ਉੱਡਦੇ ਜਹਾਜ਼ 'ਚ ਪਾਇਲਟ ਦੀ ਤਬੀਅਤ ਵਿਗੜੀ, ਫਿਰ ਯਾਤਰੀ ਨੇ ਕਰਾਈ ਸੁਰੱਖਿਅਤ ਲੈਂਡਿੰਗ
Wednesday, May 11, 2022 - 02:23 PM (IST)
ਵਾਸ਼ਿੰਗਟਨ (ਬਿਊਰੋ): ਉਡਾਣ ਦੌਰਾਨ ਹਵਾਈ ਜਹਾਜ਼ ਦੇ ਪਾਇਲਟ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਇਸ ਮਗਰੋਂ ਇਕ ਯਾਤਰੀ ਨੇ ਜਹਾਜ਼ ਦਾ ਕੰਟਰੋਲ ਸੰਭਾਲਿਆ।ਹੈਰਾਨੀ ਦੀ ਗੱਲ ਹੈ ਕਿ ਯਾਤਰੀ ਕੋਲ ਜਹਾਜ਼ ਉਡਾਣ ਦਾ ਕੋਈ ਅਨੁਭਵ ਨਹੀਂ ਸੀ ਪਰ ਉਹ ਸੇਸਨਾ ਕਾਰਵਾਂ (Cessna Caravan) ਨਾਮ ਦੇ ਇਕ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਾਉਣ ਵਿਚ ਸਫਲ ਰਿਹਾ।ਇਹ ਮਾਮਲਾ ਅਮਰੀਕਾ ਦੇ ਫਲੋਰੀਡਾ ਸ਼ਹਿਰ ਦਾ ਹੈ।
WPBF-TV ਮੁਤਾਬਕ ਇਹ ਅਨੋਖੀ ਘਟਨਾ ਪਾਮ ਬੀਚ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਦੇਖਣ ਨੂੰ ਮਿਲੀ। ਏਅਰ ਟ੍ਰੈਫਿਕ ਕੰਟਰੋਲਰਜ਼ ਦੀ ਮਦਦ ਨਾਲ ਸ਼ਖ਼ਸ ਨੇ ਸੁਰੱਖਿਅਤ ਲੈਂਡਿੰਗ ਕਰਾਈ। ਯਾਤਰੀ ਨੇ ਕਿਹਾ ਕਿ ਉਹ ਇਕ ਮੁਸ਼ਕਲ ਹਾਲਾਤ ਵਿਚ ਸੀ। ਸੇਸਨਾ ਕਾਰਵਾਂ ਦੇ ਯਾਤਰੀ ਨੇ ਏਅਰ ਟ੍ਰੈਫਿਕ ਕੰਟਰੋਲ ਨੂੰ ਦੱਸਿਆ ਕਿ ਮੇਰਾ ਪਾਇਲਟ ਹੋਸ਼ ਵਿਚ ਨਹੀਂ ਹੈ। ਮੈਨੂੰ ਜਹਾਜ਼ ਉਡਾਉਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਦੋਂ ਉਹ ਮੰਜ਼ਿਲ ਤੋਂ ਕਰੀਬ 112 ਕਿਲੋਮੀਟਰ ਦੂਰ ਸੀ। ਇੱਥੇ ਦੱਸ ਦਈਏ ਕਿ ਸੇਸਨਾ ਮੁਤਾਬਕ 38 ਫੁੱਟ ਲੰਬੇ ਇਸ ਜਹਾਜ਼ ਨੂੰ 346 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚਲਾਇਆ ਜਾ ਸਕਦਾ ਹੈ। ਇਸ ਵਿਚ 14 ਲੋਕ ਬੈਠ ਸਕਦੇ ਹਨ।
ਰਿਪੋਰਟ ਮੁਤਾਬਕ ਏਅਰ ਟ੍ਰੈਫਿਕ ਕੰਟਰੋਲ ਦੇ ਡਿਸਪੈਚਰ ਨੇ ਯਾਤਰੀ ਨੂੰ ਕਿਹਾ ਕਿ ਤੁਹਾਡੀ ਪੋਜੀਸ਼ਨ ਕੀ ਹੈ। ਇਸ ਮਗਰੋਂ ਜਵਾਬ ਆਇਆ ਕਿ ਮੈਨੂੰ ਕੋਈ ਆਈਡੀਆ ਨਹੀਂ ਹੈ। ਮੈਂ ਆਪਣੇ ਸਾਹਮਣੇ ਫਲੋਰੀਡਾ ਦੇ ਤੱਟ ਨੂੰ ਦੇਖ ਸਕਦਾ ਹਾਂ। ਮੈਨੂੰ ਹੋਰ ਕੋਈ ਜਾਣਕਾਰੀ ਨਹੀਂ ਹੈ। ਉਦੋਂ ਡਿਸਪੈਚਰ ਨੇ ਉਹਨਾਂ ਨੂੰ ਜਹਾਜ਼ ਦੇ ਵਿੰਗ ਲੇਵਲ ਨੂੰ ਸੰਤੁਲਿਤ ਕਰਨ ਅਤੇ ਤੱਟ ਨਾਲ ਚੱਲਣ ਲਈ ਕਿਹਾ ਅਤੇ ਦੱਸਿਆ ਕਿ ਉਹ ਜਹਾਜ਼ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੰਟਰੋਲਰਜ਼ ਨੇ ਜਹਾਜ਼ ਨੂੰ ਹੇਠਾਂ ਲਿਆਉਣ ਵਿਚ ਮਦਦ ਕੀਤੀ ਅਤੇ ਆਖਿਰਕਾਰ ਉਹ ਜਹਾਜ਼ ਨੂੰ ਟ੍ਰੇਸ ਕਰਨ ਵਿਚ ਸਫਲ ਹੋ ਗਏ। ਉਦੋਂ ਜਹਾਜ਼ ਬੋਕਾ ਰੈਟਾਨ ਦੇ ਪਾਮ ਬੀਚ ਤੋਂ ਕਰੀਬ 40 ਕਿਲੋਮੀਟਰ ਉੱਤਰ ਦਿਸ਼ਾ ਵਿਚ ਸੀ। ਉੱਥੋਂ ਟ੍ਰੈਫਿਕ ਕੰਟਰੋਲਰ ਨੇ ਯਾਤਰੀ ਨੂੰ ਗਾਈਡ ਕੀਤਾ, ਜਿਸ ਕਾਰਨ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ- ਇਸ ਦੇਸ਼ 'ਚ ਬਣੇਗੀ 'ਬਿਟਕੁਆਇਨ ਸਿਟੀ', ਰਾਸ਼ਟਰਪਤੀ ਨੇ ਸ਼ੇਅਰ ਕੀਤਾ ਡਿਜ਼ਾਈਨ (ਤਸਵੀਰਾਂ)
ਇਸ ਮਗਰੋਂ ਕੰਟਰੋਲਰ ਨੇ ਰੇਡੀਓ 'ਤੇ ਕਿਹਾ ਕਿ ਹੁਣੇ-ਹੁਣੇ ਯਾਤਰੀ ਦੁਆਰਾ ਇਕ ਜਹਾਜ਼ ਨੂੰ ਲੈਂਡ ਕਰਾਉਂਦੇ ਹੋਏ ਦੇਖਿਆ ਗਿਆ ਹੈ, ਜਿਸ ਮਗਰੋਂ ਲੋਕ ਹੈਰਾਨ ਰਹਿ ਗਏ। ਏਵੀਏਸ਼ਨ ਮਾਹਰ ਜੌਨ ਨੈਨਸੀ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ। ਮੈਂ ਕਦੇ ਨਹੀਂ ਸੁਣਿਆ ਕਿ ਇਸ ਸੇਸਨਾ ਕਾਰਵਾਂ ਨੂੰ ਕਿਸੇ ਅਜਿਹੇ ਸ਼ਖ਼ਸ ਨੇ ਸੁਰੱਖਿਅਤ ਲੈਂਡ ਕਰਾਇਆ ਹੋਵੇ ਜਿਸ ਕੋਲ ਕੋਈ ਏਅਰੋਨੌਟੀਕਲ ਐਕਸਪੀਰੀਅਨਸ ਨਾ ਹੋਵੇ। ਹਾਲਾਂਕਿ ਇਸ ਘਟਨਾ ਦੇ ਬਾਅਦ ਨਾ ਤਾਂ ਉਸ ਯਾਤਰੀ ਬਾਰੇ ਕੋਈ ਜਾਣਕਾਰੀ ਸਾਹਮਣੇ ਆਈ ਹੈ ਅਤੇ ਨਾ ਹੀ ਬੀਮਾਰ ਪਾਇਲਟ ਦੇ ਹਾਲਾਤ ਬਾਰੇ ਕੋਈ ਜਾਣਕਾਰੀ ਮਿਲੀ ਹੈ। ਰਿਪੋਰਟ ਮੁਤਾਬਕ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਹੋ ਸਕਦਾ ਹੈ ਕਿ ਪਾਇਲਟ ਨੂੰ ਕਿਸੇ ਮੈਡੀਕਲ ਐਮਰਜੈਂਸੀ ਦਾ ਸਾਹਮਣਾ ਕਰਨਾ ਪਿਆ ਹੋਵੇ।ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।