ਸਟੱਡੀ ਵੀਜ਼ਾ ''ਤੇ ਕੈਨੇਡਾ ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

04/12/2019 4:46:33 PM

ਜਲੰਧਰ/ਸਰੀ (ਏਜੰਸੀ)-ਬੀਤੇ ਦਿਨੀਂ ਸਰੀ (ਕੈਨੇਡਾ) ਦੀ 139 ਸਟਰੀਟ ਅਤੇ 72 ਐਵੇਨਿਊ ਨੇੜੇ ਟਾਉਨ ਹਾਊਸ ਕੰਪਲੈਕਸ ਵਿੱਚ ਕੁੱਝ ਲੋਕਾਂ ਨੇ ਇਕ ਪੰਜਾਬੀ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਵਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਉਸ ਦੀ ਪਛਾਣ ਅਮਰਿੰਦਰ ਵਿਜੇ ਕੁਮਾਰ (26) ਵਜੋਂ ਹੋਈ ਹੈ। ਮ੍ਰਿਤਕ ਅਮਰਿੰਦਰ ਦੇ ਪੰਜਾਬ ਰਹਿੰਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਅਮਰਿੰਦਰ ਸਰੀ ਵਿਚ ਸਟੱਡੀ ਵੀਜ਼ਾ 'ਤੇ ਆਇਆ ਹੋਇਆ ਸੀ ਅਤੇ ਇਥੇ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ। ਅਮਰਿੰਦਰ ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਦਾ ਰਹਿਣ ਵਾਲਾ ਹੈ, ਜਿੱਥੇ ਹੁਣ ਉਸ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਹੈ।

ਮਿਲੀ ਜਾਣਕਾਰੀ ਮੁਤਾਬਕ ਅਮਰਿੰਦਰ ਜਦੋਂ ਆਪਣੀ ਗੱਡੀ ਪਾਰਕਿੰਗ ਤੋਂ ਲੈ ਰਿਹਾ ਸੀ ਤਾਂ ਅਚਾਨਕ ਕੁਝ ਲੋਕਾਂ ਨੇ ਉਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਗੋਲੀਬਾਰੀ ਦੌਰਾਨ ਅਮਰਿੰਦਰ ਨੂੰ ਗੋਲੀ ਲੱਗ ਗਈ, ਜਿਸ ਕਾਰਨ ਗੋਲੀ ਲੱਗਦੇ ਹੀ ਉਸਦੀ ਮੌਤ ਹੋ ਗਈ। ਅਮਰਿੰਦਰ 'ਤੇ ਹਮਲਾ ਕਰਨ ਵਾਲਿਆਂ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਹਮਲੇ ਪਿੱਛੇ ਕੀ ਕਾਰਨ ਹੈ ਇਹ ਵੀ ਅਜੇ ਤੱਕ ਇਕ ਅਣਸੁਲਝੀ ਗੁੱਥੀ ਬਣੀ ਹੋਈ ਹੈ।
ਅਮਰਿੰਦਰ ਦੇ ਪਿਤਾ ਡਾ.ਵਿਜੈ ਕੁਮਾਰ ਵੀਰਵਾਰ ਸਵੇਰੇ ਹੀ ਕੈਨੇਡਾ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਅਮਰਿੰਦਰ ਸਟੱਡੀ ਵੀਜ਼ਾ ‘ਤੇ ਕੈਨੇਡਾ ਗਿਆ ਸੀ।ਉਨ੍ਹਾਂ ਨੇ ਦੱਸਿਆ ਕਿ ਉਹ ਉੱਥੇ ਮੈਡੀਕਲ ਦੀ ਪੜਾਈ ਕਰ ਰਿਹਾ ਸੀ ਅਤੇ ਛੇਤੀ ਹੀ ਫੀਜ਼ੀਓਥੇਰਾਪਿਸਟ ਬਣਨ ਵਾਲਾ ਸੀ। ਇਸ ਮਾਮਲੇ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਜਨਵਰੀ ਮਹੀਨੇ ਉਸਦਾ ਵਿਆਹ ਹੋਇਆ ਸੀ। ਇਸ ਮਾਮਲੇ ਵਿੱਚ ਪੁਲਸ ਵੱਲੋਂ ਹਾਲੇ ਜਾਂਚ ਕੀਤੀ ਜਾ ਰਹੀ ਹੈ।


Sunny Mehra

Content Editor

Related News