ਅਫਗਾਨਿਸਤਾਨ ''ਚ 10 ਸਾਲਾਂ ਦੇ ਸੰਘਰਸ਼ ''ਚ ਮਾਰੇ ਗਏ ਹਜ਼ਾਰਾਂ ਲੋਕ: ਯੂ.ਐਨ.
Saturday, Feb 22, 2020 - 12:52 PM (IST)

ਕਾਬੁਲ- ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਯੁੱਧਗ੍ਰਸਤ ਅਫਗਾਨਿਸਤਾਨ ਵਿਚ ਪਿਛਲੇ 10 ਸਾਲਾਂ ਵਿਚ ਇਕ ਲੱਖ ਤੋਂ ਵਧੇਰੇ ਲੋਕ ਮਾਰੇ ਗਏ ਜਾਂ ਜ਼ਖਮੀ ਹੋਏ ਹਨ। ਅੰਤਰਰਾਸ਼ਟਰੀ ਸੰਸਥਾ ਨੇ 10 ਸਾਲ ਪਹਿਲਾਂ ਜੰਗ ਪੀੜਤਾਂ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ ਸੀ।
ਅਫਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਵਲੋਂ ਸ਼ਨੀਵਾਰ ਨੂੰ ਇਹ ਰਿਪੋਰਟ ਅਜਿਹੇ ਵੇਲੇ ਵਿਚ ਜਾਰੀ ਕੀਤੀ ਗਈ ਜਦੋਂ ਅਮਰੀਕਾ ਤੇ ਤਾਲਿਬਾਨ ਦੇ ਵਿਚਾਲੇ ਹਿੰਸਾ ਘੱਟ ਕਰਨ ਨੂੰ ਲੈ ਕੇ ਸੱਤ ਦਿਨ ਦਾ ਸਮਝੌਤਾ ਪ੍ਰਭਾਵੀ ਹੋਇਆ ਹੈ। ਇਸੇ ਦੇ ਨਾਲ 29 ਫਰਵਰੀ ਨੂੰ ਸ਼ਾਂਤੀ ਸਮਝੌਤੇ 'ਤੇ ਦਸਤਖਤ ਕੀਤੇ ਜਾਣ ਦਾ ਰਸਤਾ ਸਾਫ ਹੋ ਗਿਆ ਹੈ, ਜਿਸ ਦੇ ਬਾਰੇ ਅਮਰੀਕਾ ਨੂੰ ਉਮੀਦ ਹੈ ਕਿ ਇਸ ਨਾਲ ਸਭ ਤੋਂ ਲੰਬੀ ਚੱਲੀ ਜੰਗ ਖਤਮ ਹੋ ਜਾਵੇਗੀ। ਅਮਰੀਕੀ ਫੌਜੀ ਘਰ ਪਰਤਣਗੇ ਤੇ ਯੁੱਧਗ੍ਰਸਤ ਅਫਗਾਨ ਆਪਣੇ ਦੇਸ਼ ਦੇ ਭਵਿੱਖ 'ਤੇ ਚਰਚਾ ਸ਼ੁਰੂ ਕਰੇਗਾ। ਅਫਗਾਨਿਸਤਾਨ ਦੇ ਲਈ ਜਨਰਲ ਸਕੱਤਰ ਦੇ ਵਿਸ਼ੇਸ਼ ਪ੍ਰਤੀਨਿਧ ਤਾਦਮਿਚੀ ਯਾਮਾਮੋਤੋ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਕੋਈ ਅਜਿਹਾ ਆਮ ਨਾਗਰਿਕ ਨਹੀਂ ਹੈ, ਜੋ ਜਾਰੀ ਹਿੰਸਾ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਭਾਵਿਤ ਨਾ ਹੋਇਆ ਹੋਵੇ।