ਧਾਰਾ 370 'ਤੇ ਪਾਕਿ ਰਾਸ਼ਟਰਪਤੀ ਦੀ ਧਮਕੀ, ਕਿਹਾ-'ਅੱਗ ਨਾਲ ਖੇਡ ਰਿਹੈ ਭਾਰਤ'

08/26/2019 12:58:08 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਰਾਸ਼ਟਰਪਤੀ ਡਾਕਟਰ ਆਰਿਫ ਅਲਵੀ ਨੇ ਜੰਮੂ-ਕਸ਼ਮੀਰ ਮਾਮਲੇ 'ਤੇ ਭਾਰਤ ਨੂੰ ਅਸਿੱਧੇ ਤੌਰ 'ਤੇ ਧਮਕੀ ਦਿੱਤੀ ਹੈ। ਰਾਸ਼ਟਰਪਤੀ ਅਲਵੀ ਨੇ ਕਿਹਾ ਹੈ,''ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾ ਕੇ ਅਤੇ ਰਾਜ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰ ਕੇ ਭਾਰਤ ਅੱਗ ਨਾਲ ਖੇਡ ਰਿਹਾ ਹੈ। ਇਹ ਇਕ ਅਜਿਹੀ ਅੱਗ ਹੈ ਜੋ ਭਾਰਤ ਵਿਚ ਧਰਮ ਨਿਰਪੱਖਤਾ ਨੂੰ ਸਾੜ ਕੇ ਸੁਆਹ ਕਰ ਦੇਵੇਗੀ।'' ਅਲਵੀ ਨੇ ਇਹ ਗੱਲ ਇਸਲਾਮਾਬਾਦ ਵਿਚ ਇਕ ਅਮਰੀਕੀ-ਕੈਨੇਡੀਅਨ ਮੀਡੀਆ ਦੇ ਚੈਨਲ 'ਤੇ ਕਹੀ।

ਪਾਕਿਸਤਾਨ ਦੀ ਇਕ ਅੰਗਰੇਜ਼ੀ ਅਖਬਾਰ ਵਿਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਅਲਵੀ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਨੂੰ ਲੱਗਦਾ ਹੈ ਕਿ ਧਾਰਾ 370 ਹਟਾ ਕੇ ਉਹ ਉੱਥੋਂ ਦੇ ਹਾਲਾਤ ਸੁਧਾਰ ਸਕਦੀ ਹੈ ਤਾਂ ਇਹ ਪੂਰੀ ਜ਼ਿੰਦਗੀ ਮੂਰਖ ਬਣੇ ਰਹਿਣ ਵਾਲੀ ਗੱਲ ਹੈ। ਅਲਵੀ ਮੁਤਾਬਕ ਭਾਰਤ ਨੇ ਸੰਵਿਧਾਨ ਵਿਚ ਤਬਦੀਲੀ ਕਰ ਕੇ ਅੱਤਵਾਦ ਨੂੰ ਵਧਾਵਾ ਦਿੱਤਾ ਹੈ ਅਤੇ ਇਸ ਲਈ ਪਾਕਿਸਤਾਨ ਬਿਲਕੁੱਲ ਵੀ ਜ਼ਿੰਮੇਵਾਰ ਨਹੀਂ ਹੈ। ਇਹ ਪੁੱਛੇ ਜਾਣ 'ਤੇ ਕੀ ਪਾਕਿਸਤਾਨ ਇਸ ਗੱਲ ਨਾਲ ਨਿਰਾਸ਼ ਹੈ ਕਿ ਭਾਰਤ ਦੇ ਫੈਸਲੇ 'ਤੇ ਯੂਨਾਈਡਿਟ ਨੇਸ਼ਨਜ਼ ਸਿਕਓਰਿਟੀ ਕੌਂਸਲ ਦੀ ਮੀਟਿੰਗ ਦੇ ਬਾਅਦ ਕਿਸੇ ਤਰ੍ਹਾਂ ਦਾ ਬਿਆਨ ਜਾਰੀ ਨਹੀਂ ਕੀਤਾ ਗਿਆ।

ਅਲਵੀ ਨੇ ਇਸ ਸਵਾਲ ਦਾ ਸੰਖੇਪ ਜਵਾਬ ਦਿੰਦਿਆਂ ਕਿਹਾ ਕਿ ਇਸ ਮੁੱਦੇ 'ਤੇ ਵਿਸਥਾਰ ਨਾਲ ਚਰਚਾ ਹੋਈ ਸੀ ਅਤੇ ਬਹੁਤ ਸਾਲਾਂ ਬਾਅਦ ਇਸ ਦਾ ਅੰਤਰਰਾਸ਼ਟਰੀਕਰਨ ਕੀਤਾ ਗਿਆ ਸੀ। ਅਲਵੀ ਨੇ ਦੋਸ਼ ਲਗਾਇਆ ਕਿ ਭਾਰਤ ਨੇ ਪਾਕਿਸਤਾਨ ਨਾਲ ਕਸ਼ਮੀਰ ਮਾਮਲੇ ਦਾ ਹੱਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਪੀ.ਐੱਮ. ਇਮਰਾਨ ਖਾਨ ਹਮੇਸ਼ਾ ਕਸ਼ਮੀਰ ਮੁੱਦੇ ਨੂੰ ਹਰ ਅੰਤਰਰਾਸ਼ਟਰੀ ਮੰਚ 'ਤੇ ਚੁੱਕਦੇ ਰਹਿਣਗੇ। ਅਲਵੀ ਨੇ ਪੁਲਵਾਮਾ ਅੱਤਵਾਦੀ ਹਮਲੇ ਨੂੰ ਭਾਰਤ ਦੀ ਸਾਜਿਸ਼ ਦੱਸਿਆ ਅਤੇ ਕਿਹਾ ਕਿ ਭਾਰਤ ਪਾਕਿਸਤਾਨ ਨੂੰ ਬਦਨਾਮ ਕਰਨ ਲਈ ਅਜਿਹਾ ਕੁਝ ਵੀ ਕਰ ਸਕਦਾ ਹੈ। ਰਾਸ਼ਟਰਪਤੀ ਅਲਵੀ ਨੇ ਕਿਹਾ ਕਿ ਜੇਕਰ ਭਾਰਤ ਯੁੱਧ ਦੀ ਸ਼ੁਰੂਆਤ ਕਰੇਗਾ ਤਾਂ ਪਾਕਿਸਤਾਨ ਵੀ ਚੁੱਪ ਨਹੀਂ ਬੈਠੇਗਾ।


Vandana

Content Editor

Related News