WW1 ਦੇ 100 ਸਾਲ ਪੂਰੇ ਹੋਣ 'ਤੇ ਅੱਜ ਪੈਰਿਸ 'ਚ ਮੋਹਰੀ ਨੇਤਾ ਦੇਣਗੇ ਸ਼ਰਧਾਂਜਲੀ
Sunday, Nov 11, 2018 - 10:17 AM (IST)

ਪੈਰਿਸ (ਭਾਸ਼ਾ)— ਪਹਿਲੇ ਵਿਸ਼ਵ ਯੁੱਧ (WW1) ਦੇ ਅੰਤ ਦੇ 100 ਸਾਲ ਪੂਰੇ ਹੋਣ ਦੇ ਮੌਕੇ 'ਤੇ ਐਤਵਾਰ ਨੂੰ ਦੁਨੀਆ ਭਰ ਦੇ ਕਈ ਮੋਹਰੀ ਨੇਤਾ ਪੈਰਿਸ 'ਚ ਗਲੋਬਲ ਯਾਦਗਾਰੀ ਸਮਾਰੋਹ ਵਿਚ ਸ਼ਿਰਕਤ ਕਰਨਗੇ। ਦੁਨੀਆ ਦੇ ਵੱਡੇ ਨੇਤਾਵਾਂ ਦਾ ਇਹ ਇਕੱਠ ਵੱਧਦੇ ਰਾਸ਼ਟਰਵਾਦ ਅਤੇ ਕੂਟਨੀਤਕ ਤਣਾਅ ਦੀ ਪਿੱਠਭੂਮੀ ਵਿਚ ਹੋ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਮੇਤ ਦੁਨੀਆ ਦੇ ਕਰੀਬ 70 ਨੇਤਾ ਸਾਲ 1918 ਵਿਚ ਹੋਏ ਜੰਗਬੰਦੀ ਸਮਝੌਤੇ ਦੀ ਸਦੀ 'ਤੇ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਇਕੱਠੇ ਹੋ ਰਹੇ ਹਨ।
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਅਤੇ ਮਹਾਰਾਣੀ ਐਲੀਜ਼ਾਬੇਥ ਦੂਜੀ ਲੰਡਨ ਵਿਚ ਇਸੇ ਸਬੰਧ ਵਿਚ ਆਯੋਜਿਤ ਇਕ ਹੋਰ ਸਮਾਰੋਹ ਵਿਚ ਹਿੱਸਾ ਲੈਣਗੀਆਂ। ਉੱਥੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਆਪਣੇ ਪੱਧਰ 'ਤੇ ਇਸ ਸਬੰਧ ਵਿਚ ਆਯੋਜਨ ਕਰ ਰਹੇ ਹਨ। ਪੈਰਿਸ ਵਿਚ ਇਹ ਆਯੋਜਨ 'ਆਰਕ ਦੀ ਟ੍ਰਾਯਮਫ' ਦੇ ਹੇਠਾਂ ਬਣੇ ਬੇਨਾਮ ਫੌਜੀਆਂ ਦੀਆਂ ਕਬਰਾਂ ਕੋਲ ਹੋਵੇਗਾ। ਇਸ ਵਿਚ ਆਧੁਨਿਕ ਸਮੇਂ ਵਿਚ ਰਾਸ਼ਟਰਵਾਦ ਦੇ ਖਤਰਿਆਂ ਪ੍ਰਤੀ ਚਿਤਾਵਨੀਆਂ ਦੇ ਸਬੰਧ ਵਿਚ ਗੱਲ ਹੋਣ ਦੀ ਸੰਭਾਵਨਾ ਹੈ। ਪੂਰਬੀ ਫਰਾਂਸ ਦੇ ਜੰਗਲਾਂ ਵਿਚ ਜਿਸ ਜਗ੍ਹਾ ਜੰਗਬੰਦੀ ਸਮਝੌਤੇ 'ਤੇ ਦਸਤਖਤ ਹੋਏ ਸਨ ਉੱਥੇ ਦੀ ਯਾਤਰਾ ਕਰਨ ਦੇ ਬਾਅਦ ਸ਼ਨੀਵਾਰ ਨੂੰ ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਨੇ ਕਿਹਾ,''ਇਹ ਦਿਨ ਸਿਰਫ ਯਾਦ ਕਰਨ ਲਈ ਨਹੀਂ ਹੈ ਇਸ ਦਿਨ ਕਾਰਵਾਈ ਦੀ ਅਪੀਲ ਕੀਤੀ ਜਾਣੀ ਚਾਹੀਦੀ ਹੈ।'' ਮਰਕੇਲ ਅਤੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨਿਓ ਗੁਤਾਰੇਸ ਪੈਰਿਸ ਪੀਸ ਫੋਰਮ ਸੰਮੇਲਨ ਨੂੰ ਸੰਬੋਧਿਤ ਕਰਨਗੇ।