ਫਗਵਾੜਾ ਗੋਲੀਕਾਂਡ ਮਾਮਲਾ: ਇਲਾਕਾ ਵਾਸੀਆਂ ਤੇ ਹਿੰਦੂ ਸੰਗਠਨਾਂ ਨੇ ਕੀਤਾ ਰੋਸ ਪ੍ਰਦਰਸ਼ਨ, ਬਾਜ਼ਾਰ ਮੁਕੰਮਲ ਰਹੇ ਬੰਦ

Wednesday, Nov 19, 2025 - 11:14 PM (IST)

ਫਗਵਾੜਾ ਗੋਲੀਕਾਂਡ ਮਾਮਲਾ: ਇਲਾਕਾ ਵਾਸੀਆਂ ਤੇ ਹਿੰਦੂ ਸੰਗਠਨਾਂ ਨੇ ਕੀਤਾ ਰੋਸ ਪ੍ਰਦਰਸ਼ਨ, ਬਾਜ਼ਾਰ ਮੁਕੰਮਲ ਰਹੇ ਬੰਦ

ਫਗਵਾੜਾ (ਜਲੋਟਾ) - ਮੰਗਲਵਾਰ ਦੀ ਦੇਰ ਸ਼ਾਮ ਫਗਵਾੜਾ ਦੀ ਸੰਘਣੀ ਆਬਾਦੀ ਵਾਲੇ ਗਊਸ਼ਾਲਾ ਬਾਜ਼ਾਰ ਵਿਖੇ ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਇੰਦਰਜੀਤ ਕਰਵਲ ਅਤੇ ਉਨ੍ਹਾਂ ਦੇ ਪੁੱਤਰ ਜਿੰਮੀ ਕਰਵਲ ਉੱਪਰ ਹੋਏ ਕਾਤਲਾਨਾ ਹਮਲੇ ਦੇ ਰੋਸ ਵਜੋਂ ਅੱਜ ਫਗਵਾੜਾ ਦੇ ਹਜ਼ਾਰਾਂ ਵਸਨੀਕਾਂ, ਵੱਖ-ਵੱਖ ਧਰਮਾਂ ਦੇ ਪਤਵੰਤਿਆਂ, ਹਿੰਦੂ ਸੰਗਠਨਾਂ ਦੇ ਆਗੂਆਂ ਆਦਿ ਵੱਲੋਂ ਗੋਲੀਕਾਂਡ ਦੇ ਵਿਰੋਧ ’ਚ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕਿ ਜ਼ਿਲਾ ਕਪੂਰਥਲਾ ਪੁਲਸ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦੇ ਹੋਏ ਧਰਨਾ ਲਾ ਕੇ ਇਸ ਗੋਲੀਕਾਂਡ ਲਈ ਪੁਲਸ ਨੂੰ ਪੂਰੀ ਤਰ੍ਹਾਂ ਨਾਲ ਦੋਸ਼ੀ ਕਰਾਰ ਦਿੱਤਾ ਹੈ।

PunjabKesari

ਫਗਵਾੜਾ ਬੰਦ ਦੌਰਾਨ ਇੱਥੇ ਸ਼ਹਿਰ ਦੇ ਅੰਦਰ ਸਥਾਨਕ ਸਾਰੇ ਬਾਜ਼ਾਰ, ਦੁਕਾਨਾਂ ਅਤੇ ਵਪਾਰਕ ਅਦਾਰੇ ਦੁਪਹਿਰ ਤੱਕ ਪੂਰੀ ਤਰ੍ਹਾਂ ਬੰਦ ਰਹੇ ਅਤੇ ਫਗਵਾੜਾ ਬੰਦ ਦਾ ਖੁੱਲ੍ਹਾ ਸਮਰਥਨ ਕਰਦੇ ਹੋਏ ਬਾਰ ਐਸੋਸੀਏਸ਼ਨ ਫਗਵਾੜਾ ਵੱਲੋਂ ਕਚਹਿਰੀਆਂ ਵਿਖੇ ਨੋ-ਵਰਕ ਡੇ ਰੱਖਿਆ ਗਿਆ ਹੈ। ਹਾਲਾਂਕਿ ਫਗਵਾਡ਼ਾ ਬੰਦ ਦੌਰਾਨ ਸਾਰੇ ਸਕੂਲ, ਵਿਦਿਅਕ ਅਦਾਰੇ, ਸਰਕਾਰੀ ਦਫਤਰ, ਟ੍ਰੈਫਿਕ, ਰੇਲ, ਬੈਂਕ ਆਦਿ ਪੂਰੀ ਤਰ੍ਹਾਂ ਨਾਲ ਖੁੱਲ੍ਹੇ ਰਹੇ। ਇਸੇ ਤਰ੍ਹਾਂ ਸ਼ਹਿਰ ਦੇ ਬਾਹਰਲੇ ਇਲਾਕਿਆਂ ’ਚ ਮੌਜੂਦ ਦੁਕਾਨਾਂ, ਫੈਕਟਰੀਆਂ ਆਦਿ ਰੂਟੀਨ ਵਾਂਗ ਹੀ ਖੁੱਲ੍ਹੀਆਂ ਸਨ। ਫਗਵਾਡ਼ਾ ਬੰਦ ਦੌਰਾਨ ਕਿਸੇ ਵੀ ਥਾਂ ਤੋਂ ਕੋਈ ਅਨਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ ਅਤੇ ਕਰੀਬ ਅੱਧੇ ਦਿਨ ਤੋਂ ਵੱਧ ਤੱਕ ਇਥੇ ਰਿਹਾ ਬੰਦ ਅਮਨ-ਸ਼ਾਂਤੀ ਨਾਲ ਖਤਮ ਹੋਇਆ।

ਇਸ ਦੌਰਾਨ ਸ਼ਹਿਰ ’ਚ ਸਾਰਾ ਦਿਨ ਬਣੇ ਰਹੇ ਤਣਾਅਪੂਰਨ ਹਾਲਾਤ ਦੌਰਾਨ ਡੀ. ਆਈ. ਜੀ. ਜਲੰਧਰ ਰੇਂਜ ਸ਼੍ਰੀ ਨਵੀਨ ਸਿੰਗਲਾ, ਐੱਸ. ਐੱਸ. ਪੀ. ਕਪੂਰਥਲਾ ਸ਼੍ਰੀ ਗੌਰਵ ਤੂਰਾ, ਐੱਸ. ਪੀ. ਕਪੂਰਥਲਾ ਗੁਰਪ੍ਰੀਤ ਸਿੰਘ, ਐੱਸ. ਪੀ. ਫਗਵਾੜਾ ਸ਼੍ਰੀਮਤੀ ਮਾਧਵੀ ਸ਼ਰਮਾ, ਡੀ. ਐੱਸ. ਪੀ. ਫਗਵਾੜਾ ਭਾਰਤ ਭੂਸ਼ਣ ਸਮੇਤ ਜ਼ਿਲਾ ਕਪੂਰਥਲਾ ਦੇ ਸੀਨੀਅਰ ਪੁਲਸ ਅਧਿਕਾਰੀ ਵੱਡੀ ਪੁਲਸ ਫੋਰਸ ਨਾਲ ਸ਼ਹਿਰ ਦੀਆਂ ਸੜਕਾਂ ਅਤੇ ਬਾਜ਼ਾਰਾਂ ਆਦਿ ’ਚ ਪੁਲਸ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਅਤੇ ਗੁੱਸੇ ਨਾਲ ਭਰੇ ਲੋਕਾਂ ਨੂੰ ਇਨਸਾਫ ਦੇਣ ਦੇ ਭਰੋਸੇ ਦਿੰਦੇ ਹੋਏ ਵੇਖੇ ਗਏ।

PunjabKesari

ਸ਼ਿਵ ਸੈਨਿਕਾਂ ’ਤੇ ਹੋਏ ਕਾਤਲਾਨਾ ਹਮਲੇ ਲਈ ਜ਼ਿਲਾ ਕਪੂਰਥਲਾ ਪੁਲਸ ਜ਼ਿੰਮੇਵਾਰ: ਟੰਡਨ, ਧਨੌਲੀ
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਅਤੇ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਧਨੌਲੀ ਨੇ ਸ਼ਿਵ ਸੈਨਾ ਨੇਤਾ ਇੰਦਰਜੀਤ ਕਰਵਲ ਅਤੇ ਉਨ੍ਹਾਂ ਦੇ ਪੁੱਤਰ ਜਿੰਮੀ ਕਰਵਲ ’ਤੇ ਹੋਏ ਕਾਤਲਾਨਾ ਹਮਲੇ ਅਤੇ ਗੋਲੀਕਾਂਡ ਲਈ ਸਿੱਧੇ ਤੌਰ ’ਤੇ ਜ਼ਿਲਾ ਕਪੂਰਥਲਾ ਪੁਲਸ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਵੀ ਲਗਾਤਾਰ ਇਸ ਮਾਮਲੇ ਸਬੰਧੀ ਜ਼ਿਲਾ ਕਪੂਰਥਲਾ ਦੇ ਐੱਸ. ਐੱਸ. ਪੀ. ਸਮੇਤ ਵੱਡੇ ਪੁਲਸ ਅਫਸਰਾਂ ਨੂੰ ਜਾਣੂ ਕਰਵਾਇਆ ਜਾਂਦਾ ਰਿਹਾ ਹੈ ਪਰ ਪੁਲਸ ਨੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰਨੀ ਜ਼ਰੂਰੀ ਹੀ ਨਹੀਂ ਸਮਝੀ, ਜਿਸ ਦੇ ਸਿੱਟੇ ਵਜੋਂ ਫਗਵਾੜਾ ’ਚ ਬੀਤੀ ਰਾਤ ਇੱਥੋਂ ਦੇ ਸੰਘਣੀ ਆਬਾਦੀ ਵਾਲੇ ਗਊਸ਼ਾਲਾ ਬਾਜ਼ਾਰ ’ਚ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਸਬੰਧੀ ਸ਼ਿਵ ਸੈਨਾ ਪੰਜਾਬ ਸੂਬੇ ਦੇ ਡੀ. ਜੀ. ਪੀ. ਸ਼੍ਰੀ ਗੌਰਵ ਯਾਦਵ ਨੂੰ ਚੰਡੀਗੜ੍ਹ ਵਿਖੇ ਮਿਲ ਕੇ ਸਾਰੀ ਸੱਚਾਈ ਤੋਂ ਜਾਣੂ ਕਰਵਾਏਗੀ।

PunjabKesari

22 ਨਵੰਬਰ ਤੱਕ ਜੇਕਰ ਫਗਵਾੜਾ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ 23 ਨਵੰਬਰ ਨੂੰ ਹੋਵੇਗਾ ਕੌਮੀ ਰਾਜਮਾਰਗ ਨੰਬਰ 1 ’ਤੇ ਮੁਕੰਮਲ ਚੱਕਾ ਜਾਮ : ਸ਼ਿਵ ਸੈਨਾ ਪੰਜਾਬ
ਰਜੀਵ ਟੰਡਨ ਅਤੇ ਸੰਜੀਵ ਘਨੌਲੀ ਨੇ ਅੱਜ ਰੋਸ ਪ੍ਰਦਰਸ਼ਨ ’ਚ ਫਗਵਾੜਾ ਵਿਖੇ ਪੁੱਜੇ ਮੁਕਤਸਰ, ਮੋਗਾ, ਨਵਾਂਸ਼ਹਿਰ, ਗੁਰਦਾਸਪੁਰ, ਰੋਪੜ, ਪਟਿਆਲਾ, ਮੁਹਾਲੀ, ਲੁਧਿਆਣਾ, ਪਠਾਣਕੋਟ ਸਮੇਤ ਫਗਵਾਡ਼ਾ ਅਤੇ ਜ਼ਿਲਾ ਕਪੂਰਥਲਾ ਤੋਂ ਸ਼ਿਵ ਸੈਨਾ ਆਗੂਆਂ ਰਜੀਵ ਬੱਬਰ, ਸੰਜੇ ਸੋਨੂ, ਅਰਵਿੰਦ, ਗੌਤਮ, ਰਾਜਨ, ਮਲਿਕ, ਪਵਨ ਮਾਨ, ਸੁਮਿਤ ਡਿਸੂਜ਼ਾ, ਰੋਹਿਤ ਜੋਸ਼ੀ, ਵਿਨੇ ਅਰੋੜਾ, ਰਜੇਸ਼ ਗੋਇਲ, ਰਾਮ ਕੁਮਾਰ, ਡਾ. ਜਸਵਿੰਦਰ, ਰੋਹਿਤ ਮਹਾਜਨ, ਸਚਿਨ, ਫਗਵਾੜਾ ਤੋਂ ਰਾਜੇਸ਼ ਪਲਟਾ, ਅੰਕੁਰ ਬੇਦੀ, ਵਿਪਨ ਸ਼ਰਮਾ ਆਦਿ ਹੋਰ ਸ਼ਿਵ ਸੈਨਿਕਾਂ ਦੀ ਮੌਜੂਦਗੀ ’ਚ ਐਲਾਨ ਕਰਦੇ ਹੋਏ ਕਿਹਾ ਕਿ ਜੇਕਰ ਫਗਵਾੜਾ ਪੁਲਸ ਨੇ 22 ਨਵੰਬਰ ਤੱਕ ਗੋਲੀਕਾਂਡ ’ਚ ਸ਼ਾਮਲ ਮੁੱਖ ਦੋਸ਼ੀ ਸਮੇਤ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ 23 ਨਵੰਬਰ ਨੂੰ ਫਗਵਾੜਾ ’ਚ ਕੌਮੀ ਰਾਜਮਾਰਗ ਨੰਬਰ ਇਕ ’ਤੇ ਪੂਰੀ ਤਰ੍ਹਾਂ ਚੱਕਾ ਜਾਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਫਿਰ ਹਾਲਾਤ ਖਰਾਬ ਹੁੰਦੇ ਹਨ ਤਾਂ ਇਸ ਦੀ ਜ਼ਿੰਮੇਵਾਰੀ ਜ਼ਿਲਾ ਕਪੂਰਥਲਾ ਪੁਲਸ ਸਮੇਤ ਇੱਥੋਂ ਦੇ ਲੋਕਲ ਪੁਲਸ ਪ੍ਰਸ਼ਾਸਨ ਦੀ ਹੀ ਹੋਵੇਗੀ।

PunjabKesari

ਗੋਲੀਕਾਂਡ ’ਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ : ਡੀ. ਆਈ. ਜੀ. ਸਿੰਗਲਾ
ਰੋਸ ਪ੍ਰਦਰਸ਼ਨ ਦੌਰਾਨ ਫਗਵਾੜਾ ਦੇ ਵਸਨੀਕਾਂ, ਹਿੰਦੂ ਸੰਗਠਨਾਂ ਦੇ ਆਗੂਆਂ ਆਦਿ ਦੀ ਮੌਜੂਦਗੀ ’ਚ ਡੀ. ਆਈ. ਜੀ. ਜਲੰਧਰ ਰੇਂਜ ਸ਼੍ਰੀ ਨਵੀਨ ਸਿੰਗਲਾ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੁਲਸ ਇਸ ਮਾਮਲੇ ’ਚ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਬਤੌਰ ਡੀ. ਆਈ. ਜੀ. ਉਨ੍ਹਾਂ ਜ਼ਿਲਾ ਕਪੂਰਥਲਾ ਦੇ ਐੱਸ. ਐੱਸ. ਪੀ. ਸ਼੍ਰੀ ਗੌਰਵ ਤੂਰਾ, ਐੱਸ. ਪੀ. ਫਗਵਾੜਾ ਸ਼੍ਰੀਮਤੀ ਮਾਧਵੀ ਸ਼ਰਮਾ ਸਮੇਤ ਸਬੰਧਤ ਪੁਲਸ ਅਧਿਕਾਰੀਆਂ ਨੂੰ ਇਹ ਹੁਕਮ ਜਾਰੀ ਕੀਤੇ ਹਨ ਕਿ ਇਸ ਮਾਮਲੇ ’ਚ ਦੋਸ਼ੀਆਂ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਨੂੰ ਯਕੀਨੀ ਬਣਾਉਣ ਤਾਂ ਜੋਂ ਮੁੜ ਇਹੋ ਜਿਹੀ ਮੰਦਭਾਗੀ ਘਟਨਾ ਫਗਵਾੜਾ ’ਚ ਨਾ ਵਾਪਰੇ। ਇਸ ਲਈ ਕਾਨੂੰਨ ਵਿਵਸਥਾ ਨੂੰ ਹਰ ਪੱਖੋਂ ਮਜ਼ਬੂਤ ਕੀਤਾ ਜਾਵੇ। ਡੀ. ਆਈ. ਜੀ. ਸਿੰਗਲਾ ਨੇ ਕਿਹਾ ਕਿ ਫਗਵਾੜਾ ਸਮੇਤ ਪੂਰੇ ਸੂਬੇ ’ਚ ਖਾਸ ਕਰ ਕੇ ਜਲੰਧਰ ਰੇਂਜ ’ਚ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਹਰ ਪੱਖੋਂ ਯਕੀਨੀ ਬਣਾਉਣ ਲਈ ਪੁਲਸ ਵਚਨਬੱਧ ਹੈ।
 


author

Inder Prajapati

Content Editor

Related News