ਸਾਊਦੀ ਅਰਬ ਦੇ ਸ਼ਹਿਜਾਦੇ ਨੇ ਪਾਕਿ ਵਿਦੇਸ਼ ਮੰਤਰੀ ਨੂੰ ਦਿੱਤੇ ਕੀਮਤੀ ਤੋਹਫੇ
Thursday, Feb 14, 2019 - 11:58 AM (IST)
ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਨੇ ਬੁੱਧਵਾਰ ਨੂੰ ਕਿਹਾ ਕਿ ਸਾਊਦੀ ਅਰਬ ਦੇ ਸ਼ਹਿਜਾਦੇ ਮੁਹੰਮਦ ਬਿਨ ਸਲਮਾਨ ਆਪਣੀ 2 ਦਿਨੀਂ ਯਾਤਰਾ 'ਤੇ ਸ਼ਨੀਵਾਰ ਨੂੰ ਇਸਲਾਮਾਬਾਦ ਪਹੁੰਚਣਗੇ। ਇਸ ਦੌਰਾਨ ਪਾਕਿਸਤਾਨ ਵਿਚ ਅਰਬਾਂ ਡਾਲਰਾਂ ਦੇ ਨਿਵੇਸ਼ ਦੇ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ ਜਾਣਗੇ। ਜਾਣਕਾਰੀ ਮੁਤਾਬਕ ਸਾਊਦੀ ਅਰਬ ਦੇ ਸ਼ਹਿਜਾਦੇ ਮੁਹੰਮਦ ਬਿਨ ਸਲਮਾਨ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਰੋਲੇਕਸ ਦੀ ਘੜੀ ਸਮੇਤ 63 ਲੱਖ ਰੁਪਏ ਦੇ ਕੀਮਤੀ ਤੋਹਫੇ ਦਿੱਤੇ ਸਨ। ਉਨ੍ਹਾਂ ਨੇ ਇਹ ਤੋਹਫੇ ਸਤੰਬਰ 2018 ਵਿਚ ਦਿੱਤੇ, ਜਦੋਂ ਕੁਰੈਸ਼ੀ ਖਾੜੀ ਦੇਸ਼ ਦੀ ਯਾਤਰਾ 'ਤੇ ਗਏ ਸਨ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਸ਼ਹਿਜਾਦੇ ਦੀ ਸ਼ਨੀਵਾਰ ਨੂੰ ਹੋਣ ਜਾ ਰਹੀ ਦੇਸ਼ ਦੀ ਹਾਈ ਪ੍ਰੋਫਾਈਲ ਯਾਤਰਾ ਤੋਂ ਪਹਿਲਾਂ, ਸਾਊਦੀ ਅਰਬ ਵੱਲੋਂ ਕੁਰੈਸ਼ੀ ਨੂੰ ਦਿੱਤੇ ਗਏ 63,50,000 ਰੁਪਏ ਦੇ ਤੋਹਫਿਆਂ ਦੀ ਜਾਣਕਾਰੀ ਦਿੱਤੀ। ਪਾਕਿਸਤਾਨੀ ਮੀਡੀਆ ਨੇ ਵਿਦੇਸ਼ ਮੰਤਰਾਲੇ ਦੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਬੁੱਧਵਾਰ ਨੂੰ ਦੱਸਿਆ ਕਿ ਕੁਰੈਸ਼ੀ ਨੇ ਤੋਸ਼ਖਾਨਾ ਵਿਚ ਸ਼ਹਿਜਾਦੇ ਸਲਮਾਨ ਵੱਲੋਂ ਮਿਲੇ ਲੱਖਾਂ ਰੁਪਏ ਦੇ ਤੋਹਫੇ ਜਮਾਂ ਕਰਵਾਏ। 9-10 ਜਨਵਰੀ ਦੀ ਤਰੀਕ ਦੇ ਇਨ੍ਹਾਂ ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ 19 ਸਤੰਬਰ 2018 ਦੀ ਯਾਤਰਾ ਦੌਰਾਨ ਵਿਦੇਸ਼ ਮੰਤਰੀ ਨੂੰ ਇਹ ਤੋਹਫੇ ਦਿੱਤੇ ਗਏ।
ਇਕ ਸਮਾਚਾਰ ਏਜੰਸੀ ਵੱਲੋਂ ਪ੍ਰਾਪਤ ਕੀਤੇ ਗਏ ਦਸਤਾਵੇਜ਼ਾਂ ਮੁਤਾਬਕ ਕੁਰੈਸ਼ੀ ਨੂੰ ਰੋਲੇਕਸ ਦੀ ਇਕ ਘੜੀ, ਰਤਨਾਂ ਨਾਲ ਜੜਿਆ ਸੋਨੇ ਦਾ ਇਕ ਪੈੱਨ, ਸੋਨੇ ਦਾ ਇਕ ਜੋੜੀ ਕਫ ਲਿੰਕ, ਕੀਮਤੀ ਰਤਨਾਂ ਨਾਲ ਜੜੀ ਸੋਨੇ ਦੀ ਚੇਨ (ਤਸਬੀਹ) ਅਤੇ ਸੋਨੇ ਦੀ ਇਕ ਮੁੰਦਰੀ ਮਿਲੀ। ਮੁਹੰਮਦ ਬਿਨ ਸਲਮਾਨ ਦਾ 19 ਫਰਵਰੀ ਤੋਂ ਭਾਰਤ ਯਾਤਰਾ ਕਰਨ ਦਾ ਵੀ ਪ੍ਰੋਗਰਾਮ ਹੈ।
