ਗੁਰਦੁਆਰਾ ਰਾਜਾ ਸਾਹਿਬ ਆ ਕੇ ਮੁਆਫ਼ੀ ਮੰਗੇ ਮੁੱਖ ਮੰਤਰੀ ਭਗਵੰਤ ਮਾਨ: ਚਰਨਜੀਤ ਸਿੰਘ ਚੰਨੀ
Monday, Jan 19, 2026 - 05:41 PM (IST)
ਔੜ/ਚੱਕਦਾਨਾ/ਬੰਗਾ (ਛਿੰਜੀ ਲੜੋਆ)- ਗੁਰਦੁਆਰਾ ਰਾਜਾ ਸਾਹਿਬ ਦੇ ਅਸਥਾਨ 'ਤੇ ਆ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਕੀਤਾ ਹੈ। ਦਰਅਸਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਨਵਾਂਸ਼ਹਿਰ ਵਿਖੇ ਮਜਾਰਾ ਨੌ-ਅਬਾਦ ਵਿਖੇ ਸਸ਼ੋਭਿਤ ਰੱਸੋਖਾਨਾ ਸਾਹਿਬ ਦਾ ਜ਼ਿਕਰ ਕੀਤਾ ਗਿਆ ਸੀ ਕਿ ਗੁੰਮ ਹੋਏ ਪਾਵਨ ਸਰੂਪਾਂ 'ਚੋਂ ਕੁਝ ਸਰੂਪ ਇਸ ਅਸਥਾਨ ਵਿੱਚ ਪਏ ਹਨ। ਜਿਸ ਨਾਲ ਜਿੱਥੇ ਦੇਸ਼ਾਂ-ਵਿਦੇਸ਼ਾਂ ਦੇ ਲੱਖਾਂ ਸ਼ਰਧਾਲੂਆਂ ਵੱਲੋਂ ਮੁੱਖ ਮੰਤਰੀ ਦੇ ਬਿਆਨ ਦੀ ਨਿਖੇਧੀ ਕੀਤੀ ਜਾ ਰਹੀ ਹੈ, ਉੱਥੇ ਹੀ ਅੱਜ ਇਸ ਅਸਥਾਨ 'ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਤੌਰ' ਤੇ ਪੁੱਜੇ ਸਨ।
ਇਹ ਵੀ ਪੜ੍ਹੋ: ਪੰਜਾਬ ਕਾਂਗਰਸ 'ਚ ਕਾਟੋ-ਕਲੇਸ਼! ਅੰਦਰੂਨੀ ਗੱਲਾਂ ਆਉਣ ਲੱਗੀਆਂ ਬਾਹਰ, ਸਾਬਕਾ CM ਚੰਨੀ ਦਾ ਵੱਡਾ ਬਿਆਨ
ਉਨ੍ਹਾਂ ਗੁਰੂ ਘਰ ਵਿੱਚ ਨਤਮਸਤਕ ਹੋਣ ਉਪਰੰਤ ਕੀਤੀ ਗਈ ਇਕ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਕਿ ਜਦੋਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੇ ਪਏ ਪਾਵਨ ਸਰੂਪਾਂ 'ਤੇ ਕੋਈ ਇਤਰਾਜ਼ ਨਹੀਂ ਕੀਤਾ ਤਾਂ ਮੁੱਖ ਮੰਤਰੀ ਨੂੰ ਆਪਣੇ ਸਿਆਸੀ ਲਾਭ ਲਈ ਇਸ ਅਸਥਾਨ 'ਤੇ ਚੋਰੀ ਦੇ ਸਰੂਪ ਪਏ ਹੋਣ ਦਾ ਦਾਅਵਾ ਕਿਉਂ ਕਰ ਰਹੇ ਹਨ, ਜਦਕਿ ਪ੍ਰਬੰਧਕਾਂ ਕੋਲ ਇਥੇ ਸੁਸ਼ੋਭਿਤ ਸਾਰੇ ਸਰੂਪਾਂ ਦਾ ਪੂਰਾ ਰਿਕਾਰਡ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਥੇ ਸਮੇਂ-ਸਮੇਂ 'ਤੇ ਪਾਵਨ ਸਰੂਪਾਂ ਦੇ ਮਾਣ-ਸਤਿਕਾਰ ਸਬੰਧੀ ਜਾਂਚ ਕੀਤੀ ਜਾਂਦੀ ਹੈ।
ਉਨ੍ਹਾਂ ਆਖਿਆ ਕਿ ਇਹ ਕੋਈ ਡੇਰਾ ਨਹੀਂ ਹੈ ਅਤੇ ਨਾ ਹੀ ਇਥੇ ਕੋਈ ਸਾਧੂ ਬੈਠਾ ਸਗੋਂ ਇਥੇ ਪ੍ਰਬੰਧਕ ਕਮੇਟੀ ਇਸ ਅਸਥਾਨ ਦਾ ਵੱਡਾ ਪ੍ਰਬੰਧ ਚਲਾ ਰਹੀ ਹੈ, ਜਿੱਥੋਂ ਹਜ਼ਾਰਾਂ ਸੰਗਤਾਂ ਰੋਜ਼ਾਨਾ ਲੰਗਰ ਛੱਕਦੀਆਂ ਹਨ, ਇਸੇ ਕਰਕੇ ਰਾਜਾ ਸਾਹਿਬ ਜੀ ਨੇ ਇਸ ਅਸਥਾਨ ਨੂੰ ਰੱਸੋਖਾਨਾ ਸਾਹਿਬ ਦਾ ਨਾਮ ਦਿੱਤਾ ਸੀ ਪਰ ਮੁੱਖ ਮੰਤਰੀ ਨੇ ਇਸ ਨੂੰ ''ਰਸੋਈ'' ਕਹਿ ਕੇ ਇਸ ਅਸਥਾਨ ਦਾ ਹੋਰ ਵੀ ਨਿਰਾਦਰ ਕੀਤਾ ਹੈ।
ਇਹ ਵੀ ਪੜ੍ਹੋ: ਵਿਦੇਸ਼ ਤੋਂ ਮਿਲੀ ਮੰਦਭਾਗੀ ਖ਼ਬਰ! ਦਸੂਹਾ ਦੇ ਨੌਜਵਾਨ ਦੀ ਇਟਲੀ 'ਚ ਮੌਤ
ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਆਰ. ਐੱਸ. ਐੱਸ. ਅਤੇ ਕੇਜਰੀਵਾਲ ਦੀ ਸ਼ਹਿ 'ਤੇ ਲਗਾਤਾਰ ਸਿੱਖ ਕੌਮ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਕਰਦਾ ਆ ਰਿਹਾ ਹੈ, ਜਿਸ ਨੂੰ ਸਿੱਖ ਮਰਿਆਦਾ ਦਾ ਭੋਰਾ ਵੀ ਨਹੀਂ ਪਤਾ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜਾ ਸਾਹਿਬ ਆ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਜੇਕਰ ਮੁੱਖ ਮੰਤਰੀ ਅਜੇ ਵੀ ਇਥੇ ਆ ਕੇ ਮੁਆਫ਼ੀ ਨਹੀਂ ਮੰਗਦਾ ਤਾਂ ਸੰਗਤਾਂ ਦਾ ਰੋਸ ਹੋਰ ਵੀ ਭੜਕ ਸਕਦਾ ਹੈ।
ਇਸ ਮੌਕੇ ਉਨਾਂ ਨਾਲ ਵਰਿੰਦਰ ਸਿੰਘ ਢਿੱਲੋਂ, ਅੰਗਦ ਸਿੰਘ ਸੈਣੀ ਸਾਬਕਾ ਵਿਧਾਇਕ ਨਵਾਂਸ਼ਹਿਰ,ਰਾਣਾ ਗੁਰਜੀਤ ਸਿੰਘ ਸਾਬਕਾ ਕੈਬਨਿਟ ਮੰਤਰੀ, ਕੁਲਵੰਤ ਸਿੰਘ ਗਿੱਲ ਬਲਾਕ ਪ੍ਰਧਾਨ ਬੰਗਾ,ਰਾਮਦਾਸ ਸਿੰਘ ਬਲਾਕ ਪ੍ਰਧਾਨ ਔੜ,ਡਾ.ਨਿਰੰਜਨ ਪਾਲ, ਰਾਮ ਲਭਾਇਆ ਸਾਬਕਾ ਸਰਪੰਚ, ਰਜਿੰਦਰ ਸ਼ਰਮਾ ਸੀ.ਵਾਈਸ ਪ੍ਰਧਾਨ,ਰਜਿੰਦਰ ਸ਼ਰਮਾ,ਅਮਰਜੀਤ ਕਲਸੀ, ਰਾਜਵਿੰਦਰ ਸਿੰਘ ਬੁਲਾਰਾ,ਸੁਖਦੇਵ ਸਿੰਘ ਚੇਤਾ,ਡਾ.ਅਮਰੀਕ ਸਿੰਘ ਸੋਢੀ,ਗਿਆਨ ਚੰਦ ਰੱਤੂ,ਹਰਬੰਸ ਬਬਲੂ,ਡਾ.ਮੇਹਰ ਚੰਦ ਸ਼ਰਮਾ, ਬਲਵਿੰਦਰ ਕੌਰ ਤੇ ਕਿਰਨ ਬਾਲਾ ਮਜਾਰਾ ਤੋਂ ਇਲਾਵਾ ਹੋਰ ਬਹੁਤ ਸਾਰੇ ਸੀਨੀਅਰ ਆਗੂ,ਵਰਕਰ ਅਤੇ ਕਮੇਟੀ ਮੈਂਬਰ ਹਾਜ਼ਰ ਸਨ।
ਇਹ ਵੀ ਪੜ੍ਹੋ: Big Breaking: ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਨੇ ਦਿੱਤਾ ਅਸਤੀਫ਼ਾ, ਛੱਡੀ ਚੇਅਰਮੈਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
