ਬਸੰਤ ਵਾਲੇ ਦਿਨ ਕਿਹੋ ਜਿਹਾ ਰਹੇਗਾ ਪੰਜਾਬ ਦਾ ਮੌਸਮ? ਜਾਣੋ ਆਪਣੇ ਇਲਾਕੇ ਦਾ ਹਾਲ
Thursday, Jan 22, 2026 - 06:20 PM (IST)
ਲੁਧਿਆਣਾ (ਮਹਿੰਦਰੂ): ਭਲਕੇ ਦੇਸ਼ ਭਰ ਵਿਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪਤੰਗਬਾਜ਼ੀ ਕਰਨ ਦੇ ਸ਼ੌਕੀਨ ਇਸ ਦਿਨ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਉੱਥੇ ਹੀ ਮੌਸਮ ਵਿਭਾਗ ਵੱਲੋਂ ਕੀਤੀ ਬਾਰਿਸ਼ ਦੀ ਪੇਸ਼ੀਨਗੋਈ ਨੇ ਉਨ੍ਹਾਂ ਨੂੰ ਫ਼ਿਕਰਾਂ ਵਿਚ ਵੀ ਪਾ ਦਿੱਤਾ ਹੈ ਕਿ ਕਿੱਧਰੇ ਬਾਰਿਸ਼ ਕਾਰਨ ਬਸੰਤ ਵਾਲੇ ਦਿਨ ਹੋਣ ਵਾਲੀ ਪਤੰਗਬਾਜ਼ੀ ਦਾ ਮੌਕਾ ਖੁੰਝ ਨਾ ਜਾਵੇ। ਇਸ ਲਈ 'ਜਗ ਬਾਣੀ' ਵੱਲੋਂ ਮੌਸਮ ਵਿਭਾਗ ਦੇ ਮਾਹਰ ਨਾਲ ਮੌਸਮ ਦੀ ਭਵਿੱਖਬਾਣੀ ਨੂੰ ਲੈ ਕੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇਗਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮਾਹਰ ਡਾ. ਪਵਨੀਤ ਕੌਰ ਕੰਗਾ ਅਨੁਸਾਰ, ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਮੌਸਮ ਵਿਚ ਇਕ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਨਵਾਂ ਪੱਛਮੀ ਪ੍ਰਭਾਅ ਸਰਗਰਮ ਹੋਣ ਕਾਰਨ ਸੂਬੇ ਵਿਚ ਮੀਂਹ ਅਤੇ ਗੜੇਮਾਰੀ ਦੀ ਸੰਭਾਵਨਾ ਜਤਾਈ ਗਈ ਹੈ। ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਚੱਲਣ, ਗਰਜ-ਚਮਕ ਹੋਣ ਅਤੇ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿਚ ਕਿਤੇ-ਕਿਤੇ ਗੜੇਮਾਰੀ ਹੋਣ ਦੀ ਵੀ ਸੰਭਾਵਨਾ ਹੈ।
ਤਾਪਮਾਨ ਵਿਚ ਆਵੇਗੀ ਗਿਰਾਵਟ
ਪਿਛਲੇ ਕੁਝ ਦਿਨਾਂ ਤੋਂ ਦਿਨ ਦਾ ਤਾਪਮਾਨ ਆਮ ਨਾਲੋਂ ਉੱਪਰ ਚੱਲ ਰਿਹਾ ਹੈ। ਅੱਜ ਦਾ ਵੱਧ ਤੋਂ ਵੱਧ ਤਾਪਮਾਨ 22.8 ਡਿਗਰੀ ਰਿਕਾਰਡ ਕੀਤਾ ਗਿਆ, ਜੋ ਕਿ ਆਮ ਨਾਲੋਂ 4.7 ਡਿਗਰੀ ਜ਼ਿਆਦਾ ਹੈ। ਹਾਲਾਂਕਿ, ਘੱਟੋ-ਘੱਟ ਤਾਪਮਾਨ 4.6 ਡਿਗਰੀ ਰਿਹਾ। ਮੀਂਹ ਤੋਂ ਬਾਅਦ ਦਿਨ ਦੇ ਤਾਪਮਾਨ ਵਿਚ ਗਿਰਾਵਟ ਆਉਣ ਦੀ ਉਮੀਦ ਹੈ। ਬਾਰਿਸ਼ ਤੋਂ ਬਾਅਦ 24 ਅਤੇ 25 ਤਾਰੀਖ਼ ਨੂੰ ਪੰਜਾਬ ਵਿਚ ਸੰਘਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ। 24 ਤਾਰੀਖ਼ ਨੂੰ ਦੱਖਣ-ਪੱਛਮੀ ਅਤੇ ਕੁਝ ਕੇਂਦਰੀ ਜ਼ਿਲ੍ਹਿਆਂ ਵਿਚ ਧੁੰਦ ਪਵੇਗੀ, ਜਦਕਿ 25 ਤਰੀਕ ਨੂੰ ਪੂਰੇ ਪੰਜਾਬ ਵਿਚ ਸੰਘਣੀ ਧੁੰਦ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਜਾਣੋ ਕਿਹੜੇ ਜ਼ਿਲ੍ਹਿਆਂ ਲਈ ਜਾਰੀ ਹੋਇਆ ਅਲਰਟ
ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ 23 ਜਨਵਰੀ ਨੂੰ ਪੰਜਾਬ ਦੇ 13 ਜ਼ਿਲ੍ਹਿਆਂ ਲਈ ਮੀਂਹ, ਗੜੇਮਾਰੀ ਤੇ ਤੇਜ਼ ਹਵਾਵਾਂ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐੱਸ.ਏ.ਐੱਸ. ਨਗਰ (ਮੋਹਾਲੀ) ਸ਼ਾਮਲ ਹਨ। ਇਸ ਤੋਂ ਇਲਾਵਾ ਬਾਕੀ ਸਾਰੇ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਮੁਤਾਬਕ ਮੀਂਹ ਦਾ ਸਭ ਤੋਂ ਵੱਧ ਅਸਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿਚ ਵੇਖਣ ਨੂੰ ਮਿਲੇਗਾ।

ਇਸ ਤੋਂ ਇਲਾਵਾ ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਮੋਹਾਲੀ, ਫ਼ਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਵੀ ਕਾਫ਼ੀ ਇਲਾਕਿਆਂ ਵਿਚ ਬਾਰਿਸ਼ ਹੋਵੇਗੀ। ਉੱਥੇ ਹੀ ਬਾਕੀ ਜ਼ਿਲ੍ਹਿਆਂ ਵਿਚ ਕੁਝ ਥਾਵਾਂ 'ਤੇ ਬਾਰਿਸ਼ ਤੋਂ ਬਚਾਅ ਰਹਿਣ ਦੀ ਵੀ ਸੰਭਾਵਨਾ ਜਤਾਈ ਗਈ ਹੈ।
