ਕਹਿਰ ਓ ਰੱਬਾ ! ਇਕੋਂ ਸਕੂਲ 'ਚ ਪੜ੍ਹਦੇ ਮੁੰਡਿਆਂ ਨੇ ਕਰ'ਤਾ ਆਪਣੇ ਹੀ ਦੋਸਤ ਦਾ ਕਤਲ
Monday, Jan 26, 2026 - 09:50 PM (IST)
ਖਮਾਣੋਂ, (ਜਟਾਣਾ)- ਖਮਾਣੋਂ ਦੇ ਇੱਕ ਨਿੱਜੀ ਸਕੂਲ 'ਚ ਪੜ੍ਹਦੇ ਵਿਦਿਆਰਥੀਆਂ ਵੱਲੋਂ ਆਪਣੇ ਹੀ ਦੋਸਤ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਮਾਨਵਿੰਦਰ ਸਿੰਘ ਉਰਫ ਮਾਨ ਪੁੱਤਰ ਹਰਦੀਪ ਸਿੰਘ ਹੈਪੀ ਉਮਰ 17 ਸਾਲ ਬਾਰ੍ਹਵੀਂ ਕਲਾਸ ਦਾ ਮੈਡੀਕਲ ਦਾ ਵਿਦਿਆਰਥੀ ਸੀ, ਜੋ ਖਮਾਣੋ ਦੇ ਨਿੱਜੀ ਸਕੂਲ 'ਚ ਪੜ੍ਹਦਾ ਸੀ, ਜਿਸ ਦਾ ਮਾਮੂਲੀ ਤਕਰਾਰ ਬਾਅਦ ਦੋਸਤਾ ਨੇ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਮਾਨਵਿੰਦਰ ਸਿੰਘ ਦੇ ਚਾਚਾ ਸੁਰਿੰਦਰ ਸਿੰਘ ਸ਼ਿੰਦਾ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਉਹ ਅੱਜ ਸ਼ਾਮ 7 ਵਜੇ ਦੇ ਕਰੀਬ ਖੰਨਾ ਰੋਡ 'ਤੇ ਖੜ੍ਹਾ ਸੀ, ਜਿਵੇਂ ਹੀ ਉਨ੍ਹਾਂ ਨੂੰ ਰੌਲਾ ਪੈਣ ਦੀ ਆਵਾਜ਼ ਸੁਣੀ ਤਾਂ ਉਹ ਘਟਨਾ ਸਥਾਨ 'ਤੇ ਪਹੁੰਚਿਆ, ਜਿੱਥੇ ਉਸ ਦੇ ਭਤੀਜੇ ਨੂੰ ਉਸ ਦੇ ਦੋਸਤਾਂ ਨੇ ਕਿਰਚ ਨਾਲ ਹਮਲਾ ਕਰ ਕੇ ਮੌਕੇ 'ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ।
ਫਿਲਹਾਲ ਥਾਣਾ ਖਮਾਣੋ ਦੇ ਮੁੱਖ ਅਫਸਰ ਸੁਰੇਸ਼ ਕੁਮਾਰ ਨੇ ਇਸ ਘਟਨਾ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਪੁਲਸ ਨੇ ਦੋ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
