ਪਾਕਿ ਰਾਸ਼ਟਰਪਤੀ ਆਪਣੇ ਟਵੀਟ ਕਾਰਨ ਸੋਸ਼ਲ ਮੀਡੀਆ ''ਤੇ ਹੋਏ ਟਰੋਲ

02/02/2020 1:03:50 PM

ਇਸਲਾਮਾਬਾਦ (ਬਿਊਰੋ): ਕੋਰੋਨਾਵਾਇਰਸ ਨੂੰ ਲੈ ਕੇ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਇਕ ਅਜਿਹਾ ਤਰਕ ਦਿੱਤਾ ਹੈ ਕਿ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਅਸਲ ਵਿਚ ਪੇਸ਼ੇ ਤੋਂ ਡਾਕਟਰ ਅਲਵੀ ਨੇ ਇਕ ਟਵੀਟ ਕਰ ਕੇ ਕਿਹਾ ਕਿ ਜੇਕਰ ਕਿਤੇ ਕੋਈ ਜਾਨਲੇਵਾ ਬੀਮਾਰੀ ਫੈਲਦੀ ਹੈ ਤਾਂ ਉੱਥੋਂ ਭੱਜਣਾ ਨਹੀਂ ਚਾਹੀਦਾ ਸਗੋਂ ਉੱਥੇ ਫਸੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਟਵੀਟ ਕਾਰਨ ਅਲਵੀ ਸੋਸ਼ਲ ਮੀਡੀਆ 'ਤੇ ਟਰੋਲ ਹੋ ਰਹੇ ਹਨ।

 

ਰਾਸ਼ਟਰਪਤੀ ਅਲਵੀ ਨੇ ਸ਼ਨੀਵਾਰ ਨੂੰ ਟਵੀਟ ਕਰ ਕੇ ਕਿਹਾ,''ਕਿਸੇ ਮਹਾਮਾਰੀ ਦੇ ਫੈਲਣ ਦੇ ਸੰਬੰਧ ਵਿਚ ਨਬੀ ਮੁਹੰਮਦ ਦੇ ਦਿਸ਼ਾ ਨਿਰਦੇਸ਼ ਅੱਜ ਵੀ ਵਧੀਆ ਮਾਰਗਦਰਸ਼ਕ ਹਨ।' ਜੇਕਰ ਤੁਸੀਂ ਕਿਸੇ ਜਗ੍ਹਾ 'ਤੇ ਪਲੇਗ ਰੋਗ ਫੈਲਣ ਦੇ ਬਾਰੇ ਵਿਚ ਸੁਣਦੇ ਹੋ ਤਾਂ ਉੱਥੇ ਜਾਓ ਨਾ ਪਰ ਜੇਕਰ ਪਲੇਗ ਕਿਸੇ ਅਜਿਹੀ ਜਗ੍ਹਾ 'ਤੇ ਫੈਲਦਾ ਹੈ ਜਿੱਥੇ ਤੁਸੀਂ ਪਹਿਲਾਂ ਤੋਂ ਮੌਜੂਦ ਹੋ ਤਾਂ ਤੁਸੀਂ ਉੱਥੋਂ ਕਿਤੇ ਨਾ ਜਾਓ।(ਬੁਖਾਰੀ ਅਤੇ ਮੁਸਲਿਮ) ਸਾਨੂੰ ਉੱਥੇ ਫਸੇ ਲੋਕਾਂ ਦੀ ਮਦਦ ਕਰਨ ਦਿਓ।'' ਅਲਵੀ ਦਾ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਯੂਜ਼ਰਸ ਇਸ ਦਾ ਮਜ਼ਾਕ ਵੀ ਉਡਾ ਰਹੇ ਹਨ। ਖਾਸ ਗੱਲ ਇਹ ਹੈ ਕਿ ਚੀਨ ਦੇ ਵੁਹਾਨ ਵਿਚ ਫਸੇ ਪਾਕਿਸਤਾਨੀ ਨਾਗਰਿਕ ਹਾਲੇ ਵੀ ਉੱਥੇ ਫਸੇ ਹੋਏ ਹਨ ਅਤੇ ਉੱਥੋਂ ਕੱਢੇ ਜਾਣ ਦੀ ਅਪੀਲ ਕਰ ਰਹੇ ਹਨ ਪਰ ਪਾਕਿਸਤਾਨ ਦੀ ਸਰਕਾਰ ਨੇ ਹਾਲੇ ਤੱਕ ਇਸ ਬਾਰੇ ਵਿਚ ਕੋਈ ਕਦਮ ਨਹੀਂ ਚੁੱਕਿਆ ਹੈ।

ਇਸ ਦੇ ਇਲਾਵਾ ਅਲਵੀ ਨੇ ਕਿਹਾ,''ਚੀਨ ਵਿਚ ਫਸੇ ਪਾਕਿਸਤਾਨੀ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕੀਤੀ ਗਈ ਹੈ। ਉਹਨਾਂ ਨੂੰ ਸਾਰੀਆਂ ਅੰਤਰਰਾਸ਼ਟਰੀ ਸਿਹਤ ਸਹੂਲਤਾਂ ਦੇਣ ਦੇ ਨਾਲ ਪਾਕਿਸਤਾਨ ਵਾਪਸ ਲਿਆਂਦਾ ਜਾਵੇਗਾ ਤਾਂ ਜੋ ਉਹਨਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਕੀਤਾ ਜਾ ਸਕੇ।'' ਗੌਰਤਲਬ ਹੈ ਕਿ ਚੀਨ ਵਿਚ ਫੈਲਿਆ ਕੋਰੋਨਾਵਾਇਰਸ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਹੁਣ ਤੱਕ ਇਸ ਨਾਲ 304 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਵਿਚ ਫੈਲਿਆ ਕੋਰੋਨਾਵਾਇਰਸ ਹੁਣ ਤੱਕ ਦੁਨੀਆ ਦੇ 20 ਦੇਸ਼ਾਂ ਵਿਚ ਫੈਲ ਚੁੱਕਾ ਹੈ। ਇਸ ਨਾਲ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਹੋਰ ਪ੍ਰਭਾਵਿਤ ਹਨ। ਚੀਨ ਵਿਚ ਫੈਲੇ ਕੋਰੋਨਾਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਅੰਤਰਰਾਸ਼ਟਰੀ ਸਿਹਤ ਐਮਰਜੈਂਸੀ ਐਲਾਨਿਆ ਹੈ। 


Vandana

Content Editor

Related News