ਚੀਨ ਦੇ ਬਾਅਦ ਪਾਕਿ ਫੌਜ ਮੁਖੀ ਦੀ ਭਾਰਤ ਨੂੰ ਗਿੱਦੜ ਭਬਕੀ-''ਅਸੀਂ ਜੰਗ ਜਿੱਤਣ ਲਈ ਤਿਆਰ''
Tuesday, Sep 08, 2020 - 06:34 PM (IST)
ਇਸਲਾਮਾਬਾਦ (ਬਿਊਰੋ): ਚੀਨ ਦੇ ਬਾਅਦ ਉਸ ਦੇ ਆਇਰਨ ਬ੍ਰਦਰ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਭਾਰਤ ਨੂੰ ਗਿੱਦੜ ਭਬਕੀ ਦਿੱਤੀ ਹੈ। ਜਨਰਲ ਬਾਜਵਾ ਨੇ ਭਾਰਤ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਕਿ ਪਾਕਿਸਤਾਨ ਪੰਜਵੀਂ ਪੀੜ੍ਹੀ ਜਾਂ ਹਾਈਬ੍ਰਿਡ ਵਾਰ ਨੂੰ ਜਿੱਤਣ ਲਈ ਤਿਆਰ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਇਸ ਸਮੇਂ ਕਈ ਮੋਰਚਿਆਂ 'ਤੇ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।
ਪਾਕਿਸਤਾਨ ਦੇ ਡਿਫੈਂਸ ਡੇਅ ਅਤੇ ਸ਼ਹੀਦ ਦਿਵਸ 'ਤੇ ਰਾਵਲਪਿੰਡੀ ਵਿਚ ਆਯੋਜਿਤ ਪ੍ਰੋਗਰਾਮ ਵਿਚ ਜਨਰਲ ਬਾਜਵਾ ਨੇ ਕਿਹਾ ਕਿ ਅਸੀਂ ਪੰਜਵੀਂ ਪੀੜ੍ਹੀ ਜਾਂ ਹਾਈਬ੍ਰਿਡ ਦਾ ਸਾਹਮਣਾ ਕਰ ਰਹੇ ਹਾਂ। ਇਸ ਦਾ ਉਦੇਸ਼ ਪਾਕਿਸਤਾਨ ਅਤੇ ਫੌਜ ਨੂੰ ਬਦਨਾਮ ਕਰਨਾ ਅਤੇ ਅਵਿਵਸਥਾ ਪੈਦਾ ਕਰਨਾ ਹੈ। ਉਹਨਾਂ ਨੇ ਕਿਹਾ,''ਅਸੀਂ ਇਸ ਖਤਰੇ ਤੋਂ ਜਾਣੂ ਹਾਂ ਅਤੇ ਦੇਸ਼ ਦੀ ਮਦਦ ਨਾਲ ਇਸ ਜੰਗ ਨੂੰ ਨਿਸ਼ਚਿਤ ਰੂਪ ਵਿਚ ਜਿੱਤਾਂਗੇ।'' ਭਾਰਤ ਦਾ ਨਾਮ ਲਏ ਬਿਨਾਂ ਬਾਜਵਾ ਨੇ ਕਿਹਾ ਕਿ ਜੇਕਰ ਸਾਡੇ 'ਤੇ ਯੁੱਧ ਥੋਪਿਆ ਗਿਆ ਤਾਂ ਅਸੀਂ ਹਰੇਕ ਹਮਲਾਵਰ ਕਾਰਵਾਈ ਦਾ ਕਰਾਰਾ ਜਵਾਬ ਦੇਵਾਂਗੇ।
ਜਨਰਲ ਬਾਜਵਾ ਨੇ ਕਿਹਾ,''ਮੈਂ ਦੇਸ਼ ਅਤੇ ਪੂਰੀ ਦੁਨੀਆ ਨੂੰ ਇਕ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਪਾਕਿਸਤਾਨ ਇਕ ਸ਼ਾਂਤੀ ਪਸੰਦ ਦੇਸ਼ ਹੈ ਪਰ ਜੇਕਰ ਸਾਡੇ 'ਤੇ ਯੁੱਧ ਥੋਪਿਆ ਗਿਆ ਤਾਂ ਅਸੀਂ ਹਰੇਕ ਹਮਲਾਵਰ ਕਾਰਵਾਈ ਦਾ ਮੂੰਹ ਤੋੜ ਜਵਾਬ ਦੇਵਾਂਗੇ। ਅਸੀਂ ਦੁਸ਼ਮਣ ਦੇ ਖਤਰਨਾਕ ਇਰਾਦੇ ਦਾ ਜਵਾਬ ਦੇਣ ਲਈ ਤਿਆਰ ਹਾਂ। ਪਾਕਿਸਤਾਨ ਦੀ ਜਵਾਬੀ ਕਾਰਵਾਈ ਦੇ ਇਰਾਦੇ ਦੇ ਬਾਰੇ ਵਿਚ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ।'' ਭਾਰਤ ਦੇ ਨਾਲ 1965 ਦੀ ਜੰਗ ਵਿਚ ਕਰਾਰੀ ਹਾਰ ਖਾਣ ਵਾਲੇ ਪਾਕਿਸਤਾਨੀ ਫੌਜ ਮੁਖੀ ਨੇ ਦਾਅਵਾ ਕੀਤਾ ਕਿ ਇਸ ਯੁੱਧ ਵਿਚ ਪਾਕਿਸਤਾਨ ਨੂੰ ਜਿੱਤ ਮਿਲੀ ਸੀ।
ਪੜ੍ਹੋ ਇਹ ਅਹਿਮ ਖਬਰ- ਪਾਕਿ ਨੇ 19 ਭਾਰਤੀਆਂ ਸਮੇਤ 3 ਬੰਗਲਾਦੇਸ਼ੀਆਂ ਨੂੰ ਕੀਤਾ ਗ੍ਰਿਫਤਾਰ, ਲਗਾਏ ਇਹ ਦੋਸ਼
ਬਾਜਵਾ ਨੇ ਸਾਲ 2019 ਵਿਚ ਭਾਰਤ ਦੇ ਬਾਲਾਕੋਟ ਏਅਰ ਸਟ੍ਰਾਈਕ ਦੇ ਬਾਅਦ ਪਾਕਿਸਤਾਨੀ ਕਾਰਵਾਈ ਦਾ ਉਦਾਹਰਨ ਦਿੱਤਾ ਅਤੇ ਕਿਹਾ ਕਿ ਕਿਸੇ ਨੂੰ ਵੀ ਪਾਕਿਸਤਾਨੀ ਦੀ ਜਵਾਬੀ ਕਾਰਵਾਈ ਦੀ ਤਿਆਰੀ ਦੇ ਬਾਰੇ ਵਿਚ ਸ਼ੱਕ ਨਹੀਂ ਹੋਣਾ ਚਾਹੀਦਾ। ਬਾਜਵਾ ਨੇ ਦਾਅਵਾ ਕੀਤਾ ਕਿ ਅਸੀਂ ਦੱਖਣ ਏਸ਼ੀਆ ਵਿਚ ਸ਼ਾਂਤੀ ਚਾਹੁੰਦੇ ਹਾਂ ਅਤੇ ਅਫਗਾਨਿਸਤਾਨ ਸਬੰਧੀ ਸਾਡੀ ਕੋਸ਼ਿਸ਼ ਇਸ ਦਾ ਉਦਾਹਰਨ ਹੈ। ਪਰ ਭਾਰਤ ਨੇ ਗੈਰ ਜ਼ਿੰਮੇਵਾਰੀ ਵਾਲਾ ਰਵੱਈਆ ਅਪਨਾਇਆ ਹੈ। ਇਸ ਦੌਰਾਨ ਉਹਨਾਂ ਨੇ ਇਕ ਵਾਰ ਫਿਰ ਤੋਂ ਕਸ਼ਮੀਰ ਦੀ ਗੱਲ ਕੀਤੀ ਅਤੇ ਕਿਹਾ ਕਿ ਭਾਰਤ ਨੇ ਗੈਰ ਕਾਨੂੰਨੀ ਢੰਗ ਨਾਲ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰ ਦਿੱਤਾ। ਪਾਕਿਸਤਾਨ ਇਸ ਨੂੰ ਸਵੀਕਾਰ ਨਹੀਂ ਕਰੇਗਾ।
ਜਾਣੋ ਹਾਈਬ੍ਰਿਡ ਵਾਰਫੇਅਰ ਦੇ ਬਾਰੇ 'ਚ
ਹਾਈਬ੍ਰਿਡ ਵਾਰਫੇਅਰ ਇਕ ਵਿਆਪਕ ਮਿਲਟਰੀ ਰਣਨੀਤੀ ਹੈ, ਜਿਸ ਦੇ ਜ਼ਰੀਏ ਦੁਸ਼ਮਣ ਦੇਸ਼ ਵਿਚ ਰਾਜਨੀਤਕ ਯੁੱਧ, ਮਿਸ਼ਰਿਤ ਰਵਾਇਤੀ ਯੁੱਧ ਅਤੇ ਸਾਈਬਰ ਯੁੱਧ ਨੂੰ ਅੰਜਾਮ ਦਿੱਤਾ ਜਾਂਦਾ ਹੈ। ਸਾਈਬਰ ਯੁੱਧ ਵਿਚ ਫੇਕ ਨਿਊਜ਼, ਕੂਟਨੀਤੀ ਅਤੇ ਚੁਣਾਵੀ ਦਖਲ ਅੰਦਾਜ਼ੀ ਦੇ ਜ਼ਰੀਏ ਦੁਸ਼ਮਣ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਭਾਰਤ ਦੇ ਖਿਲਾਫ਼ ਹਾਈਬ੍ਰਿਡ ਵਾਰ ਛੇੜ ਰਿਹਾ ਪਾਕਿਸਤਾਨ ਹੁਣ ਭਾਰਤ 'ਤੇ ਇਸ ਦੇ ਲਈ ਦੋਸ਼ ਲਗਾ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਕੈਲੀਫੋਰਨੀਆ ਦੇ ਜੰਗਲਾਂ 'ਚ 17000 ਏਕੜ ਤੋਂ ਵੱਧ ਖੇਤਰ 'ਚ ਫੈਲੀ ਅੱਗ