ਕੈਨੇਡਾ ''ਤੇ ਕੋਰੋਨਾ ਦੀ ਮਾਰ, ਸਿਰਫ ਇਕੋ ਮਹੀਨੇ ''ਚ 10 ਲੱਖ ਕੈਨੇਡੀਅਨਾਂ ਨੇ ਗੁਆਈ ਨੌਕਰੀ
Friday, Apr 10, 2020 - 06:31 PM (IST)
ਓਟਾਵਾ(ਆਈ.ਏ.ਐਨ.ਐਸ.)- ਕੋਰੋਨਾਵਾਇਰਸ ਕਾਰਣ ਦੁਨੀਆ ਭਰ ਵਿਚ ਆਰਥਿਕ ਮੰਦੀ ਦਾ ਖਤਰਾ ਮੰਡਰਾ ਰਿਹਾ ਹੈ। ਕੋਰੋਨਾਵਾਇਰਸ ਮਹਾਮਾਰੀ ਨਾਲ ਲੜ ਰਹੇ ਕੈਨੇਡਾ ਵਿਚ ਲਾਕਡਾਊਨ ਕਾਰਣ 10 ਲੱਖ ਤੋਂ ਵਧੇਰੇ ਕੈਨੇਡੀਅਨਾਂ ਦੀ ਨੌਕਰੀ ਖੁਸ ਗਈ ਹੈ। ਇਸ ਦੀ ਜਾਣਕਾਰੀ ਬੀਬੀਸੀ ਨਿਊਜ਼ ਏਜੰਸੀ ਵਲੋਂ ਦਿੱਤੀ ਗਈ ਹੈ।
ਬੀਬੀਸੀ ਮੁਤਾਬਕ ਅੰਕੜਿਆਂ, ਜਿਹਨਾਂ ਦੀ ਸ਼ੁਰੂਆਤ 1976 ਵਿਚ ਕੀਤੀ ਗਈ ਸੀ, ਮੁਤਾਬਕ ਇਕ ਮਹੀਨੇ ਵਿਚ ਸਭ ਤੋਂ ਵਧੇਰੇ ਨੌਕਰੀਆਂ ਦੇ ਨੁਕਸਾਨ ਦੀ ਗੱਲ ਕਹੀ ਗਈ ਹੈ। ਇਹ ਅੰਕੜੇ ਸਟੈਟਿਸਟਿਕਸ ਕੈਨੇਡਾ ਵਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਾਰਚ ਦੇ ਅਖੀਰ ਵਿਚ ਲੇਬਰ ਮਾਰਕੀਟ ਵਿਚ ਕੋਈ ਕੰਮ ਨਹੀਂ ਹੋਇਆ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਦੇਸ਼ ਭਰ ਵਿਚ 10,11,000 ਨੌਕਰੀਆਂ ਖੁਸ ਗਈਆਂ ਹਨ ਤੇ ਬੇਰੁਜ਼ਗਾਰੀ ਦੀ ਦਰ 2.2 ਫੀਸਦੀ ਵਧ ਕੇ 7.8 ਫੀਸਦੀ ਹੋ ਗਈ ਹੈ, ਜੋ ਕਿ ਫਰਵਰੀ ਮਹੀਨੇ 5.6 ਫੀਸਦੀ ਸੀ। ਬੀਬੀਸੀ ਨੇ ਏਜੰਸੀ ਦੇ ਹਵਾਲੇ ਨਾਲ ਕਿਹਾ ਕਿ 15-21 ਮਾਰਚ ਦੇ ਵਿਚਕਾਰ, ਲਗਭਗ 13 ਲੱਖ ਲੋਕ ਕੋਵਿਡ-19 ਕਾਰਣ ਕੰਮ 'ਤੇ ਨਹੀਂ ਗਏ। ਇਸ ਤੋਂ ਇਲਾਵਾ ਫੁੱਲ ਟਾਈਮ ਵਰਕ ਵਾਲਿਆਂ ਵਿਚੋਂ 8,00,000 ਲੋਕਾਂ ਨੂੰ ਸਿਰਫ ਅੱਧੇ ਦਿਨ ਦਾ ਹੀ ਕੰਮ ਮਿਲਿਆ।
ਜੇਕਰ ਇਹਨਾਂ ਸਾਰੇ ਅੰਕੜਿਆਂ ਨੂੰ ਇਕੱਠਾ ਕੀਤਾ ਜਾਵੇ ਤਾਂ ਇਸ ਮਹਾਮਾਰੀ ਨਾਲ ਤਕਰੀਬਨ 31 ਲੱਖ ਲੋਕ ਪ੍ਰਭਾਵਿਤ ਹੋਏ ਹਨ, ਜਿਹਨਾਂ ਨੇ ਆਪਣੀ ਨੌਕਰੀ ਜਾਂ ਤਾਂ ਗੁਆ ਲਈ ਜਾਂ ਉਹਨਾਂ ਦੇ ਕੰਮ ਦਾ ਸਮਾਂ ਪ੍ਰਭਾਵਿਤ ਹੋਇਆ। ਦੇਸ਼ ਅਪ੍ਰੈਲ 1997 ਤੋਂ ਬਾਅਦ ਹੁਣ ਸਭ ਤੋਂ ਘੱਟ ਰੁਜ਼ਗਾਰ ਦਰ 'ਤੇ ਆ ਗਿਆ ਹੈ।
ਨਵੇਂ ਅੰਕੜੇ ਜਾਰੀ ਹੋਣ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਅੰਕੜੇ ਡਿੱਗਣਾ ਇਸ ਵੇਲੇ ਹੈਰਾਨੀ ਦੀ ਗੱਲ ਨਹੀਂ ਹੈ। ਟਰੂਡੋ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਸੀ ਕਿ ਇਹ ਔਖਾ ਸਮਾਂ ਹੈ। ਵਿਸ਼ਵਵਿਆਪੀ ਮਹਾਮਾਰੀ ਦੇ ਨਤੀਜੇ ਵਜੋਂ ਦੂਜੇ ਦੇਸ਼ ਵੀ ਅਜਿਹੀਆਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਵਾਇਰਸ ਦੀ ਪਹਿਲੀ ਲਹਿਰ ਲੰਘਣ ਤੋਂ ਬਾਅਦ ਗਰਮੀਆਂ ਵਿਚ ਕੁਝ ਅਦਾਰਿਆਂ ਦੇ ਖੁੱਲ੍ਹਣ ਦੀ ਉਮੀਦ ਕਰ ਸਕਦੇ ਹਾਂ। ਜ਼ਿਕਰਯੋਗ ਹੈ ਕਿ ਵਾਸ਼ਿੰਗਟਨ ਸਥਿਤ ਜਾਨ ਹਾਪਕਿੰਗਸ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਕੈਨੇਡਾ ਵਿਚ 19,290 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿਚੋਂ 436 ਲੋਕਾਂ ਨੇ ਆਪਣੀ ਜਾਨ ਗੁਆਈ ਹੈ।