ਓਪੇਕ ਦੇਸ਼ਾਂ ਵਿਚਕਾਰ ਖਿੱਚੋਤਾਨ, ਈਰਾਨ ਦੇ ਪੈਟਰੋਲੀਅਮ ਮੰਤਰੀ ਨੇ ਬੈਠਕ ਛੱਡੀ

06/22/2018 12:51:52 PM

ਵਿਅਨਾ— ਈਰਾਨ ਦੇ ਪੈਟਰੋਲੀਅਮ ਮੰਤਰੀ ਤੇਲ ਨਿਰਯਾਤਕ ਦੇਸ਼ਾਂ ਦੇ ਸੰਗਠਨ (ਓਪੇਕ) ਦੀ ਬੈਠਕ ਛੱਡ ਕੇ ਬਾਹਰ ਚਲੇ ਗਏ। ਦਰਅਸਲ ਸਾਊਦੀ ਅਰਬ ਓਪੇਕ ਦੇਸ਼ਾਂ 'ਤੇ ਕੱਚੇ ਤੇਲ ਦਾ ਉਤਪਾਦਨ ਵਧਾਉਣ 'ਤੇ ਜ਼ੋਰ ਦੇ ਰਿਹਾ ਹੈ, ਜਿਸ ਦੇ ਚਲਦੇ ਦੋਵਾਂ ਦੇਸ਼ਾਂ ਵਿਚਕਾਰ ਖਿੱਚੋਤਾਨ ਵਧ ਗਈ ਹੈ। ਓਪੇਕ ਬੈਠਕ ਦੀ ਬੀਤੀ ਸ਼ਾਮ 'ਤੇ ਆਯੋਜਿਤ ਮੰਤਰੀਆਂ ਦੇ ਸਮੂਹ ਨੇ ਤੇਲ ਉਤਪਾਦਨ ਵਧਾਉਣ ਨੂੰ ਲੈ ਕੇ ਚਰਚਾ ਕੀਤੀ। ਇਸ ਤੋਂ ਬਾਅਦ ਈਰਾਨ ਦੇ ਪੈਟਰੋਲੀਅਮ ਮੰਤਰੀ ਬਿਜਾਨ ਨਾਮਾਦਰ ਜੰਗਾਨੇਹ ਨੇ ਪੱਤਰਕਾਰਾਂ ਨੂੰ ਕਿਹਾ, 'ਮੈਨੂੰ ਨਹੀਂ ਲੱਗਦਾ ਹੈ ਕਿ ਅਸੀਂ ਕਿਸੇ ਸਮਝੌਤੇ ਤੱਕ ਪਹੁੰਚ ਸਕਦੇ ਹਾਂ।'
ਇਸ ਵਾਰਤਾ ਨੂੰ ਓਪੇਕ ਬੈਠਕ ਦੀ ਤਿਆਰੀ ਦੇ ਰੂਪ ਵਿਚ ਦੇਖਿਆ ਜਾ ਰਿਹਾ ਸੀ। 14 ਮੈਂਬਰੀ ਓਪੇਕ ਦੇਸ਼ਾਂ ਵਿਚਕਾਰ ਅੱਜ ਬੈਠਕ ਹੋਣੀ ਹੈ। ਬੈਠਕ ਵਿਚ ਕੱਚੇ ਤੇਲ ਦੀ ਸਪਲਾਈ ਵਧਾਉਣ 'ਤੇ ਚਰਚਾ ਹੋਣ ਦੀ ਉਮੀਦ ਹੈ। ਜਨਵਰੀ 2017 ਤੋਂ ਉਤਪਾਦਨ ਵਿਚ ਕਟੌਤੀ ਜਾਰੀ ਹੈ ਪਰ ਹੁਣ ਸਾਊਦੀ ਅਰਬ ਨੇ ਕੱਚੇ ਤੇਲ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਉਤਪਾਦਨ ਵਧਾਉਣ ਦੀ ਵਕਾਲਤ ਕੀਤੀ ਹੈ। ਇਸ ਮਾਮਲੇ ਵਿਚ ਰੂਸ ਸਾਊਦੀ ਅਰਬ ਦਾ ਸਮਰਥਨ ਕਰ ਰਿਹਾ ਹੈ। ਹਾਲਾਂਕਿ ਉਤਪਾਦਨ ਵਧਾਉਣ ਦੇ ਪ੍ਰਸਤਾਵ ਦਾ ਈਰਾਨ, ਇਰਾਕ ਅਤੇ ਵੈਨੇਜ਼ੁਏਲਾ ਨੇ ਵਿਰੋਧ ਕੀਤਾ ਹੈ। ਇਨ੍ਹਾਂ ਦੇਸ਼ਾਂ ਨੂੰ ਲੱਗਦਾ ਹੈ ਕਿ ਤੁਰੰਤ ਉਤਪਾਦਨ ਵਧਾਉਣ ਨਾਲ ਇਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਅਤੇ ਇਨ੍ਹਾਂ ਦੀ ਬਾਜ਼ਾਰ ਹਿੱਸੇਦਾਰੀ ਅਤੇ ਮਾਲੀਏ ਦਾ ਨੁਕਸਾਨ ਹੋਣ ਦਾ ਡਰ ਹੈ।


Related News