ਮਾਘੀ ਕਾਨਫਰੰਸ 'ਤੇ ਬੋਲੇ ਰਵਨੀਤ ਬਿੱਟੂ, PM ਵਿਦੇਸ਼ ਦੌਰਿਆਂ 'ਤੇ ਉਹ ਸਵਾਲ ਚੁੱਕ ਰਹੇ, ਜਿਨ੍ਹਾਂ ਖ਼ੁਦ ਅਰਜ਼ੀਆਂ...

Wednesday, Jan 14, 2026 - 04:23 PM (IST)

ਮਾਘੀ ਕਾਨਫਰੰਸ 'ਤੇ ਬੋਲੇ ਰਵਨੀਤ ਬਿੱਟੂ, PM ਵਿਦੇਸ਼ ਦੌਰਿਆਂ 'ਤੇ ਉਹ ਸਵਾਲ ਚੁੱਕ ਰਹੇ, ਜਿਨ੍ਹਾਂ ਖ਼ੁਦ ਅਰਜ਼ੀਆਂ...

ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ 'ਚ ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਪਹਿਲੀ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ। ਇੱਥੇ ਪਾਰਟੀ ਦੀ ਲੀਡਰਿਸ਼ਪ ਸਣੇ ਵੱਡੇ ਆਗੂ ਮੌਜੂਦ ਹਨ। ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਨੇ ਮੁੱਖ ਮੰਤਰੀ ਮਾਨ 'ਤੇ ਰਗੜੇ ਲਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਮਾਨ ਦੇਸ਼ ਦੇ ਪ੍ਰਧਾਨ ਮੰਤਰੀ ਦੀਆਂ ਫੇਰੀਆਂ ਗਿਣਦੇ ਸਨ ਪਰ ਉਹ ਖ਼ੁਦ 10 ਦਿਨ ਪਹਿਲਾਂ ਦੋ ਦੇਸ਼ਾਂ 'ਚ ਘੁੰਮ ਕੇ ਆਏ ਹਨ ਅਤੇ ਫਿਰ ਵਿਦੇਸ਼ ਜਾਣ ਲਈ ਅਰਜ਼ੀ ਦਿੱਤੀ ਹੋਈ ਸੀ ਤਾਂ ਹੁਣ ਇਹ ਦੱਸਣ ਕਿ ਵਿਦੇਸ਼ ਕੀ ਕਰਨ ਜਾਂਦੇ ਹਨ। ਉਨ੍ਹਾਂ ਨੇ ਆਤਿਸ਼ੀ ਵੀਡੀਓ ਵਿਵਾਦ ਮਾਮਲੇ 'ਤੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਵਿਧਾਨ ਸਭਾ ਵਿਖੇ ਗੁਰੂਆਂ ਦੀ ਬੇਅਦਬੀ ਕਰਵਾਈ ਹੈ ਅਤੇ ਇਸ ਦੇ ਲਈ ਮੁੱਖ ਮੰਤਰੀ ਮਾਨ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਗੁਰੂ ਸਾਹਿਬਾਨ ਦੀ ਤਸਵੀਰ 'ਤੇ ਸ਼ਰਾਬ ਛਿੜਕਣ ਦੇ ਮਾਮਲੇ ਨੂੰ ਲੈ ਕੇ ਰਵਨੀਤ ਬਿੱਟੂ ਨੇ ਕਿਹਾ ਕਿ ਕੀ ਅਜਿਹੇ ਵਿਅਕਤੀ ਨੂੰ ਵੋਟ ਪਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਨਹੀਂ ਵਧੀਆਂ ਛੁੱਟੀਆਂ, ਅੱਜ ਕੜਾਕੇ ਦੀ ਠੰਡ ਵਿਚਾਲੇ ਖੁੱਲ੍ਹੇ ਸਾਰੇ ਸਕੂਲ

ਉਨ੍ਹਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਅਜਿਹਾ ਕੰਮ ਨਹੀਂ ਕੀਤਾ ਤਾਂ 15 ਤਾਰੀਖ਼ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਹੋਣ ਵੇਲੇ ਗੁਰੂ ਸਾਹਿਬਾਨ ਮੂਹਰੇ ਸਹੁੰ ਖਾਣ ਕਿ ਉਨ੍ਹਾਂ ਨੇ ਅਜਿਹਾ ਕੰਮ ਨਹੀਂ ਕੀਤਾ। ਉਨ੍ਹਾਂ ਨੇ ਮਨਰੇਗਾ ਸਕੀਮ ਬਾਰੇ ਬੋਲਦਿਆਂ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਇਹ ਵਧੀਆ ਗੱਲ ਹੈ ਕਿ ਕਾਂਗਰਸ ਨੇ ਇੰਨਾ ਰੌਲਾ ਪਾਇਆ ਹੈ ਕਿਉਂਕਿ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਮਨਰੇਗਾ ਸਕੀਮ ਤਹਿਤ ਹੁਣ 100 ਦੀ ਥਾਂ 125 ਦਿਨ ਦੀ ਦਿਹਾੜੀ ਮਿਲਣੀ ਹੈ। ਉਨ੍ਹਾਂ ਨੇ ਕਾਂਗਰਸ ਵਲੋਂ ਮੁੱਖ ਮੰਤਰੀ ਦੇ ਚਿਹਰੇ ਬਗੈਰ ਚੋਣਾਂ ਲੜਨ ਦੇ ਬਿਆਨ ਬਾਰੇ ਬੋਲਦਿਆਂ ਕਿਹਾ ਕਿ ਇੱਥੋਂ ਕਾਂਗਰਸ ਦੀ ਕਮਜ਼ੋਰੀ ਪਤਾ ਲੱਗਦੀ ਹੈ ਕਿਉਂਕਿ ਕਾਂਗਰਸ ਕੋਲ ਕੋਈ ਚਿਹਰਾ ਨਹੀਂ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਕਾਂਗਰਸ ਵਾਲੇ ਮੁੱਖ ਮੰਤਰੀ ਤਾਂ ਉਸ ਵੇਲੇ ਬਣਾਉਗੇ, ਜਦੋਂ ਉਨ੍ਹਾਂ ਦੀ ਸਰਕਾਰ ਬਣੇਗੀ। ਰਾਹੁਲ ਗਾਂਧੀ ਨੇ ਕਿਹਾ ਹੋਇਆ ਹੈ ਕਿ ਮੈਂ ਉਸ ਨੂੰ ਮੁੱਖ ਮੰਤਰੀ ਬਣਾਵਾਂਗਾ, ਜਿਹੜਾ ਕਹੇਗਾ ਕਿ ਮੈਂ ਮੁੱਖ ਮੰਤਰੀ ਨਹੀਂ ਬਣਨਾ, ਇਸ ਲਈ ਸਾਰੇ ਇਹ ਕਹਿਣ ਲੱਗ ਗਏ ਹਨ ਕਿ ਉਹ ਮੁੱਖ ਮੰਤਰੀ ਨਹੀਂ ਬਣੇਗਾ।

ਇਹ ਵੀ ਪੜ੍ਹੋ : ਕੜਾਕੇ ਦੀ ਠੰਡ ਨੇ ਤੋੜਿਆ 8 ਸਾਲਾਂ ਦਾ ਰਿਕਾਰਡ, ਸਕੂਲਾਂ 'ਚ ਵਧੀਆਂ ਛੁੱਟੀਆਂ, ਇਨ੍ਹਾਂ ਤਾਰੀਖ਼ਾਂ ਨੂੰ ਮੀਂਹ ਦੇ ਆਸਾਰ

ਉਨ੍ਹਾਂ ਕਿਹਾ ਕਿ ਪੈਸਾ ਨਾ ਕਾਂਗਰਸ ਕੋਲ ਹੈ, ਨਾ ਆਮ ਆਦਮੀ ਪਾਰਟੀ ਅਤੇ ਨਾ ਹੀ ਅਕਾਲੀਆਂ ਕੋਲ ਹੈ, ਚਾਬੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਹੈ। ਇਸ ਲਈ ਅਸੀਂ ਡਬਲ ਇੰਜਣ ਦੀ ਸਰਕਾਰ ਬਣਾ ਕੇ ਆਪਣੇ ਕੰਮ ਲੈਣੇ ਹਨ। ਅਸੀਂ ਇਹ ਦੇਖਣਾ ਹੈ ਕਿ ਪੰਜਾਬ ਦੀਆਂ ਸੜਕਾਂ, ਏਅਰਪੋਰਟ, ਇੰਡਸਟਰੀ ਕੌਣ ਬਣਾਉਂਦਾ ਹੈ। ਸਾਡੇ ਗੁਰੂਆਂ ਦੇ ਨਾਲ ਕੌਣ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀ ਕਿ ਜੇਕਰ ਨੌਵੇਂ ਪਾਤਸ਼ਾਹ ਨਾ ਹੁੰਦੇ ਤਾਂ ਨਾ ਇਹ ਦੇਸ਼ ਹੁੰਦਾ, ਨਾ ਹਿੰਦੂ ਹੁੰਦੇ ਅਤੇ ਨਾ ਹੀ ਸਿੱਖ ਹੁੰਦੇ। ਇਸ ਤੋਂ ਵੱਡੀ ਸਪੱਸ਼ਟਤਾ ਇਸ ਦੇਸ਼ ਦੇ ਲੋਕਾਂ ਅਤੇ ਪੰਜਾਬੀਆਂ ਲਈ ਹੋਰ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਸਾਡੇ 'ਤੇ ਇਲਜ਼ਾਮ ਲਾਉਣ ਕਿ ਅਸੀਂ ਕੋਈ ਭ੍ਰਿਸ਼ਟਾਚਾਰ ਕੀਤਾ ਹੈ ਤਾਂ ਅਸੀਂ ਇੱਥੇ ਬੈਠੇ ਹਾਂ, ਅਸੀਂ ਦੇਣਦਾਰ ਹੋਵਾਂਗੇ। ਤੁਹਾਡੇ ਕੋਲ ਬੇਦਾਗ ਲੀਡਰਸ਼ਿਪ ਹੈ ਪਰ ਦੂਜੇ ਪਾਸੇ ਦਾਗਾਂ ਨਾਲ ਭਰੇ ਹੋਏ ਲੋਕ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News