ਮੁੜ ਸਰਗਰਮ ਹੋਏ ਲਸ਼ਕਰ-ਏ-ਤੋਇਬਾ ਦੇ ਟ੍ਰੇਨਿੰਗ ਕੈਂਪ, ਹਾਫਿਜ਼ ਦੇ ਬੇਟੇ ਨੇ ਸੰਭਾਲੀ ਜ਼ਿੰਮੇਦਾਰੀ

Friday, Nov 01, 2019 - 05:48 PM (IST)

ਮੁੜ ਸਰਗਰਮ ਹੋਏ ਲਸ਼ਕਰ-ਏ-ਤੋਇਬਾ ਦੇ ਟ੍ਰੇਨਿੰਗ ਕੈਂਪ, ਹਾਫਿਜ਼ ਦੇ ਬੇਟੇ ਨੇ ਸੰਭਾਲੀ ਜ਼ਿੰਮੇਦਾਰੀ

ਇਸਲਾਮਾਬਾਦ— ਪਾਕਿਸਤਾਨ ਦੇ ਮੀਰਪੁਰ ਤੇ ਸਿਆਲਕੋਟ 'ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਟ੍ਰੇਨਿੰਗ ਕੈਂਪ ਸ਼ੁਰੂ ਹੋ ਗਿਆ ਹੈ। ਇੰਡੀਆ ਟੁਡੇ ਦੀ ਇਕ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਅੰਤਰਰਾਸ਼ਟਰੀ ਦਬਾਅ ਦੇ ਡਰ ਨਾਲ ਪਾਕਿਸਤਾਨ ਇੰਟੈਲੀਜੈਂਸ ਏਜੰਸੀ ਆਈ.ਐੱਸ.ਆਈ. ਨੇ ਕੁਝ ਸਮਾਂ ਪਹਿਲਾਂ ਇਸ ਨੂੰ ਬੰਦ ਕਰ ਦਿੱਤਾ ਸੀ। ਹੁਣ ਇਹ ਟ੍ਰੇਨਿੰਗ ਕੈਂਪ ਮੁੜ ਤੋਂ ਸਰਗਰਮ ਹਨ ਤੇ ਹਾਫਿਜ਼ ਸਈਦ ਦਾ ਬੇਟਾ ਤਲਹਾ ਇਨ੍ਹਾਂ ਨੂੰ ਆਪ੍ਰੇਟ ਕਰ ਰਿਹਾ ਹੈ।

ਕਸ਼ਮੀਰ ਲਈ ਹੋਵੇਗਾ ਕੰਟਰੋਲ ਰੂਮ
ਰਿਪੋਰਟ 'ਚ ਕਿਹਾ ਗਿਆ ਹੈ ਕਿ ਲਸ਼ਕਰ ਦੇ ਲਈ ਖੋਲ੍ਹਿਆ ਗਿਆ ਇਹ ਕੈਂਪ ਮੀਰਪੁਰ ਦੇ ਮੰਗਲਾ ਤੇ ਸਿਆਲਕੋਟ ਦੇ ਹੈਡ ਮਰਾਲ 'ਚ ਹੈ। ਲਸ਼ਕਰ ਨੇ ਇਨ੍ਹਾਂ ਕੈਂਪਾਂ ਦੇ ਲਈ ਅੱਤਵਾਦੀਆਂ ਦੀ ਭਰਤੀ ਵੀ ਸ਼ੁਰੂ ਕਰ ਦਿੱਤੀ ਹੈ। ਭਰਤੀ ਸਵਾਤ ਘਾਟੀ ਦੇ ਕੋਲ ਪਾਕਿ-ਅਫਗਾਨ ਸਰਹੱਦ ਨਾਲ ਲੱਗਦੇ ਕਬੀਲਾਈ ਇਲਾਕਿਆਂ, ਪੇਸ਼ਾਵਰ, ਕਵੇਟਾ ਤੇ ਇਲਾਕਾ-ਏ-ਘਰ 'ਚ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਆਈ.ਐੱਸ.ਆਈ. ਤੇ ਅੱਤਵਾਦੀ ਸੰਗਠਨਾਂ ਦੇ ਵਿਚਾਲੇ ਕਈ ਬੈਠਕਾਂ ਹੋਈਆਂ ਸਨ। ਇਨ੍ਹਾਂ 'ਚ ਪੀਓਕੇ 'ਚ ਸਰਗਰਮ ਕਈ ਅੱਤਵਾਦੀ ਸੰਗਠਨਾਂ ਦੇ ਕਮਾਂਡਰਾਂ ਨੇ ਹਿੱਸਾ ਲਿਆ ਸੀ। ਇਸ ਤੋਂ ਬਾਅਦ ਤੈਅ ਕੀਤਾ ਗਿਆ ਕਿ ਕਸ਼ਮੀਰੀ ਜਿਹਾਦ ਦੇ ਕੰਟਰੋਲ ਰੂਮ ਪੀਓਕੇ ਤੇ ਪਾਕਿ-ਅਫਗਾਨ ਸਰਹੱਦ 'ਤੇ ਬਣਾਏ ਜਾਣਗੇ। ਨਾਲ ਹੀ ਅੱਤਵਾਦੀਆਂ ਦੀ ਨਵੀਂ ਭਰਤੀ 'ਤੇ ਵੀ ਜ਼ੋਰ ਦਿੱਤਾ ਜਾਵੇਗਾ।

ਕੁਝ ਦਿਨ ਪਹਿਲਾਂ ਜਾਰਜਟਾਊਨ ਯੂਨੀਵਰਸਿਟੀ ਦੀ ਕ੍ਰਿਸਟੀਨ ਫੇਅਰ ਨੇ ਹਡਸਨ ਇੰਸਟੀਚਿਊਟ ਥਿੰਕ-ਟੈਂਕ 'ਚ ਇਕ ਗੋਲਮੇਜ਼ ਸੰਮੇਲਨ ਦੌਰਾਨ ਕਿਹਾ ਕਿ ਅਸਲ 'ਚ ਪਾਕਿਸਤਾਨੀ ਫੌਜ, ਲਸ਼ਕਰ ਦੇ ਅੱਤਵਾਦੀਆਂ ਨੂੰ ਟ੍ਰੇਨਿੰਗ ਦਿੰਦੀ ਹੈ ਤੇ ਇਸੇ ਕਾਰਨ ਉਹ ਇੰਨੇ ਸਮਰਥ ਹਨ। ਕ੍ਰਿਸਟੀਨ ਦੀ ਮੰਨੀਏ ਤਾਂ ਲਸ਼ਕਰ ਆਈ.ਐੱਸ.ਆਈ. ਦਾ ਇਕ ਚੰਗਾ ਨਕਾਬ ਹੈ।


author

Baljit Singh

Content Editor

Related News