ਚੀਨ ਦੀ ਮਦਦ ਨਾਲ 2022 ''ਚ ਸਪੇਸ ''ਚ ਜਾਵੇਗਾ ਪਹਿਲਾ ਪਾਕਿਸਤਾਨੀ
Friday, Oct 26, 2018 - 10:53 AM (IST)
ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਪਾਕਿਸਤਾਨ ਚੀਨ ਦੀ ਮਦਦ ਨਾਲ ਸਾਲ 2022 ਵਿਚ ਪਹਿਲੀ ਵਾਰ ਕਿਸੇ ਪਾਕਿਸਤਾਨੀ ਨੂੰ ਪੁਲਾੜ ਵਿਚ ਭੇਜੇਗਾ। ਉਨ੍ਹਾਂ ਨੇ ਇਹ ਐਲਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਹਿਲੀ ਚੀਨ ਯਾਤਰਾ ਤੋਂ ਪਹਿਲਾਂ ਕੀਤਾ ਹੈ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਚੌਧਰੀ ਨੇ ਕਿਹਾ ਕਿ ਪਾਕਿਸਤਾਨ ਨੇ ਸਾਲ 2022 ਵਿਚ ਆਪਣੀ ਪਹਿਲੀ ਪੁਲਾੜ ਮੁਹਿੰਮ ਭੇਜਣ ਦੀ ਯੋਜਨਾ ਬਣਾਈ ਹੈ ਅਤੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਹੋਈ ਫੈਡਰਲ ਮੰਤਰੀ ਮੰਡਲ ਦੀ ਬੈਠਕ ਵਿਚ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ।
ਖਬਰ ਮੁਤਾਬਕ ਪਾਕਿਸਤਾਨ ਪੁਲਾੜ ਤੇ ਬਾਹਰੀ ਵਾਤਾਵਰਣ ਸ਼ੋਧ ਕਮਿਸ਼ਨ ਅਤੇ ਇਕ ਚੀਨੀ ਕੰਪਨੀ ਵਿਚਕਾਰ ਪਹਿਲਾਂ ਹੀ ਇਕ ਸਮਝੌਤੇ 'ਤੇ ਦਸਤਖਤ ਕੀਤੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਇਸ ਸਾਲ ਪਾਕਿਸਤਾਨ ਨੇ ਚੀਨੀ ਲਾਂਚ ਜਹਾਜ਼ ਦੀ ਮਦਦ ਨਾਲ ਦੋ ਉਪਗ੍ਰਹਿਆਂ ਨੂੰ ਧਰਤੀ ਦੇ ਪੰਧ ਵਿਚ ਭੇਜਿਆ ਸੀ। ਦੋਹਾਂ ਉਪਗ੍ਰਹਿਆਂ ਦਾ ਨਿਰਮਾਣ ਪਾਕਿਸਤਾਨ ਵਿਚ ਕੀਤਾ ਗਿਆ ਸੀ। ਚੀਨ ਨੇ ਸਾਲ 2003 ਵਿਚ ਪਹਿਲੀ ਵਾਰ ਆਪਣੇ ਕਿਸੇ ਪੁਲਾੜ ਯਾਤਰੀ ਨੂੰ ਪੁਲਾੜ ਵਿਚ ਭੇਜਿਆ ਸੀ। ਇਸ ਦੇ ਨਾਲ ਹੀ ਰੂਸ ਅਤੇ ਅਮਰੀਕਾ ਦੇ ਬਾਅਦ ਉਹ ਸੁਤੰਤਰ ਰੂਪ ਨਾਲ ਮਾਨਵੀ ਪੁਲਾੜ ਉਡਾਣ ਪੂਰਾ ਕਰਨ ਵਾਲਾ ਦੁਨੀਆ ਦਾ ਤੀਜਾ ਦੇਸ਼ ਬਣ ਗਿਆ ਸੀ। ਖਬਰ ਵਿਚ ਵਿਦੇਸ਼ ਦਫਤਰ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ 3 ਨਵੰਬਰ ਨੂੰ ਚੀਨ ਦੀ ਆਪਣੀ ਪਹਿਲੀ ਯਾਤਰਾ 'ਤੇ ਰਵਾਨਾ ਹੋਣਗੇ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਆਪਣੇ ਹਮਰੁਤਬਾ ਲੀ ਕਵਿੰਗ ਨਾਲ ਬੈਠਕ ਕਰਨਗੇ।
