PM ਮੋਦੀ ਨੇ ਮੁਰੈਨਾ ''ਚ ਰੈਲੀ ਨੂੰ ਕੀਤਾ ਸੰਬੋਧਨ, ਕਾਂਗਰਸ ''ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

04/25/2024 1:48:36 PM

ਮੁਰੈਨਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਮੱਧ ਪ੍ਰਦੇਸ਼ ਦੇ ਮੁਰੈਨਾ 'ਚ ਵਿਜੇ ਸੰਕਲਪ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਭਾਜਪਾ ਲਈ ਦੇਸ਼ ਤੋਂ ਵੱਡਾ ਕੁਝ ਨਹੀਂ ਹੈ, ਜਦਕਿ ਕਾਂਗਰਸ ਲਈ ਪਰਿਵਾਰ ਹੀ ਸਭ ਕੁਝ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਰੈਨਾ ਨੇ ਹਮੇਸ਼ਾ ਉਨ੍ਹਾਂ ਦਾ ਸਮਰਥਨ ਕੀਤਾ ਹੈ, ਜਿਨ੍ਹਾਂ ਦੇ ਲਈ ਦੇਸ਼ ਸਭ ਤੋਂ ਪਹਿਲਾਂ ਆਉਂਦਾ ਹੈ, ਮੈਂ ਕਹਿ ਸਕਦਾ ਹਾਂ ਕਿ ਅੱਜ ਵੀ ਮੁਰੈਨਾ ਆਪਣੇ ਸੰਕਲਪ ਵਿੱਚ ਨਾ ਤਾਂ ਡੋਲਿਆ ਹੈ ਅਤੇ ਨਾ ਹੀ ਕਦੇ ਡੋਲੇਗਾ।

ਪੀ.ਐੱਮ. ਨੇ ਕਿਹਾ ਕਿ ਆਜ਼ਾਦੀ ਦੇ ਸਮੇਂ ਕਾਂਗਰਸ ਨੇ ਧਰਮ ਦੇ ਨਾਂ 'ਤੇ ਦੇਸ਼ ਦੀ ਵੰਡ ਨੂੰ ਸਵੀਕਾਰ ਕੀਤਾ ਸੀ। ਕਾਂਗਰਸ ਨੇ ਮਾਂ ਭਾਰਤੀ ਦੇ ਹੱਥਾਂ ਦੀਆਂ ਜ਼ੰਜੀਰਾਂ ਕੱਟਣ ਦੀ ਬਜਾਏ ਮਾਂ ਭਾਰਤੀ ਦੀਆਂ ਬਾਹਾਂ ਵੱਢ ਦਿੱਤੀਆਂ। ਦੇਸ਼ ਦੇ ਟੁਕੜੇ-ਟੁਕੜੇ ਹੋ ਗਏ ਪਰ ਕਾਂਗਰਸ ਸੁਧਾਰ ਲਈ ਤਿਆਰ ਨਹੀਂ। ਕਾਂਗਰਸ ਨੂੰ ਲੱਗਦਾ ਹੈ ਕਿ ਉਸਦੇ ਫਾਇਦੇ ਲਈ ਇਹ ਸਭ ਤੋਂ ਆਸਾਨ ਤਰੀਕਾ ਹੈ। ਅੱਜ ਇੱਕ ਵਾਰ ਫਿਰ ਕਾਂਗਰਸ ਕੁਰਸੀ ਲਈ ਤਰਲੋਮੱਛੀ ਹੋ ਰਹੀ ਹੈ। ਹੁਣ ਕਾਂਗਰਸ ਕੁਰਸੀ ਹਾਸਲ ਕਰਨ ਲਈ ਹਰ ਤਰ੍ਹਾਂ ਦੀਆਂ ਖੇਡਾਂ ਖੇਡ ਰਹੀ ਹੈ, ਕਾਂਗਰਸ ਦੀ ਨੀਤੀ ਹੈ ਕਿ ਜੋ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ, ਮਿਹਨਤ ਕਰਦਾ ਹੈ ਅਤੇ ਦੇਸ਼ ਲਈ ਸਭ ਤੋਂ ਵੱਧ ਸਮਰਪਿਤ ਕਰਦਾ ਹੈ, ਉਸ ਨੂੰ ਪਿੱਛੇ ਰੱਖੋ...ਕਾਂਗਰਸ ਨੇ ਇੰਨੇ ਸਾਲਾਂ ਤਕ ਫੌਜ ਦੇ ਜਵਾਨਾਂ ਦੀ ਵਨ ਰੈਂਕ-ਵਨ ਪੈਨਸ਼ਨ ਵਰਗੀ ਮੰਗ ਪੂਰੀ ਨਹੀਂ ਹੋਣ ਦਿੱਤੀ। ਅਸੀਂ ਸਰਕਾਰ ਬਣਦੇ ਹੀ ਵਨ ਰੈਂਕ-ਵਨ ਪੈਨਸ਼ਨ ਨੂੰ ਲਾਗੂ ਕੀਤਾ। 

ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਐੱਮ.ਪੀ. ਦੇ ਲੋਕ ਜਾਣਦੇ ਹਨ ਕਿ ਸਮੱਸਿਆ ਤੋਂ ਇਕ ਵਾਰ ਪਿੱਛਾ ਛੁੱਟ ਜਾਵੇ ਤਾਂ ਫਿਰ ਉਸ ਸਮੱਸਿਆ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਕਾਂਗਰਸ ਪਾਰਟੀ ਅਜਿਹੀ ਵਿਕਾਸ ਵਿਰੋਧੀ ਅਤੇ ਵੱਡੀ ਸਮੱਸਿਆ ਹੈ... ਅਸੀਂ ਸਰਹੱਦ 'ਤੇ ਖੜ੍ਹੇ ਜਵਾਨਾਂ ਦੀ ਸਹੂਲਤ ਲਈ ਵੀ ਚਿੰਤਾ ਕੀਤੀ। ਕਾਂਗਰਸ ਸਰਕਾਰ ਨੇ ਜਿਨ੍ਹਾਂ ਫੌਜੀਆਂ ਦੇ ਹੱਥ ਬੰਨ੍ਹੇ ਹੋਏ ਸਨ, ਉਨ੍ਹਾਂ ਨੂੰ ਵੀ ਅਸੀਂ ਖੁੱਲ੍ਹੀ ਛੂਟ ਦਿੱਤੀ। ਅਸੀਂ ਕਿਹਾ ਕਿ ਜੇਕਰ ਇੱਕ ਗੋਲੀ ਆ ਜਾਵੇ ਤਾਂ 10 ਗੋਲੀਆਂ ਚਲਾਈਆਂ ਜਾਣ। ਜੇਕਰ ਇੱਕ ਗੋਲਾ ਸੁੱਟਿਆ ਜਾਵੇ ਤਾਂ 10 ਤੋਪਾਂ ਚਲਣੀਆਂ ਚਾਹੀਦੀਆਂ ਹਨ।

ਭਾਜਪਾ ਨੇ ਦਿਵਾਈ ਚੰਬਲ ਨੂੰ ਨਵੀਂ ਪਛਾਣ

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਐੱਮ.ਪੀ. ਨੂੰ ਬਿਮਾਰ ਰਾਜਾਂ ਦੀ ਕਤਾਰ ਵਿੱਚ ਖੜ੍ਹਾ ਕੀਤਾ ਸੀ। ਕਾਂਗਰਸ ਵੱਲੋਂ ਪੈਦਾ ਕੀਤੇ ਖੱਡਿਆਂ ਨੂੰ ਭਰਨ ਤੋਂ ਬਾਅਦ ਭਾਜਪਾ ਸਰਕਾਰ ਨੇ ਮੱਧ ਪ੍ਰਦੇਸ਼ ਅਤੇ ਚੰਬਲ ਨੂੰ ਇੱਕ ਨਵੀਂ ਅਤੇ ਮਾਣਮੱਤੀ ਪਛਾਣ ਦਿੱਤੀ ਹੈ। ਕਾਂਗਰਸ ਦੇ ਕਾਲੇ ਦੌਰ ਨੂੰ ਦੇਖ ਚੁੱਕੇ ਭਿੰਡ, ਮੁਰੈਨਾ, ਗਵਾਲੀਅਰ ਦੇ ਲੋਕ ਭਾਜਪਾ ਸਰਕਾਰ ਦੇ ਕਾਰਜਕਾਲ ਵਿਚ ਹੋਏ ਵਿਕਾਸ ਦਾ ਜ਼ਿਆਦਾ ਅਨੁਭਵ ਕਰ ਰਹੇ ਹਨ। 4 ਜੂਨ ਤੋਂ ਬਾਅਦ ਸਾਡੇ ਮੁੱਖ ਮੰਤਰੀ ਮੋਹਨ ਯਾਦਵ ਦੀ ਅਗਵਾਈ 'ਚ ਮੱਧ ਪ੍ਰਦੇਸ਼ ਦਾ ਵਿਕਾਸ ਰਫਤਾਰ ਫੜਨ ਜਾ ਰਿਹਾ ਹੈ।
---------


Rakesh

Content Editor

Related News