੀ ਬਿਲਾਂ ਦੇ ਵਾਧੇ ਕਾਰਨ ਲੋਕਾਂ ਦਾ ਘਰੇਲੂ ਬਜਟ ਡਗਮਗਾਇਆ ਪਿਆ ਹੈ। ਪਰਿਵਾਰ ਆਪਣੀ ਆਰਥਿਕਤਾ ਨੂੰ ਡਾਵਾਂਡੋਲ ਹੋਣੋਂ ਬਚਾਉਣ ਲਈ ਆਪਣੀਆਂ ਖਾਹਿਸ਼ਾਂ ਦੀ ਬਲੀ ਦੇ ਰਹੇ ਹਨ।