ਵਰਲਡ ਬੈਂਕ ''ਚ ਪਾਕਿ ਨੇ ਫਿਰ ਕੀਤੀ ਭਾਰਤ ਦੀ ਸ਼ਿਕਾਇਤ

04/05/2018 4:23:47 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਇਕ ਵਾਰੀ ਫਿਰ ਭਾਰਤ ਦੀ ਸ਼ਿਕਾਇਤ ਲੈ ਕੇ ਵਰਲਡ ਬੈਂਕ ਪਹੁੰਚ ਗਿਆ ਹੈ। ਪਾਕਿਸਤਾਨ ਨੇ ਵਿਸ਼ਵ ਬੈਂਕ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਸਿੰਧੂ ਨਦੀ ਜਲ ਸਮਝੌਤੇ ਨੂੰ ਨਜ਼ਰ ਅੰਦਾਜ਼ ਕਰ ਕੇ ਭਾਰਤ ਨੇ ਕਿਸ਼ਨ ਗੰਗਾ ਹਾਈਡ੍ਰੋਪਾਵਰ ਪ੍ਰੋਜੈਕਟ ਪੂਰਾ ਕੀਤਾ ਹੈ। ਦੱਸਣਯੋਗ ਹੈ ਕਿ ਪਾਕਿਸਤਾਨ ਨੇ ਭਾਰਤ ਨਾਲ ਜਲ ਵੰਡ ਸਮਝੌਤਿਆਂ ਨੂੰ ਲੈ ਕੇ ਵਰਲਡ ਬੈਂਕ ਨੂੰ ਵਿਚੋਲਾ ਬਣਾਇਆ ਸੀ। ਪਾਕਿਸਤਾਨ ਵਰਲਡ ਬੈਂਕ ਦੇ ਸਾਹਮਣੇ ਜੰਮੂ ਕਸ਼ਮੀਰ ਵਿਚ ਭਾਰਤ ਦੇ ਕਿਸ਼ਨਗੰਗਾ ਅਤੇ ਰਾਟਲੇ ਪਣਬਿਜਲੀ ਪ੍ਰੋਜੈਕਟਾਂ ਦਾ ਮੁੱਦਾ ਕਈ ਵਾਰੀ ਉਠਾ ਚੁੱਕਿਆ ਹੈ। ਪਾਕਿਸਤਾਨ ਨੇ ਰਾਤਲੇ, ਕਿਸ਼ਨਗੰਗਾ ਸਮੇਤ ਭਾਰਤ ਵੱਲੋਂ ਬਣਾਏ ਜਾ ਰਹੇ ਪੰਜ ਪਣ ਬਿਜਲੀ ਪ੍ਰੋਜੈਕਟਾਂ ਦੇ ਡਿਜ਼ਾਈਨ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ ਅਤੇ ਵਰਲਡ ਬੈਂਕ ਨੂੰ ਕਿਹਾ ਸੀ ਕਿ ਇਹ ਡਿਜ਼ਾਈਨ ਸਿੰਧੂ ਜਲ ਸਮਝੌਤੇ ਦੀ ਉਲੰਘਣਾ ਕਰਦੇ ਹਨ। ਇਨ੍ਹਾਂ ਪ੍ਰੋਜੈਕਟਾਂ ਨੂੰ ਲੈ ਕੇ ਪਾਕਿਸਤਾਨ ਨੇ ਸਾਲ 2016 ਵਿਚ ਵਿਸ਼ਵ ਬੈਂਕ ਨੂੰ ਸ਼ਿਕਾਇਤ ਕਰ ਕੇ ਪੰਚਾਟ ਦੇ ਗਠਨ ਦੀ ਮੰਗ ਕੀਤੀ ਸੀ।
ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਇਕ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਦੇ ਊਰਜਾ ਮੰਤਰਾਲੇ ਦੇ ਪਾਵਰ ਡਿਵੀਜ਼ਨ ਨੇ ਇਸ ਹਫਤੇ ਵਰਲਡ ਬੈਂਕ ਦੇ ਉਪ ਪ੍ਰਧਾਨ ਨੂੰ ਤਾਜ਼ਾ ਸ਼ਿਕਾਇਤ ਭੇਜ ਕੇ ਕਿਹਾ ਹੈ ਕਿ ਉਹ ਯਕੀਨੀ ਰਕੇ ਕਿ ਭਾਰਤ ਸਾਲ1960 ਦੇ ਸਮਮਝੌਤੇ ਦਾ ਪਾਲਣ ਕਰ ਰਿਹਾ ਹੈ ਜਾਂ ਨਹੀਂ। ਅਧਿਕਾਰੀ ਮੁਤਾਬਕ ਇਹ ਸ਼ਿਕਾਇਤ ਪੱਤਰ ਵਾਸ਼ਿੰਗਟਨ ਸਥਿਤ ਬੈਂਕ ਦੇ ਦਫਤਰ ਪਹੁੰਚ ਚੁੱਕਾ ਹੈ ਅਤੇ ਉਪ ਪ੍ਰਧਾਨ ਨੂੰ ਮਿਲ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਵਰਲਡ ਬੈਂਕ ਵੱਲੋਂ ਪੰਚਾਟ ਦੇ ਗਠਨ ਦੀ ਪ੍ਰਕਿਰਿਆ ਦੌਰਾਨ ਭਾਰਤ ਨੇ ਕਿਸ਼ਨਗੰਗਾ ਪ੍ਰਜੈਕਟ ਪੂਰਾ ਕਰ ਲਿਆ ਹੈ। ਪਾਕਿਸਤਾਨ ਨੇ ਚਿਨਾਬ ਅਤੇ ਨੀਲਮ ਨਦੀ 'ਤੇ ਰਾਤਲੇ ਅਤੇ ਕਿਸ਼ਨਗੰਗਾ ਜਲ ਬਿਜਲੀ ਪ੍ਰੋਜੈਕਟ ਨੂੰ ਲੈ ਕੇ ਵਿਵਾਦਾਂ ਦੇ ਹੱਲ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿਚ ਪਾਕਿਸਤਾਨੀ ਸਰਕਾਰ ਦੇ ਅਗਲੇ ਕਦਮ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਅਧਿਕਾਰੀ ਨੇ ਕਿਹਾ ਕਿ ਸਰਕਾਰ ਹੱਥ 'ਤੇ ਹੱਥ ਰੱਖ ਕੇ ਨਹੀਂ ਬੈਠੇਗੀ ਅਤੇ ਇਸ ਮਾਮਲੇ ਨੂੰ ਨਤੀਜੇ ਤੱਕ ਲੈ ਜਾਵੇਗੀ। ਰਿਪੋਰਟ ਮੁਤਾਬਕ ਪਾਕਿਸਤਾਨੀ ਵਫਦ ਨੂੰ ਭਾਰਤ ਵਿਚ ਕਿਸ਼ਨਗੰਗਾ ਸਮੇਤ ਕਈ ਪ੍ਰੋਜੈਕਟਾਂ ਦੀ ਜਾਂਚ ਕਰਨ ਦੀ ਇਜਾਜ਼ਤ ਨਾ ਮਿਲਣ ਦੇ ਬਾਅਦ ਪਾਕਿਸਤਾਨ ਨੇ ਵਰਲਡ ਬੈਂਕ ਨੂੰ ਚਿੱਠੀ ਭੇਜੀ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਇਹ ਪ੍ਰੋਜੈਕਟ ਭਾਰਤ ਨਾਲ ਹੋਏ ਸਿੰਧੂ ਜਲ ਸਮਝੌਤੇ ਦੇ ਮੁਤਾਬਕ ਨਹੀਂ ਹਨ। ਜਦਕਿ ਭਾਰਤ ਦਾ ਕਹਿਣਾ ਹੈ ਕਿ ਇਹ ਪ੍ਰੋਜੈਕਟ ਸਮਝੌਤੇ ਦੀ ਉਲੰਘਣਾ ਨਹੀਂ ਕਰਦੇ ਅਤੇ ਜਾਂਚ ਲਈ ਵਰਲਡ ਬੈਂਕ ਨੂੰ ਇਕ ਨਿਰਪੱਖ ਮਾਹਰ ਨਿਯੁਕਤ ਕਰਨਾ ਚਾਹੀਦਾ ਹੈ।


Related News