ਹੜ੍ਹ ਕਾਰਨ ਨਾ ਵਿਗੜੇ ਹਾਲਾਤ ਇਸ ਲਈ ਐਕਸ਼ਨ ''ਚ ਅਮਿਤ ਸ਼ਾਹ, ਅਧਿਕਾਰੀਆਂ ਨੇ ਕੀਤੀ ਅਹਿਮ ਬੈਠਕ
Sunday, Jun 23, 2024 - 03:27 PM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਨਸੂਨ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੜ੍ਹ ਆਉਣ ਦੀ ਸਥਿਤੀ 'ਚ ਉਸ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਐਤਵਾਰ ਨੂੰ ਸਮੀਖਿਆ ਕੀਤੀ। ਹਰ ਸਾਲ ਮਾਨਸੂਨ 'ਚ ਮੀਂਹ ਕਾਰਨ ਵੱਖ-ਵੱਖ ਨਦੀਆਂ ਦੇ ਪਾਣੀ ਦਾ ਪੱਧਰ ਵਧਣ ਕਾਰਨ ਬਿਹਾਰ, ਆਸਾਮ ਅਤੇ ਹੋਰ ਪੂਰਬ-ਉੱਤਰ ਸੂਬਿਆਂ ਦੇ ਵੱਡੇ ਹਿੱਸਿਆਂ 'ਚ ਪਾਣੀ ਭਰ ਜਾਂਦਾ ਹੈ। ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ,''ਗ੍ਰਹਿ ਮੰਤਰੀ ਨੇ ਇੱਥੇ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ ਅਤੇ ਦੇਸ਼ 'ਚ ਹੜ੍ਹ ਪ੍ਰਬੰਧਨ ਲਈ ਤਿਆਰੀਆਂ ਦੀ ਸਮੀਖਿਆ ਕੀਤੀ।'' ਉੱਤਰਾਖੰਡ, ਹਿਮਾਚਲ ਪ੍ਰਦੇਸ਼, ਸਿੱਕਮ ਅਤੇ ਕੁਝ ਹੋਰ ਸੂਬਿਆਂ ਨੂੰ ਵੀ ਮਾਨਸੂਨ ਦੌਰਾਨ ਜ਼ਮੀਨ ਖਿਸਕਣ ਅਤੇ ਮੀਂਹ ਨਾਲ ਜੁੜੀਆਂ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਪਿਛਲੇ ਕੁਝ ਸਾਲਾਂ 'ਚ ਤਾਮਿਲਨਾਡੂ, ਕੇਰਲ ਅਤੇ ਜੰਮੂ ਕਸ਼ਮੀਰ 'ਚ ਵੀ ਹੜ੍ਹ ਆਇਆ ਹੈ।
ਕੇਂਦਰੀ ਜਲ ਸ਼ਕਤੀ ਮੰਤਰੀ ਸੀ. ਆਰ. ਪਾਟਿਲ, ਗ੍ਰਹਿ ਰਾਜ ਮੰਤਰੀ ਮੰਤਰੀ ਨਿਤਿਆਨੰਦ ਰਾਏ, ਵੱਖ-ਵੱਖ ਮੰਤਰਾਲਿਆਂ ਅਤੇ ਗ੍ਰਹਿ, ਜਲ ਸਰੋਤ, ਨਦੀ ਵਿਕਾਸ, ਧਰਤੀ ਵਿਗਿਆਨ, ਵਾਤਾਵਰਣ, ਸੜਕ ਟਰਾਂਸਪੋਰਟ ਵਿਭਾਗਾਂ ਦੇ ਸਕੱਤਰ, ਰੇਲਵੇ ਬੋਰਡ ਦੇ ਚੇਅਰਮੈਨ ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨ.ਡੀ.ਐੱਮ.ਏ.) ਦੇ ਅਧਿਕਾਰੀ ਵੀ ਬੈਠਕ 'ਚ ਸ਼ਾਮਲ ਹੋਏ। ਅਧਿਕਾਰੀਆਂ ਅਨੁਸਾਰ ਅਜੇ ਆਸਾਮ 'ਚ ਹੜ੍ਹ ਨਾਲ 10 ਜ਼ਿਲ੍ਹਿਆਂ 'ਚ 1.17 ਲੱਖ ਲੋਕ ਪ੍ਰਭਾਵਿਤ ਹਨ। ਆਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਹੜ੍ਹ ਨਾਲ ਇਨ੍ਹਾਂ ਜ਼ਿਲ੍ਹਿਆਂ ਦੇ 27 ਮਾਲ ਮੰਡਲ ਦੇ 968 ਪਿੰਡ ਪਾਣੀ ਨਾਲ ਭਰ ਗਏ ਹਨ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੇ ਅਜੇ 134 ਰਾਹਤ ਕੈਂਪ ਅਤੇ 94 ਰਾਹਤ ਵੰਡ ਕੇਂਦਰ ਸਥਾਪਤ ਕੀਤੇ ਹਨ, ਜਿੱਥੇ ਕੁੱਲ 17,661 ਲੋਕਾਂ ਨੇ ਸ਼ਰਨ ਲਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ 'ਚ ਇਸ ਸਾਲ ਹੜ੍ਹ, ਜ਼ਮੀਨ ਖਿਸਕਣ ਅਤੇ ਤੂਫ਼ਾਨ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ 37 ਹੋ ਗਈ ਹੈ, ਜਦੋਂ ਕਿ ਇਕ ਵਿਅਕਤੀ ਲਾਪਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e