ਪੰਜਾਬੀਆਂ ਨੇ ਆਪਣਾ ਮੁੱਖ ਮੰਤਰੀ ''ਮਾਨ'' ਨੂੰ ਚੁਣਿਆ ਪਰ ਸਰਕਾਰ ਕੋਈ ਹੋਰ ਚਲਾ ਰਿਹਾ : ਅਨੁਰਾਗ ਠਾਕੁਰ
Wednesday, Jan 14, 2026 - 04:58 PM (IST)
ਸ੍ਰੀ ਮੁਕਤਸਰ ਸਾਹਿਬ : ਇੱਥੇ ਮਾਘੀ ਮੇਲੇ ਦੌਰਾਨ ਭਾਜਪਾ ਵਲੋਂ ਪਹਿਲੀ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ ਕਿ ਅੱਜ ਭਾਰਤ ਅੱਗੇ ਵੱਧ ਰਿਹਾ ਹੈ ਅਤੇ ਸਾਡੇ ਗੁਰੂ ਸਾਹਿਬਾਨ ਦੀ ਮਿਹਰਾਬਨੀ ਸਦਕਾ ਹੈ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਖ਼ਿਲਾਫ਼ ਵੱਡੀਆਂ ਲੜਾਈਆਂ ਲੜੀਆਂ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਚਾਰੇ ਸਾਹਿਬਜ਼ਾਦਿਆਂ ਨੂੰ ਦੇਸ਼ ਲਈ ਕੁਰਬਾਨ ਕਰ ਦਿੱਤਾ। ਜੇਕਰ ਦੇਸ਼ ਲਈ ਲੜਾਈ ਲੜਨ ਦਾ ਕਿਸੇ ਨੇ ਕੰਮ ਕੀਤਾ ਹੈ ਤਾਂ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਹੈ ਅਤੇ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣਾ ਬੇਹੱਦ ਜ਼ਰੂਰੀ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਮਾਘੀ ਕਾਨਫਰੰਸ ਦੌਰਾਨ ਇਕ ਮੌਕਾ ਮਿਲਿਆ ਹੈ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਨ ਦਾ। ਪੰਜਾਬ ਅਤੇ ਪੰਜਾਬੀਆਂ ਨੇ ਹਮੇਸ਼ਾ ਦੇਸ਼ ਲਈ ਵੱਧ-ਚੜ੍ਹ ਕੇ ਲੜਾਈ ਲੜੀ ਹੈ ਅਤੇ ਹੁਣ ਪੰਜਾਬੀਆਂ ਨੂੰ ਆਪਣੀ ਲੜਾਈ ਲੜਨੀ ਪਵੇਗੀ।
ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਲੜਾਈ ਲੜਨੀ ਪਵੇਗੀ ਅਤੇ ਇਹ ਪੰਜ ਫਰੰਟਾਂ 'ਤੇ ਲੜਨੀ ਹੈ। ਅਰਾਜਕਤਾ, ਨਸ਼ਿਆਂ, ਅਪਰਾਧ, ਭ੍ਰਿਸ਼ਟਾਚਾਰ ਅਤੇ ਕੇ ਕੰਪਨੀ ਤੋਂ ਮੁਕਤੀ ਦਿਵਾਉਣ ਲਈ ਲੜਾਈ ਲੜਨੀ ਹੈ। ਉਨ੍ਹਾਂ 'ਆਪ' 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਨ੍ਹਾਂ ਨੇ ਦਿੱਲੀ ਲੁੱਟ ਲਈ ਅਤੇ ਹੁਣ ਪੰਜਾਬ ਆ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਤਾਂ ਆਪਣਾ ਮੁੱਖ ਮੰਤਰੀ ਮਾਨ ਨੂੰ ਚੁਣਿਆ ਸੀ ਪਰ ਅੱਜ ਸਰਕਾਰ ਕੋਈ ਹੋਰ ਚਲਾ ਰਿਹਾ ਹੈ। ਪੰਜਾਬ ਦੇ ਜਹਾਜ਼, ਹੈਲੀਕਾਪਟਰ ਅਤੇ ਪੈਸੇ ਕੇ ਕੰਪਨੀ ਲਈ ਇਸਤੇਮਾਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਪੰਜਾਬ ਵਿਕਸਿਤ ਸੂਬਾ ਕਿਵੇਂ ਬਣੇਗਾ, ਜੇਕਰ ਨਰਿੰਦਰ ਮੋਦੀ ਜੀ ਚਾਹੁੰਦੇ ਹਨ ਕਿ ਭਾਰਤ ਵਿਕਸਿਤ ਦੇਸ਼ ਬਣੇ ਤਾਂ ਵਿਕਸਿਤ ਭਾਰਤ ਦਾ ਰਾਹ ਵਿਕਸਿਤ ਪੰਜਾਬ 'ਚੋਂ ਨਿਕਲਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਨਹੀਂ ਵਧੀਆਂ ਛੁੱਟੀਆਂ, ਅੱਜ ਕੜਾਕੇ ਦੀ ਠੰਡ ਵਿਚਾਲੇ ਖੁੱਲ੍ਹੇ ਸਾਰੇ ਸਕੂਲ
ਅਸੀਂ ਅਗਲੇ ਸਾਲ ਸਰਕਾਰ ਬਣਾਵਾਂਗੇ ਅਤੇ ਪੰਜਾਬ ਨੂੰ ਵਿਕਸਿਤ ਸੂਬਾ ਬਣਾਵਾਂਗੇ। ਪੰਜਾਬ ਨੇ ਬਹੁਤ ਦਰਦ ਝੱਲੇ ਹਨ। ਪੰਜਾਬ 'ਚ ਕਿਤੇ ਗੈਂਗਵਾਰ ਹੈ ਅਤੇ ਕਿਤੇ ਭ੍ਰਿਸ਼ਟਾਚਾਰ ਦੀ ਮਾਰ ਹੈ ਪਰ ਪੰਜਾਬ ਹਰ ਹਾਲਾਤ 'ਚ ਖੜ੍ਹਾ ਹੋਇਆ ਕਿਉਂਕਿ ਦਸ ਗੁਰੂਆਂ ਦਾ ਆਸ਼ੀਰਵਾਦ ਸਾਡੇ ਪੰਜਾਬ 'ਤੇ ਹੈ ਅਤੇ ਉਨ੍ਹਾਂ ਦਾ ਬਲਿਦਾਨ ਸਾਨੂੰ ਬੁਰਾਈਆਂ ਖ਼ਿਲਾਫ਼ ਖੜ੍ਹੇ ਹੋਣ ਲਈ ਤਾਕਤ ਦਿੰਦਾ ਹੈ। ਉਨ੍ਹਾਂ ਆਤਿਸ਼ੀ ਵੀਡੀਓ ਵਿਵਾਦ ਮਾਮਲੇ ਬਾਰੇ ਬੋਲਦਿਆਂ ਕਿਹਾ ਕਿ ਆਤਿਸ਼ੀ ਨੇ ਜੋ ਗੁਰੂਆਂ ਖ਼ਿਲਾਫ਼ ਕਿਹਾ, ਉਸ ਨੂੰ ਕੋਈ ਵੀ ਸਿੱਖ ਸੁਣ ਨਹੀਂ ਸਕਦਾ ਅਤੇ ਇਸ ਲਈ ਭਗਵੰਤ ਮਾਨ ਸਰਕਾਰ ਵਲੋਂ ਕੋਈ ਵੀ ਆਵਾਜ਼ ਨਹੀਂ ਚੁੱਕੀ ਗਈ। ਅਨੁਰਾਗ ਠਾਕੁਰ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਸਿਰਫ ਕੁਰਸੀ ਨਾਲ ਪਿਆਰ ਹੋ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
