''ਹੁਣ ਆਪਣੇ ਮੰਤਰੀ ''ਤੇ ਕਾਰਵਾਈ ਕਰਨਗੇ CM ਮਾਨ?'' ਸ਼ੀਤਲ ਅੰਗੁਰਾਲ ਨੇ ਵੀਡੀਓ ਸਾਂਝੀ ਕਰਦਿਆਂ ਚੁੱਕੇ ਸਵਾਲ
Monday, Jan 26, 2026 - 10:11 AM (IST)
ਜਲੰਧਰ (ਵੈੱਬ ਡੈਸਕ): ਜਲੰਧਰ ਵੈਸਟ ਤੋਂ ਸਾਬਕਾ ਵਿਧਾਇਕ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਸ਼ੀਤਲ ਅੰਗੁਰਾਲ ਨੇ ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ 'ਤੇ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਦੇ ਦੋਸ਼ ਲਗਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਬਾਕਾਇਦਾ ਮੋਹਿੰਦਰ ਭਗਤ ਦੀ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿਚ ਉਹ ਕਥਿਤ ਤੌਰ 'ਤੇ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਦੇ ਨਜ਼ਰ ਆ ਰਹੇ ਹਨ।
ਸ਼ੀਤਲ ਅੰਗੁਰਾਲ ਨੇ ਕਿਹਾ ਹੈ ਕਿ ਜਿੱਥੇ ਚਾਈਨਾ ਡੋਰ ਕਾਰਨ ਕਈ ਬੱਚਿਆਂ ਦੀ ਜਾਨ ਜਾ ਰਹੀ ਹੈ, ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਮੋਹਿੰਦਰ ਭਗਤ ਖ਼ੁਦ ਚਾਈਨਾ ਡੋਰ ਦੇ ਗੱਟੂ ਨਾਲ ਪਤੰਗ ਉਡਾ ਰਹੇ ਹਨ, ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੁਲਸ ਬੱਚਿਆਂ ਵੱਲੋਂ ਚਾਈਨਾ ਡੋਰ ਵਰਤਣ ਤੇ ਉਨ੍ਹਾਂ ਦੇ ਮਾਪਿਆਂ 'ਤੇ ਪਰਚੇ ਦਰਜ ਕਰ ਰਹੀ ਹੈ, ਪੁਲਸ ਛੱਤਾਂ 'ਤੇ ਜਾ ਕੇ ਬੱਚਿਆਂ 'ਤੇ ਪਰਚਾ ਦਰਜ ਕਰ ਰਹੀ ਹੈ, ਕਈ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ, ਕੀ ਹੁਣ ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਕੈਬਨਿਟ ਦੇ ਵਜ਼ੀਰ ਖ਼ਿਲਾਫ਼ ਕਾਰਵਾਈ ਕਰਨਗੇ, ਜਿਸ ਨੇ ਚਾਈਨਾ ਡੋਰ ਨੂੰ ਬੜ੍ਹਾਵਾ ਦਿੱਤਾ ਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪਾਈ ਹੈ।
ਭਾਜਪਾ ਆਗੂ ਨੇ ਕਿਹਾ ਕਿ ਭਗਵੰਤ ਮਾਨ ਦੱਸਣ ਕਿ ਉਹ ਸੱਚ ਨਾਲ ਖੜ੍ਹੇ ਹਨ ਜਾਂ ਝੂਠ ਨਾਲ? ਪੂਰਾ ਪੰਜਾਬ ਵੇਖ ਰਿਹਾ ਹੈ ਤੇ ਤੁਹਾਡੇ ਇਨਸਾਫ਼ ਦਾ ਇੰਤਜ਼ਾਰ ਕਰੇਗਾ।
