ਕੋਰੋਨਾ ਰਾਸ਼ੀ ਮਨਜ਼ੂਰ ਨਾ ਹੋਣ ਦੇ ਵਿਰੋਧ ''ਚ ਲੋਕਾਂ ਨੇ ਨੈਨਸੀ ਪੈਲੋਸੀ ਤੇ ਮੈਕਕੋਨੈਲ ਦੇ ਘਰਾਂ ''ਤੇ ਕੀਤਾ ਹਮਲਾ
Monday, Jan 04, 2021 - 05:20 PM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਸੰਯੁਕਤ ਰਾਜ ਵਿਚ ਕੋਰੋਨਾ ਵਾਇਰਸ ਸਹਾਇਤਾ ਰਾਸ਼ੀ ਨੂੰ ਵਧਾ ਕੇ 2000 ਡਾਲਰ ਤੱਕ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਨਾ ਮਿਲਣ ਦੇ ਕਈ ਦਿਨਾਂ ਬਾਅਦ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸੈਨੇਟ ਦੇ ਬਹੁਗਿਣਤੀ ਨੇਤਾ ਮਿਚ ਮੈਕਕੋਨੈਲ ਅਤੇ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਦੇ ਘਰਾਂ ਦੀ ਭੰਨ-ਤੋੜ ਕੀਤੀ ਗਈ ਹੈ।
ਸ਼ਨੀਵਾਰ ਨੂੰ ਹੋਈ ਇਸ ਘਟਨਾ ਵਿਚ ਮੈਕਕੋਨੈਲ ਦੇ ਲੂਇਸਵਿਲ, ਕੈਂਟਕੀ ਵਿਚਲੇ ਘਰ ਦੇ ਅਗਲੇ ਦਰਵਾਜ਼ੇ ਤੇ ਚਿੱਟੀ ਸਪਰੇਅ ਪੇਂਟ ਨਾਲ "ਵੇਅਰਜ਼ ਮਾਈ ਮਨੀ" ਅਤੇ ਇਕ ਵਿੰਡੋ ਉੱਤੇ ਲਾਲ ਰੰਗ ਵਿਚ "ਮਿਚ ਕਿਲਜ਼ ਦਿ ਪੂਅਰ" ਲਿਖਿਆ ਹੋਇਆ ਸੀ। ਇਸ ਸੰਬੰਧੀ ਰੀਪਬਲਿਕਨ ਨੇਤਾ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਆਪਣਾ ਕੈਰੀਅਰ ਪਹਿਲੀ ਸੋਧ ਲਈ ਲੜਨ ਅਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਨ ਵਿਚ ਬਿਤਾਇਆ ਹੈ, ਭਾਵੇਂ ਕੋਈ ਉਨ੍ਹਾਂ ਨਾਲ ਸਹਿਮਤ ਹੈ ਜਾਂ ਨਹੀਂ। ਇਸ ਭੰਨ-ਤੋੜ ਸੰਬੰਧੀ ਲੂਇਸਵਿਲ ਪੁਲਸ ਵਿਭਾਗ ਨੇ ਸ਼ਨੀਵਾਰ ਨੂੰ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕੀਤੀ ਸੀ।
ਇਸ ਦੇ ਇਲਾਵਾ ਪੈਲੋਸੀ ਦੇ ਸੈਨ ਫ੍ਰਾਂਸਿਸਕੋ ਦੇ ਘਰ ਵਿਚ ਵੀ ਸ਼ੁੱਕਰਵਾਰ ਨੂੰ ਗੈਰਾਜ਼ ਦੇ ਦਰਵਾਜ਼ੇ 'ਤੇ "2 ਹਜ਼ਾਰ ਡਾਲਰ", "ਕਿਰਾਇਆ ਰੱਦ ਕਰੋ" ਅਤੇ "ਸਾਨੂੰ ਸਭ ਕੁਝ ਚਾਹੀਦਾ ਹੈ" ਵਾਕਾਂ ਨੂੰ ਲਿਖਿਆ ਗਿਆ। ਇਸ ਦੇ ਇਲਾਵਾ ਪੁਲਸ ਅਨੁਸਾਰ ਇਕ ਸੂਰ ਦਾ ਸਿਰ ਅਤੇ ਨਕਲੀ ਲਹੂ ਵੀ ਜ਼ਮੀਨ ਤੇ ਛੱਡਿਆ ਗਿਆ ਸੀ। ਇਸ ਭੰਨ-ਤੋੜ ਦੇ ਮਾਮਲੇ ਵਿਚ ਸੈਨ ਫ੍ਰਾਂਸਿਸਕੋ ਪੁਲਸ ਵਿਭਾਗ ਦੀ ਸਪੈਸ਼ਲ ਇਨਵੈਸਟੀਗੇਸ਼ਨ ਡਵੀਜ਼ਨ ਜਾਂਚ ਕਰ ਰਹੀ ਹੈ, ਜਦਕਿ ਪੈਲੋਸੀ ਦੁਆਰਾ ਇਸ ਮਾਮਲੇ ਬਾਰੇ ਫਿਲਹਾਲ ਕਿਸੇ ਟਿੱਪਣੀ ਦੀ ਬੇਨਤੀ ਦਾ ਜਵਾਬ ਨਹੀਂ ਦਿੱਤਾ ਗਿਆ ਹੈ।