ਪਾਕਿ : ਸਿੰਧ ਵਿਧਾਨਸਭਾ ''ਚ ਮੰਜਾ ਲੈ ਕੇ ਪਹੁੰਚੇ ਪੀ.ਟੀ.ਆਈ. ਵਿਧਾਇਕ, ਵੀਡੀਓ ਵਾਇਰਲ
Tuesday, Jun 29, 2021 - 11:59 AM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਸਿੰਧ ਸੂਬੇ ਦੀ ਵਿਧਾਨਸਭਾ ਵਿਚ ਸੋਮਵਾਰ ਨੂੰ ਇਕ ਅਜੀਬੋ-ਗਰੀਬ ਨਜ਼ਾਰਾ ਦੇਖਣ ਨੂੰ ਮਿਲਿਆ। ਪ੍ਰਧਾਨ ਮੰਤਰੀ ਇਮਰਾਨ ਖਾਨ ਨਿਆਜ਼ੀ ਦੀ ਪਾਰਟੀ ਪੀ.ਟੀ.ਆਈ. ਦੇ ਵਿਧਾਇਕ ਸਿੰਧ ਵਿਧਾਨਸਭਾ ਅੰਦਰ ਮੰਜਾ ਲੈ ਕੇ ਪਹੁੰਚ ਗਏ। ਪੀ.ਟੀ.ਆਈ. ਦੇ ਵਿਧਾਇਕਾਂ ਨੇ ਮੰਜੇ ਜ਼ਰੀਏ 'ਲੋਕਤੰਤਰ ਦਾ ਜਨਾਜ਼ਾ' ਕੱਢਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਵਿਧਾਨਸਭਾ ਸੈਸ਼ਨ ਦੌਰਾਨ ਪੀ.ਟੀ.ਆਈ. ਦੇ ਮੈਂਬਰਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਸੀ।
ਇਸ ਗੱਲ ਦਾ ਵਿਰੋਧ ਕਰਨ ਲਈ ਇਮਰਾਨ ਖਾਨ ਦੀ ਪਾਰਟੀ ਦੇ ਵਿਧਾਇਕ ਮੰਜਾ ਲੈ ਕੇ ਸਦਨ ਦੇ ਅੰਦਰ ਦਾਖਲ ਹੋ ਗਏ। ਇਸ ਦੌਰਾਨ ਉਹਨਾਂ ਨੇ 'ਲੋਕਤੰਤਰ ਦਾ ਜਨਾਜ਼ਾ' ਦੇ ਨਾਅਰੇ ਵੀ ਲਗਾਏ। ਇਸ ਵਿਚਕਾਰ ਸਿੰਧ ਵਿਧਾਨਸਭਾ ਦੇ ਪ੍ਰਧਾਨ ਆਗਾ ਸਿਰਾਜ ਖਾਨ ਦੁਰਾਨੀ ਨੇ ਆਪਣੇ ਕਰਮਚਾਰੀਆਂ ਨੂੰ ਆਦੇਸ਼ ਦਿੱਤਾ ਕਿ ਉਹ ਮੰਜੇ ਨੂੰ ਸਦਨ ਦੇ ਬਾਹਰ ਲੈ ਕੇ ਜਾਣ। ਉਹਨਾਂ ਨੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਸਦਨ ਦੀ ਸ਼ਾਨ ਬਣਾਈ ਰੱਖਣ।
Charpoy protest in Sindh assembly pic.twitter.com/hJxJzYpvUU
— Murtaza Ali Shah (@MurtazaViews) June 29, 2021
ਸਪੀਕਰ ਨੇ ਕਹੀ ਇਹ ਗੱਲ
ਸਪੀਕਰ ਨੇ ਕਿਹਾ ਕਿ ਪੀ.ਟੀ.ਆਈ. ਦੇ ਵਿਧਾਇਕਾਂ ਨੇ ਸਦਨ ਦੀ ਪਵਿੱਤਰਤਾ ਦੀ ਉਲੰਘਣਾ ਕੀਤੀ ਹੈ। ਇਸ ਪੂਰੇ ਵਿਵਾਦ ਦੌਰਾਨ ਸੂਬਾਈ ਮੰਤਰੀ ਨਸੀਰ ਹੁਸੈਨ ਸ਼ਾਹ ਅਤੇ ਮੁਕੇਸ਼ ਕੁਮਾਰ ਚਾਵਲਾ ਨੇ ਪੱਤਰਕਾਰਾਂ ਦੀ ਸੁਰੱਖਿਆ ਵਾਲਾ ਬਿੱਲ ਪੇਸ਼ ਕੀਤਾ, ਜਿਸ ਨੂੰ ਮਨਜ਼ੂਰੀ ਮਿਲ ਗਈ। ਮੁਕੇਸ਼ ਕੁਮਾਰ ਚਾਵਲਾ ਨੇ ਇਸ ਮੰਜੇ ਜ਼ਰੀਏ ਵਿਰੋਧ ਖ਼ਿਲਾਫ਼ ਜ਼ੋਰਦਾਰ ਪਲਟਵਾਰ ਕੀਤਾ। ਉਹਨਾਂ ਨੇ ਕਿਹਾ ਕਿ ਇਹ ਇਮਰਾਨ ਖਾਨ ਦੀ ਪੀ.ਟੀ.ਆਈ. ਹੈ ਜਿਸ ਨੇ ਲੋਕਤੰਤਰ ਦਾ ਕਤਲ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ 'ਚ ਅਮਰੀਕਾ ਦਾ ਵੱਡਾ ਐਲਾਨ, ਭਾਰਤ ਨੂੰ 41 ਮਿਲੀਅਨ ਡਾਲਰ ਦੇਣ ਦੀ ਕੀਤੀ ਘੋਸ਼ਣਾ
ਇਸ ਮਗਰੋਂ ਸਦਨ ਦੇ ਅੰਦਰ ਜੰਮ ਕੇ ਹੰਗਾਮਾ ਹੋਇਆ। ਇਹਨਾਂ ਹਾਲਾਤ ਨੂੰ ਦੇਖਦੇ ਹੋਏ ਵਿਧਾਨਸਭਾ ਸੈਸ਼ਨ ਨੂੰ 29 ਜੂਨ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਪੂਰੀ ਘਟਨਾ ਦਾ ਵੀਡੀਓ ਵਾਇਰਲ ਹੋਇਆ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਪੀ.ਟੀ.ਆਈ. ਦੇ ਵਿਧਾਇਕ ਮੰਜੇ ਨੂੰ ਸਪੀਕਰ ਦੀ ਕੁਰਸੀ ਵੱਲ ਲਿਜਾ ਰਹੇ ਸਨ। ਭਾਵੇਂਕਿ ਸੁਰੱਖਿਆ ਕਰਮੀਆਂ ਨੇ ਅਜਿਹਾ ਹੋਣ ਨਹੀਂ ਦਿੱਤਾ ਅਤੇ ਮੰਜੇ ਨੂੰ ਸਦਨ ਦੇ ਬਾਹਰ ਕਰ ਦਿੱਤਾ ਗਿਆ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।