ਪਾਕਿ : ਇਮਰਾਨ ਖਾਨ ਨੇ ਰੱਖਿਆ ਬਜਟ ''ਚ ਕੀਤੀ ਕਟੌਤੀ

06/05/2019 12:44:01 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ ਮਹਿੰਗਾਈ ਦਰ ਵੱਧਦੀ ਜਾ ਰਹੀ ਹੈ। ਮਾਰਚ ਵਿਚ ਮਹਿੰਗਾਈ ਦਰ ਵੱਧ ਕੇ 9.41 ਫੀਸਦੀ ਹੋ ਗਈ ਜੋ ਨਵੰਬਰ 2013 ਦੇ ਬਾਅਦ ਸਭ ਤੋਂ ਜ਼ਿਆਦਾ ਹੈ। ਹੁਣ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਦੀ ਅਰਥਵਿਵਸਥਾ ਵਿਚ ਸੁਧਾਰ ਲਈ ਲੋੜੀਂਦੇ ਕਦਮ ਚੁੱਕੇ ਹਨ। ਇਸ ਸਿਲਸਿਲੇ ਵਿਚ ਇਮਰਾਨ ਹਰੇਕ ਵਿਭਾਗ ਅਤੇ ਮੰਤਰਾਲੇ ਦੇ ਬਜਟ ਵਿਚ ਕਟੌਤੀ ਕਰ ਰਹੇ ਹਨ। 

ਇਮਰਾਨ ਨੇ ਦੇਸ਼ ਦੇ ਰੱਖਿਆ ਬਜਟ ਵਿਚ ਕਟੌਤੀ ਕਰਨ ਦੀ ਯੋਜਨਾ ਬਣਾਈ ਹੈ। ਇਸ ਗੱਲ ਦਾ ਖੁਲਾਸਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅਰਥਵਿਵਸਥਾ ਨੂੰ ਠੀਕ ਕਰਨ ਦੇ ਉਪਾਆਂ 'ਤੇ ਫੌਜ ਨੇ ਸਹਿਮਤੀ ਜ਼ਾਹਰ ਕੀਤੀ ਹੈ ਅਤੇ ਫੌਜ ਅਗਲੇ ਵਿੱਤੀ ਸਾਲ ਲਈ ਰੱਖਿਆ ਬਜਟ ਘੱਟ ਕਰਨ 'ਤੇ ਰਾਜ਼ੀ ਹੋ ਗਈ ਹੈ। ਇਮਰਾਨ ਖਾਨ ਨੇ ਟਵੀਟ ਕਰ ਕੇ ਕਿਹਾ ਕਿ ਰੱਖਿਆ ਬਜਟ ਵਿਚ ਕਟੌਤੀ ਨਾਲ ਜਿਹੜੀ ਰਾਸ਼ੀ ਬਚੇਗੀ ਉਹ ਦੇਸ਼ ਦੇ ਕਬਾਇਲੀ ਖੇਤਰਾਂ ਅਤੇ ਬਲੋਚਿਸਤਾਨ ਦੇ ਵਿਕਾਸ 'ਤੇ ਖਰਚ ਕੀਤੀ ਜਾਵੇਗੀ। 

 

ਇਮਰਾਨ ਨੇ ਕਿਹਾ,''ਗੰਭੀਰ ਆਰਥਿਕ ਚੁਣੌਤੀਆਂ ਨੂੰ ਦੇਖਦਿਆਂ ਰੱਖਿਆ ਬਜਟ ਵਿਚ ਕਟੌਤੀ ਨੂੰ ਲੈ ਕੇ ਫੌਜ ਦੀ ਸਵੈ-ਇੱਛਤ ਪਹਿਲ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ।'' ਭਾਵੇਂਕਿ ਇਸ ਦੇ ਥੋੜ੍ਹੀ ਦੇਰ ਬਾਅਦ ਹੀ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਸ, ਮਿਲਟਰੀ ਮੀਡੀਆ ਵਿੰਗ, ਆਈ.ਐੱਸ.ਪੀ.ਆਰ. ਦੇ ਮੇਜਰ ਜਨਰਲ ਆਸਿਫ ਗਫੂਰ ਨੇ ਕਿਹਾ ਕਿ ਇਹ ਕਟੌਤੀ ਰੱਖਿਆ ਅਤੇ ਸੁਰੱਖਿਆ ਦੀ ਕੀਮਤ 'ਤੇ ਨਹੀਂ ਹੋਵੇਗੀ। ਰੱਖਿਆ ਖੇਤਰ ਵਿਚ ਇਹ ਬਚਤ ਤਿੰਨੇ ਸੈਨਾਵਾਂ ਵੱਲੋਂ ਅੰਦਰੂਨੀ ਤੌਰ 'ਤੇ ਕੀਤੀ ਜਾਵੇਗੀ।

ਮਾਹਰਾਂ ਮੁਤਾਬਕ,''ਪਿਛਲੇ ਸਾਲ ਪਾਕਿਸਤਾਨ ਦੀ ਆਰਥਿਕ ਵਾਧਾ ਦਰ 5.2 ਫੀਸਦੀ ਸੀ ਜੋ ਇਸ ਸਾਲ ਘੱਟ ਕੇ 3.4 ਫੀਸਦੀ ਰਹਿ ਗਈ। ਅਗਲੇ ਸਾਲ ਇਸ ਵਿਚ ਹੋਰ ਗਿਰਾਵਟ ਹੋਣ ਦਾ ਅਨੁਮਾਨ ਹੈ। ਇਹ 2.7 ਫੀਸਦੀ ਤੱਕ ਰਹਿ ਸਕਦੀ ਹੈ। ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਫਰਵਰੀ ਵਿਚ ਪਾਕਿਸਤਾਨੀ ਸਰਕਾਰ ਨੇ ਮੌਜੂਦਾ ਵਿੱਤ ਸਾਲ ਵਿਚ ਦੇਸ਼ ਦੇ ਰੱਖਿਆ ਬਜਟ ਵਿਚ ਕੋਈ ਕਟੌਤੀ ਨਾ ਕਰਨ ਦਾ ਫੈਸਲਾ ਲਿਆ ਸੀ।


Vandana

Content Editor

Related News