ਪਾਕਿ : ਈਸ਼ਨਿੰਦਾ ਮਾਮਲੇ ''ਚ ਫਾਂਸੀ ਦੀ ਸਜ਼ਾ ਪਾਇਆ ਈਸਾਈ ਵਿਅਕਤੀ ਬਰੀ
Tuesday, Oct 06, 2020 - 06:29 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਲਾਹੌਰ ਹਾਈ ਕੋਰਟ ਨੇ ਈਸ਼ਨਿੰਦਾ ਵਿਚ ਫਾਂਸੀ ਦੀ ਸਜ਼ਾ ਪਾਏ ਇਕ ਈਸਾਈ ਵਿਅਕਤੀ ਨੂੰ ਬਰੀ ਕਰ ਦਿੱਤਾ। ਉਸ ਨੂੰ ਛੇ ਸਾਲ ਪਹਿਲਾਂ ਲਾਹੌਰ ਦੇ ਇਕ ਟ੍ਰਾਇਲ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ। ਉਸ ਨੇ ਸਜ਼ਾ ਦੇ ਵਿਰੁੱਧ ਹਾਈ ਕੋਰਟ ਵਿਚ ਅਪੀਲ ਕੀਤੀ ਸੀ।
ਲਾਹੌਰ ਦੇ ਜੋਸੇਫ ਈਸਾਈ ਕਾਲੋਨੀ ਵਿਚ ਰਹਿਣ ਵਾਲੇ ਸਾਵਨ ਮਸੀਹ 'ਤੇ ਇਹ ਦੋਸ਼ ਲਗਾਇਆ ਗਿਆ ਸੀ ਕਿ ਉਸ ਨੇ ਮਾਰਚ 2014 ਵਿਚ ਆਪਣੇ ਇਕ ਮੁਸਲਿਮ ਦੋਸਤ ਦੇ ਨਾਲ ਗੱਲਬਾਤ ਦੇ ਦੌਰਾਨ ਕਥਿਤ ਰੂਪ ਨਾਲ ਪੈਗੰਬਰ ਦਾ ਅਪਮਾਨ ਕੀਤਾ ਸੀ। ਇਹ ਗੱਲ ਸਾਹਮਣੇ ਆਉਣ 'ਤੇ ਕਰੀਬ ਤਿੰਨ ਹਜ਼ਾਰ ਲੋਕਾਂ ਨੇ ਕਾਲੋਨੀ 'ਤੇ ਹਮਲਾ ਕਰ ਦਿੱਤਾ ਸੀ। ਕਰੀਬ 100 ਈਸਾਈਆਂ ਦੇ ਘਰਾਂ ਨੂੰ ਸਾੜ ਦਿੱਤਾ ਗਿਆ ਸੀ। ਕਈ ਈਸਾਈ ਪਰਿਵਾਰਾਂ ਨੂੰ ਆਪਣੀ ਜਾਨ ਬਚਾਉਣ ਦੇ ਲਈ ਭੱਜਣਾ ਪਿਆ ਸੀ।
ਹਾਈ ਕੋਰਟ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ,''ਜਸਟਿਸ ਸੈਯਦ ਸ਼ਹਿਬਾਜ਼ ਅਲੀ ਰਿਜ਼ਵੀ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਮਸੀਹ ਨੂੰ ਬਰੀ ਕਰ ਦਿੱਤਾ। ਕੋਰਟ ਨੇ ਉਸ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ। ਮਸੀਹ ਨੇ ਆਪਣੀ ਅਪੀਲ ਵਿਚ ਕਿਹਾ ਸੀ ਕਿ ਟ੍ਰਾਇਲ ਕੋਰਟ ਨੇ ਇਸਤਗਾਸਾ ਦੇ ਕੇਸ ਵਿਚ ਕਈ ਗੰਭੀਰ ਕਮੀਆਂ ਨੂੰ ਅਣਡਿੱਠਾ ਕੀਤਾ ਸੀ। ਦੋਹਾਂ ਪੱਖਾਂ ਦੀ ਸੁਣਵਾਈ ਦੇ ਬਾਅਦ ਹਾਈ ਕੋਰਟ ਇਸ ਨਤੀਜੇ 'ਤੇ ਪਹੁੰਚਿਆ ਕਿ ਇਸਤਗਾਸਾ ਪੱਖ ਈਸ਼ਨਿੰਦਾ ਵਿਚ ਮਸੀਹ ਦੀ ਸ਼ਮੂਲੀਅਤ ਨੂੰ ਸਾਬਤ ਕਰਨ ਵਿਚ ਅਸਫਲ ਰਿਹਾ। ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ ਈਸ਼ਨਿੰਦਾ ਦੀ ਰੋਕਥਾਮ ਦੇ ਲਈ ਬਹੁਤ ਸਖਤ ਕਾਨੂੰਨ ਬਣਾਏ ਗਏ ਹਨ।