ਬਲੋਚ ਲੋਕਾਂ ਦੀ PM ਮੋਦੀ ਨੂੰ ਅਪੀਲ, UN ''ਚ ਚੁੱਕੋ ਸਾਡਾ ਮੁੱਦਾ

09/17/2019 1:32:07 PM

ਇਸਲਾਮਾਬਾਦ— ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਮੰਗ ਕੀਤੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੰਧ, ਬਲੋਚਿਸਤਾਨ ਅਤੇ ਗਿਲਗਿਤ-ਬਲਿਤਸਤਾਨ (ਬਾਲਟੀਸਤਾਨ) 'ਚ ਹੋਣ ਵਾਲੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦਾ ਮਾਮਲਾ ਸੰਯੁਕਤ ਰਾਸ਼ਟਰ 'ਚ ਚੁੱਕਣ। ਪਾਕਿਸਤਾਨ ਮਕਬੂਜਾ ਕਸ਼ਮੀਰ ਦੇ ਕਾਰਕੁੰਨਾਂ ਨੇ ਵੀ ਪੀ. ਐੱਮ. ਨਰਿੰਦਰ ਮੋਦੀ ਕੋਲ ਇਹ ਹੀ ਮੰਗ ਰੱਖੀ ਹੈ। ਇਕ ਪ੍ਰੋਗਰਾਮ ਦੌਰਾਨ ਅਮਰੀਕਾ 'ਚ ਸਿੰਧੀ ਫਾਊਂਡੇਸ਼ਨ ਦੇ ਨਿਰਦੇਸ਼ਕ ਸੂਫੀ ਲਗਹਰੀ ਨੇ ਕਿਹਾ ਕਿ ਸਿੰਧ 'ਚ ਪ੍ਰੇਸ਼ਾਨੀ ਇਹ ਹੈ ਕਿ ਇੱਥੇ ਲੋਕਾਂ 'ਚ ਡਰ ਹੈ ਅਤੇ ਸਭ ਤੋਂ ਵੱਡੀ ਚੁਣੌਤੀ ਲੋਕਾਂ ਦਾ ਡਰ ਦੂਰ ਕਰਨਾ ਹੈ। ਸਿੰਧ ਦੇ ਅੰਦਰੋਂ ਇਹ ਡਰ ਦੂਰ ਨਹੀਂ ਕੀਤਾ ਜਾ ਸਕਦਾ ਹੈ, ਇਸ ਲਈ ਇਕੋ-ਇਕ ਆਸ ਬਾਹਰ ਦੇ ਮੁਲਕਾਂ ਤੋਂ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਸੁਝਾਅ ਦੇਵਾਂਗਾ ਕਿ ਜਦ ਭਾਰਤੀ ਪੀ. ਐੱਮ. ਸੰਯੁਕਤ ਰਾਸ਼ਟਰ 'ਚ ਜਾਣੇ ਤਾਂ ਉਨ੍ਹਾਂ ਨੂੰ ਸਿੰਧ ਬਾਰੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਭਾਰਤ ਨੂੰ ਇਸ ਦਾ ਨਾਂ ਸਿੰਧ ਤੋਂ ਮਿਲਿਆ ਸੀ ਅਤੇ ਸਿੰਧੀਆਂ ਦੇ ਬਹੁਤ ਸਾਰੇ ਲੋਕ ਭਾਰਤ 'ਚ ਰਹਿ ਰਹੇ ਹਨ। ਲਗਹਰੀ ਨੇ ਕਿਹਾ ਕਿ ਉਹ ਘੱਟ ਤੋਂ ਘੱਟ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਸਕਦੇ ਹਨ, ਉਹ ਸਿੰਧ 'ਚ ਧਾਰਮਿਕ ਸੁਤੰਤਰਤਾ ਬਾਰੇ ਗੱਲ ਕਰ ਸਕਦੇ ਹਨ।
ਇਸ ਪ੍ਰੋਗਰਾਮ 'ਚ ਪੀ. ਓ. ਕੇ. ਬਲੋਚਿਸਤਾਨ ਅਤੇ ਅਫਗਾਨਿਸਤਾਨ ਦੇ ਕਾਰਕੁੰਨ ਵੀ ਹਿੱਸਾ ਲੈਣਗੇ। ਬਲੋਚਿਸਤਾਨ ਦੇ ਮਨੁੱਖੀ ਅਧਿਕਾਰ ਵਿਭਾਗ ਦੇ ਮੁਖੀ ਤਾਜ ਬਲੂਚ ਨੇ ਕਿਹਾ ਬਲੋਚਿਸਤਾਨ 'ਚ ਸਥਿਤੀਆਂ ਲਗਾਤਾਰ ਖਰਾਬ ਹੋ ਰਹੀਆਂ ਹਨ ਕਿਉਂਕਿ ਕੌਮਾਂਤਰੀ ਭਾਈਚਾਰਾ ਸਾਡੇ ਉੱਪਰ ਕੀਤੇ ਜਾ ਰਹੇ ਅੱਤਿਆਚਾਰਾਂ 'ਤੇ ਚੁੱਪ ਬੈਠਾ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਸੂਬੇ 'ਚ ਸਿਰਫ ਅਗਵਾ ਕੀਤਾ ਜਾਂਦਾ ਸੀ ਫਿਰ ਮਾਰੋ ਤੇ ਗਾਇਬ ਕਰਨ ਦੀ ਸ਼ੁਰੂਆਤ ਹੋਈ ਤੇ ਹੁਣ ਪਿੰਡਾਂ ਨੂੰ ਸਾੜਨ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਨੂੰ ਕਤਲੇਆਮ ਕਹਿੰਦੇ ਹਨ। ਵਿਭਾਗ ਦੇ ਮੁਖੀ ਨੇ ਅੱਗੇ ਕਿਹਾ ਕਿ ਯੂ. ਐੱਨ. ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਬਲੋਚਿਸਤਾਨ 'ਚ ਆ ਕੇ ਇੱਥੇ ਕੀਤਾ ਜਾ ਰਹੇ ਅੱਤਿਆਚਾਰਾਂ ਦੀ ਜਾਂਚ ਕਰਨੀ ਚਾਹੀਦੀ ਹੈ, ਉਨ੍ਹਾਂ ਨੂੰ ਪਾਕਿ ਫੌਜ ਵਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਨੂੰ ਰੋਕਣਾ ਪਵੇਗਾ। ਉੱਥੇ ਹੀ ਇਸ ਪ੍ਰੋਗਰਾਮ 'ਚ ਅਫਗਾਨਿਸਤਾਨ ਤੇ ਪੱਤਰਕਾਰ ਬਿਲਾਲ ਸਰਵਰੀ ਵੀ ਹਿੱਸਾ ਲੈਣਗੇ। ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ 'ਚ ਪਾਕਿਸਤਾਨ ਦੀ ਭੂਮਿਕਾ ਇਕ ਵਿਨਾਸ਼ਕਾਰੀ ਦੇਸ਼ ਦੀ ਹੈ। 2001 'ਚ ਤਾਲਿਬਾਨ ਨੂੰ ਸਰਕਾਰ ਤੋਂ ਹਟਾਉਣ ਮਗਰੋਂ ਸਾਡੇ ਕੋਲ ਇਕ ਨਵਾਂ ਸਫਰ ਸ਼ੁਰੂ ਕਰਨ ਦਾ ਮੌਕਾ ਸੀ। ਪਾਕਿਸਤਾਨ ਨੇ ਆਪਣਾ ਅਕਸ ਸੜਕ ਕਿਨਾਰੇ ਬੰਬ ਲਗਾਉਣ ਵਾਲੇ ਅਤੇ ਆਤਮਘਾਤੀ ਹਮਲਿਆਂ ਨੂੰ ਅੰਜਾਮ ਦੇਣ ਵਾਲੇ ਰਾਸ਼ਟਰ ਦੇ ਰੂਪ 'ਚ ਬਣਾਇਆ ਹੈ। ਸਰਵਰੀ ਨੇ ਦੱਸਿਆ ਕਿ ਅਫਗਾਨਿਸਤਾਨ 'ਚ ਜਿਹਾਦ ਦੇ ਨਾਂ 'ਤੇ ਸਭਾਵਾਂ ਹੁੰਦੀਆਂ ਹਨ ਅਤੇ ਫੰਡ ਇਕੱਠੇ ਕੀਤੇ ਜਾਂਦੇ ਹਨ।


Related News