ਆਸਟ੍ਰੇਲੀਆ : 14 ਸਾਲਾ ਬੱਚੇ ਨੂੰ ਮਾਪਿਆ ਨੇ ਬਣਾਇਆ ਨਸ਼ਾ ਤਸਕਰ

Saturday, Sep 14, 2019 - 11:36 AM (IST)

ਆਸਟ੍ਰੇਲੀਆ : 14 ਸਾਲਾ ਬੱਚੇ ਨੂੰ ਮਾਪਿਆ ਨੇ ਬਣਾਇਆ ਨਸ਼ਾ ਤਸਕਰ

ਉੱਤਰੀ ਟੈਰੇਟਰੀ— ਹਰ ਦੇਸ਼ ਨਸ਼ੇ ਦੀ ਮਾਰ ਝੱਲ ਰਿਹਾ ਹੈ ਤੇ ਇਸ ਨੂੰ ਰੋਕਣ ਲਈ ਸਬੰਧਤ ਦੇਸ਼ਾਂ ਵਲੋਂ ਕੋਸ਼ਿਸ਼ਾਂ ਵੀ ਕੀਤੀਆਂ ਜਾਂਦੀਆਂ ਹਨ। ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਇਸ ਤੋਂ ਦੂਰ ਰੱਖਣ ਲਈ ਕੋਸ਼ਿਸ਼ਾਂ ਕਰਦੇ ਹਨ ਪਰ ਆਸਟ੍ਰੇਲੀਆ 'ਚ ਪੁਲਸ ਹੱਥ ਅਜਿਹਾ ਜੋੜਾ ਲੱਗਾ ਹੈ ਜੋ ਆਪਣੇ ਹੀ ਬੱਚੇ ਨੂੰ ਇਸ ਦਲਦਲ 'ਚ ਧੱਕ ਰਿਹਾ ਹੈ। ਜੋੜਾ ਆਪਣੇ 14 ਸਾਲਾ ਬੱਚੇ ਕੋਲੋਂ ਨਸ਼ਾ ਤਸਕਰੀ ਕਰਵਾ ਰਿਹਾ ਹੈ। ਆਸਟ੍ਰੇਲੀਆ ਦੀ ਉੱਤਰੀ ਟੈਰੇਟਰੀ 'ਚ ਪੁਲਸ ਨੇ ਇਕ 14 ਬੱਚੇ ਦੇ ਮਾਂ-ਬਾਪ ਨੂੰ ਹਿਰਾਸਤ 'ਚ ਲਿਆ। ਆਇਲਾਂਗੁਲਾ ਡੌਗ ਆਪ੍ਰੇਸ਼ਨ ਯੁਨਿਟ ਨੇ ਫਲਾਈਟ ਆਉਣ 'ਤੇ ਜਦ ਸਮਾਨ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਇਕ ਬੱਚੇ ਦੇ ਸਮਾਨ 'ਚੋਂ 110 ਗ੍ਰਾਮ ਭੰਗ ਮਿਲੀ।

ਬੱਚੇ ਦੇ ਮਾਪੇ 33 ਸਾਲਾ ਔਰਤ ਤੇ 37 ਸਾਲਾ ਵਿਅਕਤੀ ਕੋਲੋਂ ਪੁਲਸ ਨੇ ਪੁੱਛ-ਪੜਤਾਲ ਕੀਤੀ ਤੇ ਉਨ੍ਹਾਂ 'ਤੇ ਬੱਚੇ ਕੋਲੋਂ ਨਸ਼ਾ ਤਸਕਰੀ ਕਰਵਾਉਣ ਦੇ ਦੋਸ਼ ਲਗਾਏ। ਮਾਮਲੇ ਦੀ ਜਾਂਚ ਕਰ ਰਹੇ ਸੀਨੀਅਰ ਸਰਜੈਂਟ ਕਰਾਇਗ ਡੁਨਲੋਪ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਮਾਪਿਆਂ ਨੇ ਆਪਣੇ ਬੱਚੇ ਨੂੰ ਇਸ ਦਲਦਲ 'ਚ ਧਕੇਲਿਆ ਹੋਵੇ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਕੋਲੋਂ ਅਜਿਹੇ ਕੰਮ ਕਰਵਾਉਂਦੇ ਰਹੇ ਹਨ ਤੇ ਕਈ ਹਿਰਾਸਤ 'ਚ ਹਨ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਦਲਦਲ 'ਚ ਆਪਣੇ ਬੱਚਿਆਂ ਨੂੰ ਨਾ ਸੁੱਟਣ। ਜ਼ਿਕਰਯੋਗ ਹੈ ਕਿ ਅਜਿਹੇ ਅਪਰਾਧਾਂ ਲਈ ਦੋਸ਼ੀ ਨੂੰ 10 ਸਾਲ ਦੀ ਸਜ਼ਾ ਦੇਣ ਦਾ ਪ੍ਰਬੰਧ ਹੈ।


Related News