ਅੱਤਵਾਦੀ ਸੰਗਠਨਾਂ ਦਾ ਸਾਥ ਦੇ ਕੇ ਬੁਰਾ ਫਸਿਆ ਪਾਕਿ, ਆਪਣੇ ਲਈ ਹੀ ਬੀਜ ਬੈਠਾ ਕੰਡੇ
Monday, Jul 05, 2021 - 01:22 PM (IST)
ਇੰਟਰਨੈਸ਼ਨਲ ਡੈਸਕ : ਸੈਂਟਰ ਆਫ ਪਾਲੀਟੀਕਲ ਐਂਡ ਫਾਰੇਨ ਅਫੇਅਰਜ਼ (ਸੀ. ਪੀ. ਐੱਫ. ਏ.) ਵਿਚ ਅੰਤਰਰਾਸ਼ਟਰੀ ਸਬੰਧਾਂ ਦੇ ਨਿਰਦੇਸ਼ਕ ਤੇ ਸਿਆਸੀ ਸਲਾਹਕਾਰ ਕੇਲੀ ਅਲਖੌਲੀ ਨੇ ਇਕ ਲੇਖ ਵਿਚ ਪਾਕਿਸਤਾਨ ਤੇ ਤਾਲਿਬਾਨ ਸਬੰਧਾਂ ਦੀ ਪੋਲ ਖੋਲ੍ਹੀ ਹੈ। ਕੇਲੀ ਦਾ ਵਿਚਾਰ ਹੈ ਕਿ ਤਾਲਿਬਾਨ ਤੇ ਹੋਰ ਜੇਹਾਦੀ ਸਮੂਹਾਂ ਨੂੰ ਲਗਾਤਾਰ ਸਮਰਥਨ ਦੇ ਕੇ ਪਾਕਿਸਤਾਨ ਨੇ ਅਫਗਾਨਿਸਤਾਨ ਵਿਚ ਅਮਰੀਕਾ ਦੀ ਅਸਫਲਤਾ ਵਿਚ ‘ਅਹਿਮ ਭੂਮਿਕਾ’ ਨਿਭਾਈ ਹੈ। ਪਾਕਿਸਤਾਨ ਦੀ ਫੌਜ ਇਕ ਰਵਾਇਤੀ ਯੁੱਧ ਵਿਚ ਮੁਕਾਬਲਾ ਨਹੀਂ ਕਰ ਸਕਦੀ ਹੈ। ਇਸ ਅਸਲੀਅਤ ਨੂੰ ਸਵੀਕਾਰ ਕਰਦਿਆਂ ਪਾਕਿਸਤਾਨ ਨੇ ਖੇਤਰ ਵਿਚ ਵਿਦੇਸ਼ੀ ਦਖਲਅੰਦਾਜ਼ੀ ਦਾ ਮੁੁਕਾਬਲਾ ਕਰਨ ਤੇ ਭਾਰਤ ਨੂੰ ਅਸਥਿਰ ਕਰਨ ਲੲਂ ਕੱਟੜਪੰਥੀ ਜੇਹਾਦੀ ਸਮੂਹਾਂ ਦੀ ਮਦਦ ਕੀਤੀ। ਪਾਕਿਸਤਾਨ ਦਹਾਕਿਆਂ ਤੋਂ ਤਾਲਿਬਾਨ, ਹੱਕਾਨੀ ਨੈੱਟਵਰਕ, ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੌਇਬਾ ਸਮੇਤ ਕਈ ਅੱਤਵਾਦੀ ਸੰਗਠਨਾਂ ਨੂੰ ਸਿਖਲਾਈ, ਹਥਿਆਰ ਤੇ ਖੁਫੀਆ ਜਾਣਕਾਰੀ ਪ੍ਰਦਾਨ ਕਰ ਰਿਹਾ ਹੈ।
ਇਹ ਵੀ ਪੜ੍ਹੋ : ਬੈਂਕਾਕ ਏਅਰਪੋਰਟ ਨੇੜੇ ਫੈਕਟਰੀ ’ਚ ਜ਼ਬਰਦਸਤ ਧਮਾਕਾ, ਮਚੀ ਹਫੜਾ-ਦਫੜੀ
ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ ਅਫਗਾਨਿਸਤਾਨ ਵਿਚ ਵਿਗੜਦੀ ਹਾਲਤ ਦਰਮਿਆਨ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਫੌਜ ਤੇ ਸੁਰੱਖਿਆ ਤੰਤਰ ’ਤੇ ਕੰਟਰੋਲ ਨਾਲ ਹੋਣ ਕਾਰਨ ਪਾਕਿਸਤਾਨ ਵਿਚ ‘ਤਖਤਾਪਲਟ ਜਾਂ ਕ੍ਰਾਂਤੀ’ ਦੇ ਖਦਸ਼ੇ ਵਧ ਰਹੇ ਹਨ। ਤਾਲਿਬਾਨ ’ਤੇ ਪਾਕਿਸਤਾਨ ਦੇ ਕਮਜ਼ੋਰ ਕੰਟਰੋਲ ਨੇ ਇਸ ਨੂੰ ਅਫਗਾਨਿਸਤਾਨ ਵਿਚ ਆਪਣੀ ਸੰਭਾਵਿਤ ਜਿੱਤ ਨੂੰ ਲੈ ਕੇ ਸਾਵਧਾਨ ਕਰ ਦਿੱਤਾ ਹੈ ਤੇ ਅੱਤਵਾਦੀ ਸਮੂਹਾਂ ਨੂੰ ਸਮਰਥਨ ਦੇਣ ਦੇ ਪਾਕਿਸਤਾਨ ਦੇ ਦਾਅ ਨੇ ਉਸ ਨੂੰ ਖਤਰਨਾਕ ਸਥਿਤੀ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਇਸ ਕਾਰਨ ਉਸ ਦੇ ਕਾਫੀ ਘੱਟ ਸਹਿਯੋਗੀ ਹਨ ਤੇ ਉਸ ਪ੍ਰਤੀ ਗੈਰਭਰੋਸੇਯੋਗਤਾ ਵਧਦੀ ਜਾ ਰਹੀ ਹੈ। ਕੇਲੀ ਨੇ ਚੇਤਾਇਆ ਕਿ ਅਮਰੀਕੀ ਫੌਜੀਆਂ ਜਾਂ ਇਕ ਭਰੋਸੇਯੋਗ ਸ਼ਾਂਤੀ ਸਮਝੌਤਾ ਨਾਲ ਹੋਣ ਕਾਰਨ ਪਾਕਿਸਤਾਨ ਵਿਚ ਹਿੰਸਾ ਫੈਲੇਗੀ ਤੇ ਜਿਸ ਦੇ ਨਤੀਜੇ ਵਜੋਂ ਸ਼ਰਨਾਰਥੀਆਂ ਦਾ ਪ੍ਰਵਾਹ ਵੀ ਵਧੇਗਾ। ਤਾਲਿਬਾਨ ਦੀ ਜਿੱਤ ਪਾਕਿਸਤਾਨ ਵਿਚ ਮੌਜੂਦ ਹੋਰ ਇਸਲਾਮੀ ਸਮੂਹਾਂ ਨੂੰ ਵੀ ਉਤਸ਼ਾਹਿਤ ਕਰੇਗੀ, ਜੋ ਇਕ ਇਸਲਾਮੀ ਕ੍ਰਾਂਤੀ ਦੇਖਣਾ ਚਾਹੁੰਦੇ ਹਨ। ਅਜਿਹੀ ਹਾਲਤ ਵਿਚ ਇਮਰਾਨ ਖਾਨ ਦੀ ਆਪਣੇ ਦੇਸ਼ ਦੇ ਫੌਜੀ ਤੇ ਸੁਰੱਖਿਆ ਤੰਤਰ ’ਤੇ ਕੰਟਰੋਲ ਦੀ ਕਮੀ ਕਾਰਨ ਜ਼ਿਆਦਾ ਅੰਦਰੂਨੀ ਵੰਡ ਹੋਵੇਗੀ, ਜੋ ਪਾਕਿਸਤਾਨ ਨੂੰ ਤਖਤਾਪਲਟ ਜਾਂ ਕ੍ਰਾਂਤੀ ਲਈ ਅਤਿ ਸੰਵੇਦਨਸ਼ੀਲ ਬਣਾ ਸਕਦੇ ਹਨ।
ਕੇਲੀ ਅਲਖੌਲੀ ਨੇ ਅੱਗੇ ਕਿਹਾ ਕਿ 9/11 ਦੇ ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕਾ ਨੇ ਅੱਤਵਾਦ ਦਾ ਮੁਕਾਬਲਾ ਕਰਨ ਤੇ ਅਲ ਕਾਇਦਾ ਦੇ ਅੱਤਵਾਦੀ ਨੈੱਟਵਰਕ ਨੂੰ ਖਤਮ ਕਰਨ ਲਈ ਅਫਗਾਨਿਸਤਾਨ ’ਤੇ ਹਮਲਾ ਕੀਤਾ। ਅਮਰੀਕਾ ਨੂੰ ਇਸ ਦੇ ਲਈ 800 ਬਿਲੀਅਨ ਡਾਲਰ ਤੋਂ ਵੱਧ ਦਾ ਖਰਚਾ ਕਰਨਾ ਪਿਆ। ਇਸ ਨੇ ਇਕ ਯੁੱਧ ਪੀੜਤ ਦੇਸ਼ ਨੂੰ ਤਾਲਿਬਾਨ ਦੀ ਜਿੱਤ ਪ੍ਰਤੀ ਸੰਵੇਦਨਸ਼ੀਲ ਬਣਾ ਦਿੱਤਾ ਹੈ। ਕੇਲੀ ਨੇ ਯਾਦ ਦਿਵਾਇਆ ਕਿ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਨੇ ਸਵੀਕਾਰ ਕੀਤਾ ਸੀ ਕਿ ਸਰਕਾਰ ਨੇ ਅੱਤਵਾਦੀ ਸਮੂਹਾਂ ਨੂੰ ਭਾਰਤੀ ਧਰਤੀ ’ਤੇ ਹਮਲੇ ਕਰਨ ’ਚ ਸਮਰੱਥ ਬਣਾਇਆ ਹੈ। ਭਿਆਨਕ ਅਪਰਾਧਾਂ ਦੇ ਬਾਵਜੂਦ ਪਾਕਿਸਤਾਨ ਇਨ੍ਹਾਂ ਸਮੂਹਾਂ ’ਤੇ ਗੰਭੀਰਤਾ ਨਾਲ ਮੁਕੱਦਮਾ ਚਲਾਉਣ ਤੋਂ ਇਨਕਾਰ ਕਰਦਾ ਹੈ ਤੇ ਜੈਸ਼ ਦੇ ਸਰਗਣਾ ਮਸੂਦ ਅਜ਼ਹਰ ਵਰਗੇ ਅੱਤਵਾਦੀਆਂ ਲਈ ਇਕ ਸੁਰੱਖਿਅਤ ਪਨਾਹਗਾਹ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਅਮਰੀਕਾ : ਓਕਲੈਂਡ ਚਿੜੀਆਘਰ ’ਚ ਜਾਨਵਰਾਂ ਨੂੰ ਲਾਈ ਗਈ ਕੋਰੋਨਾ ਵੈਕਸੀਨ
ਮਾਹਿਰ ਦਾ ਮੰਨਣਾ ਹੈ ਕਿ ਅਫਗਾਨਿਸਤਾਨ ਵਿਚ ਆਪਣੇ ਪ੍ਰਭਾਵ ਖੇਤਰ ਦਾ ਵਿਸਤਾਰ ਕਰਨ ਤੇ ਜੰਮੂ ਅਤੇ ਕਸ਼ਮੀਰ ਵਿਚ ਇਸਲਾਮੀ ਵਿਦਰੋਹ ਦਾ ਸਮਰਥਨ ਕਰਨ ਲਈ ਜੇਹਾਦੀ ਸਮੂਹਾਂ ਦਾ ਪਾਕਿਸਤਾਨ ਦਾ ਸਮਰਥਨ ਅੰਸ਼ਿਕ ਤੌਰ ’ਤੇ ਦੁਸ਼ਟ ਯਥਾਰਥਵਾਦ ਤੋਂ ਪੈਦਾ ਹੁੰਦਾ ਹੈ। ਹਾਲਾਂਕਿ ਇਸ ਨੂੰ ਦੇਸ਼ ਤੇ ਇਸ ਦੀਆਂ ਸੰਸਥਾਵਾਂ ਦੇ ਕੱਟੜਪੰਥ ਨਾਲ ਵੀ ਉਤਸ਼ਾਹਿਤ ਕੀਤਾ ਗਿਆ ਹੈ। ਕੇਲੀ ਨੇ ਅੱਗੇ ਕਿਹਾ ਕਿ ਪਾਕਿਸਤਾਨ ਦੀ ਰਣਨੀਤੀ 80 ਦੇ ਦਹਾਕੇ ’ਚ ਸੋਵੀਅਤ ਸੰਘ ਤੇ ਅੱਜ ਅਮਰੀਕਾ ਨੂੰ ਹਰਾਉਣ ਵਿਚ ਸਫ਼ਲ ਰਹੀ ਪਰ ਇਹ ਉਲਟਾ ਵੀ ਪੈ ਸਕਦਾ ਹੈ। ਇਸ ਦੀ ਕਮਜ਼ੋਰ ਸਿਆਸੀ ਸਥਿਰਤਾ ਨੂੰ ਖਤਰੇ ’ਚ ਪਾ ਸਕਦਾ ਹੈ ਤੇ ਪ੍ਰਮਾਣੂ ਹਥਿਆਰਾਂ ਦੇ ਕਬਜ਼ੇ ਵਾਲੇ ਦੇਸ਼ ਨੂੰ ਹੋਰ ਜ਼ਿਆਦਾ ਕੱਟੜਪੰਥੀ ਬਣਾ ਸਕਦਾ ਹੈ।